ਯੂ.ਕੇ. ’ਚ 2 ਭਾਰਤੀ ਵਿਦਿਆਰਥੀਆਂ ਦੀ ਮੌਤ, 5 ਜ਼ਖਮੀ
ਯੂ.ਕੇ. ਵਿਚ ਦਰਦਨਾਕ ਸੜਕ ਹਾਦਸੇ ਦੌਰਾਨ 2 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ 5 ਹੋਰ ਜ਼ਖਮੀ ਦੱਸੇ ਜਾ ਰਹੇ ਹਨ

By : Upjit Singh
ਲੰਡਨ : ਯੂ.ਕੇ. ਵਿਚ ਦਰਦਨਾਕ ਸੜਕ ਹਾਦਸੇ ਦੌਰਾਨ 2 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ 5 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਨੇ ਦੱਸਿਆ ਕਿ ਹਾਦਸਾ ਦੱਖਣ-ਪੂਰਬੀ ਇੰਗਲੈਂਡ ਦੇ ਐਸੈਕਸ ਇਲਾਕੇ ਵਿਚ ਵਾਪਰਿਆ ਅਤੇ ਮਰਨ ਵਾਲੇ ਨੌਜਵਾਨਾਂ ਦੀ ਸ਼ਨਾਖਤ 23 ਸਾਲ ਦੇ ਚੈਤੰਨਯ ਤਾਰੇ ਅਤੇ 21 ਸਾਲ ਦੇ ਤੇਜਾ ਰਾਜਪੋਲੂ ਵਜੋਂ ਕੀਤੀ ਗਈ ਹੈ। ਐਸੈਕਸ ਪੁਲਿਸ ਮੁਤਾਬਕ ਪੂਰਬੀ ਲੰਡਨ ਦੇ ਦੋ ਜਣਿਆਂ ਨੂੰ ਖਤਰਨਾਕ ਡਰਾਈਵਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਮਗਰੋਂ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ।
2 ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ
ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਹਾਦਸੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕਰੇ। ਦੂਜੇ ਪਾਸੇ ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਅਲੰਮਨਾਈ ਯੂਨੀਅਨ ਨੇ ਇਕ ਬਿਆਨ ਜਾਰੀ ਕਰਦਿਆਂ ਭਾਰਤੀ ਵਿਦਿਆਰਥੀਆਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਯੂਨੀਅਨ ਨੇ ਦੱਸਿਆ ਕਿ ਮਰਨ ਵਾਲੇ ਵਿਦਿਆਰਥੀ ਭਾਰਤ ਦੇ ਤੇਲੰਗਾਨਾ ਸੂਬੇ ਨਾਲ ਸਬੰਧਤ ਸਨ ਜਦਕਿ ਜ਼ਖਮੀ ਵਿਦਿਆਰਥੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।


