Begin typing your search above and press return to search.

America ਤੋਂ deport ਹੋਣਗੇ 2 ਭਾਰਤੀ ਨੌਜਵਾਨ

ਅਮਰੀਕਾ ਦੇ ਵਿਸਕੌਨਸਿਨ ਸੂਬੇ ਵਿਚ ਇਕ ਬਜ਼ੁਰਗ ਔਰਤ ਨਾਲ ਹਜ਼ਾਰਾਂ ਡਾਲਰ ਦਾ ਫਰੌਡ ਕਰਨ ਦੇ ਦੋਸ਼ ਹੇਠ 22 ਸਾਲਾ ਸਿਮਰਨਜੀਤ ਸਿੰਘ ਅਤੇ 23 ਸਾਲ ਦੇ ਵੈਭਵ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ

America ਤੋਂ deport ਹੋਣਗੇ 2 ਭਾਰਤੀ ਨੌਜਵਾਨ
X

Upjit SinghBy : Upjit Singh

  |  10 April 2026 5:44 PM IST

  • whatsapp
  • Telegram

ਕੋਲੰਬੀਆ ਕਾਊਂਟੀ : ਅਮਰੀਕਾ ਦੇ ਵਿਸਕੌਨਸਿਨ ਸੂਬੇ ਵਿਚ ਇਕ ਬਜ਼ੁਰਗ ਔਰਤ ਨਾਲ ਹਜ਼ਾਰਾਂ ਡਾਲਰ ਦਾ ਫਰੌਡ ਕਰਨ ਦੇ ਦੋਸ਼ ਹੇਠ 22 ਸਾਲਾ ਸਿਮਰਨਜੀਤ ਸਿੰਘ ਅਤੇ 23 ਸਾਲ ਦੇ ਵੈਭਵ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੋਲੰਬੀਆ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਮੁਤਾਬਕ ਠੱਗਾਂ ਨੇ ਬਜ਼ੁਰਗ ਦੇ ਮੋਬਾਈਲ ਫ਼ੋਨ ’ਤੇ ਅਜਿਹਾ ਸਾਫ਼ਟਵੇਅਰ ਭੇਜਿਆ ਜਿਸ ਰਾਹੀਂ ਬੈਂਕ ਖਾਤੇ ਵਿਚ ਗੜਬੜ ਹੋਣ ਦੇ ਸੰਕੇਤ ਮਿਲਣ ਲੱਗੇ। ਬਜ਼ੁਰਗ ਨੇ ਆਪਣੇ ਬੈਂਕ ਫ਼ੋਨ ਕਰਨ ਦਾ ਯਤਨ ਕੀਤਾ ਤਾਂ ਸਾਫ਼ਟਵੇਅਰ ਕਰ ਕੇ ਕਾਲ ਠੱਗਾਂ ਦੇ ਨੰਬਰ ’ਤੇ ਚਲੀ ਗਈ। ਠੱਗਾਂ ਨੇ ਬਜ਼ੁਰਗ ਨੂੰ ਡਰਾਉਣਾ ਸ਼ੁਰੂ ਕਰ ਦਿਤਾ ਕਿ ਉਸ ਦੇ ਫੋਨ ਵਿਚ ਚਾਇਲਡ ਪੋਰਨੋਗ੍ਰਾਫ਼ੀ ਯਾਨੀ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਮੌਜੂਦ ਹਨ ਅਤੇ ਸਮੱਸਿਆ ਵਿਚੋਂ ਬਾਹਰ ਆਉਣ ਲਈ ਰਕਮ ਅਦਾ ਕਰਨੀ ਹੋਵੇਗੀ। ਉਧਰ, ਬਜ਼ੁਰਗ ਔਰਤ ਨੇ ਖੁਦ ਬੈਂਕ ਜਾ ਕੇ ਮਾਮਲੇ ਦੀ ਡੂੰਘਾਈ ਵਿਚ ਜਾਣਾ ਚਾਹਿਆ ਤਾਂ ਬੈਂਕ ਵਾਲਿਆਂ ਨੇ ਠੱਗੀ ਦੀ ਚਿਤਾਵਨੀ ਦੇ ਦਿਤੀ ਅਤੇ ਮਾਮਲਾ ਪੁਲਿਸ ਕੋਲ ਪੁੱਜ ਗਿਆ।

ਹਜ਼ਾਰਾਂ ਡਾਲਰ ਦੇ ਫਰੌਡ ਮਾਮਲੇ ਵਿਚ ਹੋਈ ਗ੍ਰਿਫ਼ਤਾਰੀ

ਬਜ਼ੁਰਗ ਔਰਤ ਨੇ ਠੱਗਾਂ ਨੂੰ ਰਕਮ ਦੇਣ ਵਾਸਤੇ ਸੱਦ ਲਿਆ ਜਿਨ੍ਹਾਂ ਦੀ ਉਡੀਕ ਪੁਲਿਸ ਵਾਲੇ ਪਹਿਲਾਂ ਹੀ ਕਰ ਰਹੇ ਸਨ। ਕੋਲੰਬੀਆ ਕਾਊਂਟੀ ਦੀ ਪੁਲਿਸ ਨੇ ਦੱਸਿਆ ਕਿ ਕੈਲੇਫੋਰਨੀਆ ਦੇ ਬੇਕਰਜ਼ਫ਼ੀਲਡ ਸ਼ਹਿਰ ਨਾਲ ਸਬੰਧਤ ਸਿਮਰਨਜੀਤ ਸਿੰਘ ਅਤੇ ਵੈਭਵ ਸ਼ਰਮਾ ਵਿਰੁੱਧ ਫ਼ਰਜ਼ੀ ਪਛਾਣ ਰਾਹੀਂ 10 ਹਜ਼ਾਰ ਡਾਲਰ ਤੋਂ ਇਕ ਲੱਖ ਡਾਲਰ ਤੱਕ ਦੀ ਰਕਮ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਜ਼ਮਾਨਤ ’ਤੇ ਰਿਹਾਅ ਹੋਣ ਲਈ 12,500 ਡਾਲਰ ਦਾ ਬੌਂਡ ਭਰਨਾ ਹੋਵੇਗਾ ਪਰ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਦੋਹਾਂ ਉਤੇ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੇ ਡਿਟੇਨਰ ਲਾਗੂ ਕਰ ਦਿਤਾ ਅਤੇ ਜੇਲ ਤੋਂ ਬਾਹਰ ਆਉਂਦਿਆਂ ਹੀ ਫੜ ਕੇ ਡਿਟੈਨਸ਼ਨ ਸੈਂਟਰ ਭੇਜ ਦਿਤਾ ਜਾਵੇਗਾ। ਸ਼ੈਰਿਫ਼ ਦਫ਼ਤਰ ਨੇ ਇਹ ਵੀ ਦੱਸਿਆ ਕਿ ਠੱਗਾਂ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਅਤੇ ਸਿਰਫ਼ ਵਿਸਕੌਨਸਿਨ ਸੂਬੇ ਵਿਚ ਹੀ ਨਹੀਂ ਸਗੋਂ ਅਮਰੀਕਾ ਦੇ ਕਈ ਰਾਜਾਂ ਵਿਚ ਮੌਜੂਦ ਪੀੜਤਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੋ ਸਕਦੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਧੋਖਾਧੜੀ ਦਾ ਸ਼ੱਕ ਹੋਣ ’ਤੇ ਪੁਲਿਸ ਨੂੰ ਕਾਲ ਕੀਤੀ ਜਾਵੇ ਅਤੇ ਅਣਪਛਾਤੀਆਂ ਕਾਲਜ਼, ਟੈਕਸਟ ਮੈਸੇਜ ਜਾਂ ਈਮੇਲ ਦਾ ਕੋਈ ਜਵਾਬ ਨਾ ਦਿਤਾ ਜਾਵੇ। ਸਿਮਰਨਜੀਤ ਅਤੇ ਵੈਭਵ ਦੇ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਪੁਲਿਸ ਵੱਲੋਂ ਹੋਰ ਸ਼ੱਕੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।

Next Story
ਤਾਜ਼ਾ ਖਬਰਾਂ
Share it