ਅਮਰੀਕਾ ਪਹੁੰਚਣ ਤੋਂ ਪਹਿਲਾਂ 2 ਭਾਰਤੀਆਂ ਦੀ ਮੌਤ
ਡੌਨਲਡ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਗੈਰਕਾਨੂੰਨੀ ਪ੍ਰਵਾਸੀਆਂ ਦਾ ਅਮਰੀਕਾ ਵਿਚ ਦਾਖਲਾ ਤਕਰੀਬਨ ਬੰਦ ਹੋ ਚੁੱਕਾ ਅਤੇ ਦੱਖਣੀ ਅਮਰੀਕਾ ਦੇ ਮੁਲਕਾਂ ਵਿਚ ਫਸੇ ਲੋਕ ਡੂੰਘੀਆਂ ਮੁਸ਼ਕਲਾਂ ਵਿਚ ਘਿਰ ਚੁੱਕੇ ਹਨ।

ਅਹਿਮਦਾਬਾਦ : ਡੌਨਲਡ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਗੈਰਕਾਨੂੰਨੀ ਪ੍ਰਵਾਸੀਆਂ ਦਾ ਅਮਰੀਕਾ ਵਿਚ ਦਾਖਲਾ ਤਕਰੀਬਨ ਬੰਦ ਹੋ ਚੁੱਕਾ ਅਤੇ ਦੱਖਣੀ ਅਮਰੀਕਾ ਦੇ ਮੁਲਕਾਂ ਵਿਚ ਫਸੇ ਲੋਕ ਡੂੰਘੀਆਂ ਮੁਸ਼ਕਲਾਂ ਵਿਚ ਘਿਰ ਚੁੱਕੇ ਹਨ। ਡੌਂਕੀ ਰੂਟ ਰਾਹੀਂ ਅਮਰੀਕਾ ਵੱਲ ਰਵਾਨਾ ਹੋਏ ਦੋ ਭਾਰਤੀਆਂ ਨਾਲ ਅਣਹੋਣੀ ਵਾਪਰਨ ਦੀ ਰਿਪੋਰਟ ਹੈ ਜਿਨ੍ਹਾਂ ਵਿਚੋਂ ਇਕ ਦੀ ਸ਼ਨਾਖਤ ਗੁਜਰਾਤ ਦੇ ਸਾਬਰਕੰਠਾ ਜ਼ਿਲ੍ਹੇ ਦੇ ਪਿੰਡ ਮੋਯਾਦ ਨਾਲ ਸਬੰਧਤ ਦਲੀਪ ਪਟੇਲ ਵਜੋਂ ਕੀਤੀ ਗਈ ਹੈ। ਦਲੀਪ ਪਟੇਲ ਆਪਣੀ ਪਤਨੀ ਅਤੇ ਬੱਚੇ ਨਾਲ ਅਮਰੀਕਾ ਵੱਲ ਰਵਾਨਾ ਹੋਇਆ ਅਤੇ ਇਸ ਵੇਲੇ ਨਿਕਾਰਾਗੁਆ ਵਿਖੇ ਫਸਿਆ ਹੋਇਆ ਸੀ। ਡਾਇਬਟੀਜ਼ ਦੇ ਮਰੀਜ਼ ਦਲੀਪ ਪਟੇਲ ਦੀ ਦਵਾਈ ਖਤਮ ਹੋ ਗਈ ਅਤੇ ਉਹ ਕੋਮਾ ਵਿਚ ਚਲਾ ਗਿਆ।
ਟਰੰਪ ਦੀ ਸਖਤੀ ਕਾਰਨ ਰਾਹ ਵਿਚ ਦਮ ਤੋੜਨ ਲੱਗੇ ਪ੍ਰਵਾਸੀ
ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਆਖਰਕਾਰ ਦਲੀਪ ਪਟੇਲ ਨੇ ਦਮ ਤੋੜ ਦਿਤਾ। ਪਿੰਡ ਦੇ ਸਰਪੰਚ ਧਨਰਾਜ ਸਿੰਘ ਰਾਠੌੜ ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਦਲੀਪ ਪਟੇਲ ਦੀ ਦੇਹ ਵਾਪਸ ਲਿਆਉਣ ਅਤੇ ਉਸ ਦੀ ਪਤਨੀ ਤੇ ਬੱਚੇ ਦੀ ਸੁਰੱਖਿਅਤ ਵਾਪਸੀ ਦੇ ਪ੍ਰਬੰਧ ਕੀਤੇ ਜਾਣ। ਦੱਸਿਆ ਜਾ ਰਿਹਾ ਹੈ ਕਿ ਦਲੀਪ ਪਟੇਲ ਤੋਂ ਏਜੰਟ ਨੇ ਇਕ ਕਰੋੜ ਰੁਪਏ ਦੀ ਮੰਗ ਕੀਤੀ ਅਤੇ ਤਿੰਨ ਜਣਿਆਂ ਨੂੰ ਅਮਰੀਕਾ ਪਹੁੰਚਾਉਣ ਦਾ ਸੌਦਾ 70 ਲੱਖ ਵਿਚ ਤੈਅ ਹੋ ਗਿਆ। ਏਜੰਟ ਨੇ ਦਲੀਪ ਪਟੇਲ ਅਤੇ ਉਸ ਦੇ ਪਰਵਾਰ ਨੂੰ ਪਹਿਲਾਂ ਦੁਬਈ ਭੇਜਿਆ ਅਤੇ ਫਿਰ ਵੱਖ ਵੱਖ ਮੁਲਕਾਂ ਤੋਂ ਹੁੰਦਾ ਹੋਇਆ ਉਹ ਨਿਕਾਰਾਗੁਆ ਪੁੱਜ ਗਿਆ ਪਰ ਇਸੇ ਦੌਰਾਨ ਟਰੰਪ ਚੋਣਾਂ ਜਿੱਤ ਗਏ ਅਤੇ ਅਮਰੀਕਾ ਵਿਚ ਹਾਲਾਤ ਤੇਜ਼ੀ ਨਾਲ ਬਦਲਣ ਲੱਗੇ।
ਗੁਜਰਾਤ ਦੇ ਦਲੀਪ ਪਟੇਲ ਵਜੋਂ ਹੋਈ ਸ਼ਨਾਖਤ
ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੇ ਵਿਜ਼ਟਰ ਵੀਜ਼ਾ ’ਤੇ ਪੁੱਜਣ ਵਾਲਿਆਂ ਨੂੰ ਘੰਟਿਆਂਬੱਧੀ ਸਵਾਲ ਕੀਤੇ ਜਾਂਦੇ ਹਨ ਅਤੇ ਮਾਮੂਲੀ ਸ਼ੱਕ ਹੋਣ ’ਤੇ ਵਾਪਸੀ ਦਾ ਜਹਾਜ਼ ਚਾੜ੍ਹ ਦਿਤਾ ਜਾਂਦਾ ਹੈ। ਬੀਤੇ ਦਿਨੀਂ ਪਾਕਿਸਤਾਨ ਦੇ ਡਿਪਲੋਮੈਟ ਨੂੰ ਵੀਜ਼ਾ ਹੋਣ ਦੇ ਬਾਵਜੂਦ ਲੌਸ ਐਂਜਲਸ ਹਵਾਈ ਅੱਡੇ ਤੋਂ ਡਿਪੋਰਟ ਕਰ ਦਿਤਾ ਗਿਆ।