Begin typing your search above and press return to search.

ਅਮਰੀਕਾ ’ਚ 17 ਹਜ਼ਾਰ ਟਰੱਕ ਡਰਾਈਵਰਾਂ ਦੇ ਲਾਇਸੰਸ ਰੱਦ

ਅਮਰੀਕਾ ਵਿਚ ਤਿੰਨ ਹਜ਼ਾਰ ਪੰਜਾਬੀਆਂ ਸਣੇ 17 ਹਜ਼ਾਰ ਟਰੱਕ ਡਰਾਈਵਰ ਨਿਸ਼ਾਨੇ ’ਤੇ ਆ ਗਏ ਜਿਨ੍ਹਾਂ ਬਾਰੇ ਟਰੰਪ ਸਰਕਾਰ ਅਤੇ ਕੈਲੇਫੋਰਨੀਆ ਦੇ ਗਵਰਨਰ ਵੱਲੋਂ ਵੱਖੋ-ਵੱਖਰੇ ਦਾਅਵੇ ਕੀਤੇ ਜਾ ਰਹੇ ਹਨ

ਅਮਰੀਕਾ ’ਚ 17 ਹਜ਼ਾਰ ਟਰੱਕ ਡਰਾਈਵਰਾਂ ਦੇ ਲਾਇਸੰਸ ਰੱਦ
X

Upjit SinghBy : Upjit Singh

  |  13 Nov 2025 7:11 PM IST

  • whatsapp
  • Telegram

ਸੈਕਰਾਮੈਂਟੋ : ਅਮਰੀਕਾ ਵਿਚ ਤਿੰਨ ਹਜ਼ਾਰ ਪੰਜਾਬੀਆਂ ਸਣੇ 17 ਹਜ਼ਾਰ ਟਰੱਕ ਡਰਾਈਵਰ ਨਿਸ਼ਾਨੇ ’ਤੇ ਆ ਗਏ ਜਿਨ੍ਹਾਂ ਬਾਰੇ ਟਰੰਪ ਸਰਕਾਰ ਅਤੇ ਕੈਲੇਫੋਰਨੀਆ ਦੇ ਗਵਰਨਰ ਵੱਲੋਂ ਵੱਖੋ-ਵੱਖਰੇ ਦਾਅਵੇ ਕੀਤੇ ਜਾ ਰਹੇ ਹਨ। ਜੀ ਹਾਂ, ਡੌਨਲਡ ਟਰੰਪ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਦਾ ਕਹਿਣਾ ਹੈ ਕਿ ਕੈਲੇਫੋਰਨੀਆ ਵਿਚ 17 ਹਜ਼ਾਰ ਗੈਰਕਾਨੂੰਨੀ ਪ੍ਰਵਾਸੀਆਂ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਰੱਦ ਕੀਤੇ ਜਾ ਰਹੇ ਹਨ ਅਤੇ ਇਹ ਸਭ ਫ਼ੈਡਰਲ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਤਹਿਤ ਹੋ ਰਿਹਾ ਹੈ। ਸ਼ੌਨ ਡਫ਼ੀ ਨੇ ਟਵੀਟ ਕਰਦਿਆਂ ਕਿਹਾ ਕਿ ਝੂਠ ਦਾ ਪਰਦਾ ਫ਼ਾਸ਼ ਹੋ ਚੁੱਕਾ ਹੈ ਅਤੇ ਹੁਣ ਕੈਲੇਫੋਰਨੀਆ ਸਰਕਾਰ ਗੈਰਕਾਨੂੰਨੀ ਤਰੀਕੇ ਨਾਲ ਜਾਰੀ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਰੱਦ ਕਰ ਰਹੀ ਹੈ। ਦੂਜੇ ਪਾਸੇ ਗਵਰਨਰ ਗੈਵਿਨ ਨਿਊਸਮ ਦੇ ਬੁਲਾਰੇ ਬਰੈਂਡਨ ਰਿਚਰਡਜ਼ ਨੇ ਕਿਹਾ ਕਿ ਇਕ ਵਾਰ ਫਿਰ ਸ਼ੌਨ ਡਫ਼ੀ ਕੋਰਾ ਝੂਠ ਬੋਲ ਰਹੇ ਹਨ ਅਤੇ ਸੱਚ ਲੁਕਾਇਆ ਜਾ ਰਿਹਾ ਹੈ।

ਤਿੰਨ ਹਜ਼ਾਰ ਪੰਜਾਬੀ ਸ਼ਾਮਲ, ਕੈਲੇਫੋਰਨੀਆ ਸੂਬੇ ਵਿਚ ਵੱਡੀ ਕਾਰਵਾਈ

ਰਿਚਰਡਜ਼ ਨੇ ਦਲੀਲ ਦਿਤੀ ਕਿ ਜਿਹੜੇ ਡਰਾਈਵਰਾਂ ਦੇ ਲਾਇਸੰਸ ਰੱਦ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਫ਼ੈਡਰਲ ਸਰਕਾਰ ਤੋਂ ਕੰਮ ਕਰਨ ਦਾ ਹੱਕ ਮਿਲਿਆ ਹੋਇਆ ਹੈ ਅਤੇ ਕੋਈ ਵੀ ਗੈਰਕਾਨੂੰਨੀ ਤੌਰ ’ਤੇ ਮੌਜੂਦ ਨਹੀਂ। ਰਿਚਰਡਜ਼ ਨੇ ਅੱਗੇ ਕਿਹਾ ਕਿ ਜਦੋਂ ਲਾਇਸੰਸ ਜਾਰੀ ਕੀਤੇ ਗਏ, ਉਸ ਵੇਲੇ ਨਵੀਆਂ ਫ਼ੈਡਰਲ ਸ਼ਰਤਾਂ ਲਾਗੂ ਨਹੀਂ ਸਨ। ਕੈਲੇਫੋਰਨੀਆ ਸਰਕਾਰ ਨੇ ਸ਼ੌਨ ਡਫ਼ੀ ਦੇ ਉਸ ਦਾਅਵੇ ਨੂੰ ਵੀ ਥੋਥਾ ਕਰਾਰ ਦਿਤਾ ਜਿਸ ਵਿਚ ਕਿਹਾ ਗਿਆ ਕਿ ਸੂਬੇ ਨਾਲ ਸਬੰਧਤ ਕਮਰਸ਼ੀਅਲ ਡਰਾਈਵਰ ਸਭ ਤੋਂ ਵੱਧ ਜਾਨਲੇਵਾ ਸੜਕ ਹਾਦਸਿਆਂ ਨੂੰ ਅੰਜਾਮ ਦਿੰਦੇ ਹਨ। ਰਿਚਰਡਜ਼ ਨੇ ਤੱਥਾਂ ਦੇ ਆਧਾਰ ’ਤੇ ਦੱਸਿਆ ਕਿ ਅਮਰੀਕਾ ਵਿਚ ਸੜਕ ਹਾਦਸਿਆਂ ਦੀ ਕੌਮੀ ਔਸਤ ਦੇ ਮੁਕਾਬਲੇ ਕੈਲੇਫੋਰਨੀਆ ਵਿਚ ਘੱਟ ਹਾਦਸੇ ਵਾਪਰਦੇ ਹਨ ਜਦਕਿ ਟੈਕਸਸ ਵਿਚ ਵਾਪਰਦੇ ਖ਼ਤਰਨਾਕ ਹਾਦਸਿਆਂ ਦੀ ਗਿਣਤੀ ਕੈਲੇਫੋਰਨੀਆ ਤੋਂ 50 ਫ਼ੀ ਸਦੀ ਵੱਧ ਬਣਦੀ ਹੈ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਟਰੰਪ ਸਰਕਾਰ ਦੀ ਕੈਲੇਫੋਰਨੀਆ ਸੂਬੇ ਨਾਲ ਲਾਗ-ਡਾਟ ਦਾ ਖਮਿਆਜ਼ਾ ਪੰਜਾਬੀ ਡਰਾਈਵਰਾਂ ਨੂੰ ਭੁਗਤਣਾ ਪੈ ਰਿਹਾ ਹੈ।

ਟਰੰਪ ਸਰਕਾਰ ਨੇ ਡਰਾਈਵਰਾਂ ਨੂੰ ਗੈਰਕਾਨੂੰਨੀ ਪ੍ਰਵਾਸੀ ਦੱਸਿਆ

ਪੰਜਾਬੀ ਡਰਾਈਵਰਾਂ ਨੂੰ ਮਿਲੇ ਤਾਜ਼ਾ ਨੋਟਿਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਕਮਰਸ਼ੀਅਲ ਡਰਾਈਵਰਜ਼ ਲਾਇੰਸਸ 60 ਦਿਨ ਦੇ ਅੰਦਰ ਖ਼ਤਮ ਹੋ ਜਾਣਗੇ। ਟਰੰਪ ਸਰਕਾਰ ਵੱਲੋਂ ਲਿਆਂਦੇ ਨਵੇਂ ਇੰਮੀਗ੍ਰੇਸ਼ਨ ਨਿਯਮਾਂ ਤਹਿਤ ਵਰਕ ਪਰਮਿਟ ’ਤੇ ਚੱਲ ਰਹੇ 2 ਲੱਖ ਡਰਾਈਵਰਾਂ ਵਿਚੋਂ ਸਿਰਫ਼ 10 ਹਜ਼ਾਰ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਬਚ ਸਕਦੇ ਹਨ ਜਿਨ੍ਹਾਂ ਕੋਲ ਐਚ-2 ਏ, ਐਚ-2 ਬੀ ਜਾਂ ਈ-2 ਵੀਜ਼ਾ ਮੌਜੂਦ ਹੈ। ਐਚ-2 ਏ ਵੀਜ਼ਾ ਆਰਜ਼ੀ ਖੇਤੀ ਕਾਮਿਆਂ ਨੂੰ ਦਿਤਾ ਜਾਂਦਾ ਹੈ ਜਦਕਿ ਐਚ-2 ਬੀ ਵੀਜ਼ਾ ਆਰਜ਼ੀ ਗੈਰ ਖੇਤੀ ਕਾਮਿਆਂ ਨੂੰ ਦਿਤਾ ਜਾਂਦਾ ਹੈ। ਈ-2 ਵੀਜ਼ਾ ਅਮਰੀਕਾ ਵਿਚ ਵੱਡਾ ਨਿਵੇਸ਼ ਕਰਨ ਵਾਲਿਆਂ ਨੂੰ ਮਿਲਦਾ ਹੈ। ਪਰ 1 ਲੱਖ 90 ਹਜ਼ਾਰ ਡਰਾਈਵਰ ਉਦੋਂ ਤੱਕ ਟਰੱਕ ਚਲਾ ਸਕਦੇ ਹਨ ਜਦੋਂ ਤੱਕ ਲਾਇਸੰਸ ਨਵਿਆਉਣ ਦੀ ਨੌਬਤ ਨਹੀਂ ਆਉਂਦੀ। ਦੂਜੇ ਪਾਸੇ ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਕੈਲੇਫੋਰਨੀਆ ਵਿਚ ਵਿਦੇਸ਼ੀ ਨਾਗਰਿਕਾਂ ਨੂੰ ਸਰਾਸਰ ਗੈਰਕਾਨੂੰਨੀ ਤਰੀਕੇ ਨਾਲ ਲਾਇੰਸਸ ਜਾਰੀ ਕੀਤੇ ਗਏ। ਜ਼ਿਆਦਾਤਰ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਨਹੀਂ ਆਉਂਦੀ ਅਤੇ ਅਮਰੀਕਾ ਦੇ ਹਾਈਵੇਜ਼ ’ਤੇ ਹੈਵੀ ਵ੍ਹੀਕਲ ਚਲਾਉਣ ਦੇ ਸਮਰੱਥ ਨਹੀਂ।

Next Story
ਤਾਜ਼ਾ ਖਬਰਾਂ
Share it