ਅਮਰੀਕਾ ਵਿਚ ਖਸਰੇ ਕਾਰਨ 2 ਮੌਤਾਂ
ਅਮਰੀਕਾ ਵਿਚ ਖਸਰੇ ਕਾਰਨ 2 ਮੌਤਾਂ ਹੋ ਚੁੱਕੀਆਂ ਹਨ ਅਤੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।

ਹਿਊਸਟਨ/ਟੋਰਾਂਟੋ : ਅਮਰੀਕਾ ਵਿਚ ਖਸਰੇ ਕਾਰਨ 2 ਮੌਤਾਂ ਹੋ ਚੁੱਕੀਆਂ ਹਨ ਅਤੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਭ ਤੋਂ ਵੱਧ ਪ੍ਰਭਾਵਤ ਸੂਬੇ ਟੈਕਸਸ ਅਤੇ ਨਿਊ ਮੈਕਸੀਕੋ ਦੱਸੇ ਜਾ ਰਹੇ ਹਨ ਅਤੇ ਇਥੇ ਹੀ ਦੋਵੇਂ ਮੌਤਾਂ ਹੋਈਆਂ। ਮਰਨ ਵਾਲਿਆਂ ਵਿਚ 6 ਸਾਲ ਦੀ ਬੱਚੀ ਵੀ ਸ਼ਾਮਲ ਹੈ ਜਿਸ ਨੂੰ ਖਸਰੇ ਤੋਂ ਬਚਾਅ ਦਾ ਟੀਕਾ ਨਹੀਂ ਸੀ ਲੱਗਾ ਹੋਇਆ। ਕਮਿਊਨਿਟੀ ਵਿਚ ਅਜਿਹੇ ਬੱਚਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਦੱਸੀ ਜਾ ਰਹੀ ਹੈ। ‘ਦਾ ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਬੱਚੀ ਦੇ ਪਿਤਾ ਨੇ ਦੋਸ਼ ਲਾਇਆ ਕਿ ਡਾਕਟਰਾਂ ਨੇ ਖੰਘ ਦੀ ਦਵਾਈ ਦੇ ਕੇ ਬੱਚੀ ਨੂੰ ਘਰ ਲਿਜਾਣ ਵਾਸਤੇ ਆਖ ਦਿਤਾ ਜਦਕਿ ਉਸ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ। 28 ਸਾਲ ਦੇ ਕੰਸਟ੍ਰਕਸ਼ਨ ਵਰਕਰ ਪੀਟਰ ਨੇ ਦੱਸਿਆ ਕਿ ਉਸ ਦੀ ਬੇਟੀ ਤਿੰਨ ਹਫ਼ਤੇ ਬਿਮਾਰ ਰਹਿਣ ਮਗਰੋਂ ਇਸ ਦੁਨੀਆਂ ਤੋਂ ਚਲੀ ਗਈ। ਪੀਟਰ ਮੁਤਾਬਕ ਬੱਚੀ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ ਤਾਂ ਡਾਕਟਰਾਂ ਨੇ ਵੈਂਟੀਲੇਟਰ ਲਾ ਦਿਤਾ ਪਰ ਇਸ ਨਾਲ ਵੀ ਕੋਈ ਫਰਕ ਨਾਲ ਪਿਆ ਅਤੇ ਹਾਲਾਤ ਬਦਤਰ ਹੁੰਦੇ ਚਲੇ ਗਏ। ਮੰਗਲਵਾਰ ਨੂੰ ਨਿਮੋਨੀਆ ਕਾਰਨ ਬੱਚੀ ਨੇ ਦਮ ਤੋੜ ਦਿਤਾ। ਟੈਕਸਸ ਵਿਚ ਖਸਰੇ ਦੇ ਮਰੀਜ਼ਾਂ ਦੀ ਗਿਣਤੀ 156 ਦੱਸੀ ਜਾ ਰਹੀ ਹੈ ਅਤੇ ਕਈ ਥਾਵਾਂ ’ਤੇ ਵੈਕਸੀਨੇਸ਼ਨ ਦਰ 82 ਫੀ ਸਦੀ ਹੈ ਜਦਕਿ ਡਾਕਟਰਾਂ ਮੁਤਾਬਕ ਕਿਸੇ ਵੀ ਇਲਾਕੇ ਵਿਚ ਵੈਕਸੀਨੇਸ਼ਨ ਦਾ ਪੱਧਰ 95 ਫੀ ਸਦੀ ਤੋਂ ਘੱਟ ਨਹੀਂ ਹੋਣਾ ਚਾਹੀਦਾ।
ਟੈਕਸਸ ਅਤੇ ਨਿਊ ਮੈਕਸੀਕੋ ਵਿਚ ਸਭ ਤੋਂ ਵੱਧ ਮਰੀਜ਼
ਅਮਰੀਕਾ ਵਿਚ 2015 ਤੋਂ ਬਾਅਦ ਪਹਿਲੀ ਵਾਰ ਖਸਰਾ ਜਾਨੀ ਨੁਕਸਾਨ ਦਾ ਕਾਰਨ ਬਣਿਆ ਹੈ ਅਤੇ ਸਿਹਤ ਮਹਿਕਮੇ ਵੱਲੋਂ ਵੈਕਸੀਨੇਸ਼ਨ ’ਤੇ ਜ਼ੋਰ ਦਿਤਾ ਜਾ ਰਿਹਾ ਹੈ। ਅਮਰੀਕਾ ਵਿਚ ਕੌਮੀ ਪੱਧਰ ’ਤੇ ਖਸਰੇ ਦੀ ਵੈਕਸੀਨੇਸ਼ਨ ਦਰ 93 ਫੀ ਸਦੀ ਦਰਜ ਕੀਤੀ ਗਈ ਹੈ ਪਰ ਕੁਝ ਵੈਕਸੀਨ ਨੂੰ ਬੱਚਿਆਂ ਵਾਸਤੇ ਨੁਕਸਾਨਦੇਹ ਮੰਨਦਿਆਂ ਟੀਕੇ ਨਹੀਂ ਲਗਵਾਉਂਦੇ। ਕੁਝ ਲੋਕਾਂ ਦਾ ਮੰਨਣਾ ਹੈ ਕਿ ਖਸਰਾ ਹੋਣਾ ਜ਼ਰੂਰੀ ਹੈ ਕਿਉਂਕਿ ਇਹ ਬਿਮਾਰੀ ਸਰੀਰ ਵਿਚ ਹੋਰਨਾਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਪੈਦਾ ਕਰਦੀ ਹੈ। ਉਧਰ ਕੈਨੇਡਾ ਵਿਚ 6 ਮਾਰਚ ਤੱਕ ਖਸਰੇ ਦੇ ਮਰੀਜ਼ਾਂ ਦੀ ਗਿਣਤੀ 227 ਦਰਜ ਕੀਤੀ ਗਈ ਜਿਨ੍ਹਾਂ ਵਿਚੋਂ ਕਈਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਸਭ ਤੋਂ ਵੱਧ ਮਰੀਜ਼ ਨਿਊ ਬ੍ਰਨਜ਼ਵਿਕ, ਉਨਟਾਰੀਓ, ਕਿਊਬੈਕ ਅਤੇ ਮੈਨੀਟੋਬਾ ਵਿਚ ਦੱਸੇ ਜਾ ਰਹੇ ਹਨ। ਕੈਨੇਡਾ ਦੇ ਮੁੱਖ ਸਿਹਤ ਅਫ਼ਸਰ ਨੇ ਦੱਸਿਆ ਖਸਰਾ ਬੇਹੱਦ ਤੇਜ਼ੀ ਨਾਲ ਫੈਲਦਾ ਹੈ ਅਤੇ ਨਿਮੋਨੀਆ ਤੇ ਦਿਮਾਗ ਵਿਚ ਸੋਜ਼ਿਸ਼ ਵਰਗੀਆਂ ਕਈ ਗੰਭੀਰ ਅਲਾਮਤਾਂ ਸਾਹਮਣੇ ਆ ਸਕਦੀਆਂ ਹਨ।
ਕੈਨੇਡਾ ਵਿਚ ਖਸਰੇ ਦੇ 227 ਮਰੀਜ਼ ਆਏ ਸਾਹਮਣੇ
ਕੈਨੇਡਾ ਦੇ ਜ਼ਿਆਦਾਤਰ ਮਾਮਲੇ ਵਿਦੇਸ਼ਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ ਜਿਥੋਂ ਲਾਗ ਲੱਗਣ ਮਗਰੋਂ ਲੋਕ ਕੈਨੇਡਾ ਆਏ ਅਤੇ ਬਿਮਾਰ ਹੋ ਗਏ। ਡਾ. ਥੈਰੇਸਾ ਟੈਮ ਨੇ ਕਿਹਾ ਕਿ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚੇ ਅਤੇ ਗਰਭਵਤੀ ਔਰਤਾਂ ਉਤੇ ਬਿਮਾਰੀ ਦਾ ਸਭ ਤੋਂ ਵੱਧ ਅਸਰ ਹੋ ਸਕਦਾ ਹੈ ਜਿਸ ਦੇ ਮੱਦੇਨਜ਼ਰ 1970 ਤੋਂ ਬਾਅਦ ਜੰਮੇ ਲੋਕਾਂ ਵਾਸਤੇ ਦੋ ਖੁਰਾਕਾਂ ਲੈਣੀਆਂ ਲਾਜ਼ਮੀ ਹਨ। ਖਾਸ ਤੌਰ ’ਤੇ ਉਨ੍ਹਾਂ ਹਾਲਾਤ ਵਿਚ ਜਦੋਂ ਖਸਰਾ ਫੈਲਣ ਦੇ ਸਭ ਤੋਂ ਵੱਧ ਖਤਰੇ ਵਾਲੇ ਇਲਾਕਿਆਂ ਵੱਲ ਸਫਰ ਕਰ ਰਹੇ ਹੋਣ।