ਨੇਪਾਲ ਦੀਆਂ ਜੇਲਾਂ ਵਿਚੋਂ ਫਰਾਰ ਹੋਏ 15 ਹਜ਼ਾਰ ਕੈਦੀ
ਨੇਪਾਲ ਵਿਚ ਚੱਲ ਰਹੇ ਹਿੰਸਕ ਮੁਜ਼ਾਹਰਿਆਂ ਦਾ ਕੈਦੀਆਂ ਨੇ ਵੀ ਪੂਰਾ ਲਾਹਾ ਲਿਆ ਅਤੇ ਹੁਣ ਤੱਕ 15 ਹਜ਼ਾਰ ਤੋਂ ਵੱਧ ਕੈਦੀ ਵੱਖ ਵੱਖ ਜੇਲਾਂ ਵਿਚੋਂ ਫ਼ਰਾਰ ਹੋ ਚੁੱਕੇ ਹਨ

By : Upjit Singh
ਕਾਠਮੰਡੂ : ਨੇਪਾਲ ਵਿਚ ਚੱਲ ਰਹੇ ਹਿੰਸਕ ਮੁਜ਼ਾਹਰਿਆਂ ਦਾ ਕੈਦੀਆਂ ਨੇ ਵੀ ਪੂਰਾ ਲਾਹਾ ਲਿਆ ਅਤੇ ਹੁਣ ਤੱਕ 15 ਹਜ਼ਾਰ ਤੋਂ ਵੱਧ ਕੈਦੀ ਵੱਖ ਵੱਖ ਜੇਲਾਂ ਵਿਚੋਂ ਫ਼ਰਾਰ ਹੋ ਚੁੱਕੇ ਹਨ। ਦੂਜੇ ਪਾਸੇ ਵਿਖਾਵਾਕਾਰੀਆਂ ਤੋਂ ਡਰੇ ਮੰਤਰੀ ਹੈਲੀਕਾਪਟਰਾਂ ਦੀਆਂ ਰੱਸੀਆਂ ਨਾਲ ਲਟਕਦੇ ਨਜ਼ਰ ਆ ਰਹੇ ਹਨ। ਕਾਠਮੰਡੂ ਦੀ ਛੱਤ ਤੋਂ ਉਡੇ ਫੌਜ ਦੇ ਇਕ ਹੈਲੀਕਾਪਟਰ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਹੇਠਾਂ ਲਟਕ ਰਹੀ ਰੱਸੀ ’ਤੇ ਕਈ ਜਣੇ ਲਟਕਦੇ ਦੇਖੇ ਜਾ ਸਕਦੇ ਹਨ। ਸਰਕਾਰੀ ਇਮਾਰਤਾਂ ਦੇ ਨਾਲ-ਨਾਲ ਮੁਜ਼ਹਾਰਾਕਾਰੀਆਂ ਨੇ ਪ੍ਰਾਈਵੇਟ ਇਮਾਰਤਾਂ ਵੀ ਨਹੀਂ ਛੱੜੀਆਂ ਅਤੇ 5 ਅਰਬ ਰੁਪਏ ਦੀ ਲਾਗਤ ਵਾਲਾ ਹਿਲਟਨ ਹੋਟਲ ਸੜ ਕੇ ਸੁਆਹ ਹੋ ਗਿਆ। ਹੋਟਲ ਪਿਛਲੇ ਸਾਲ ਸਾਲ ਜੁਲਾਈ ਵਿਚ ਹੀ ਬਣ ਕੇ ਤਿਆਰ ਹੋਇਆ ਸੀ ਅਤੇ ਇਕ ਸਾਲ ਬਾਅਦ ਖੰਡਰ ਦਾ ਰੂਪ ਅਖਤਿਆਰ ਕਰ ਗਿਆ।
ਮੰਤਰੀਆਂ ਦੇ ਪਰਵਾਰ ਹੈਲੀਕਾਪਟਰਾਂ ਨਾਲ ਲਟਕ ਕੇ ਹੋ ਰਹੇ ਫਰਾਰ
ਬੀਮਾ ਕੰਪਨੀਆਂ ਦਾ ਮੰਨਣਾ ਹੈ ਕਿ ਇਮਾਰਤਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਣ ਕਾਰਨ ਘੱਟੋ ਘੱਟ 31 ਅਰਬ ਰੁਪਏ ਦੇ ਦਾਅਵੇ ਉਨ੍ਹਾਂ ਕੋਲ ਆ ਸਕਦੇ ਹਨ। ਇਹ ਰਕਮ 2015 ਦੇ ਭੂਚਾਲ ਮਗਰੋਂ ਆਏ ਦਾਅਵਿਆਂ ਤੋਂ ਕਿਤੇ ਵੱਧ ਬਣਦੀ ਹੈ। ਨੈਸ਼ਨਲ ਇੰਸ਼ੋਰੈਂਸ ਐਸੋਸੀਏਸ਼ਨ ਅਤੇ ਨੇਪਾਲ ਰਾਸ਼ਟਰੀ ਬੈਂਕ ਵੱਲੋਂ ਨੁਕਸਾਨ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜੈਨਰੇਸ਼ਨ ਜ਼ੈਡ ਦੇ ਆਗੂਆਂ ਨੇ ਕਿਹਾ ਕਿ ਬਜ਼ੁਰਗ ਨੇਤਾਵਾਂ ਤੋਂ ਤੰਗ ਆ ਕੇ ਅੰਦੋਲਨ ਵਿੱਢਿਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਅੰਦੋਲਨ ਦਾ ਮਕਸਦ ਸੰਸਦ ਭੰਗ ਕਰਨਾ ਹੈ ਅਤੇ ਸੰਵਿਧਾਨ ’ਤੇ ਕੋਈ ਇਤਰਾਜ਼ ਨਹੀਂ। ਨੌਜਵਾਨ ਆਗੂਆਂ ਨੇ ਦਾਅਵਾ ਕੀਤਾ ਕਿ ਬਜ਼ੁਰਗ ਆਗੂ ਬੇਹੱਦ ਭ੍ਰਿਸ਼ਟ ਹੋ ਚੁੱਕੇ ਸਨ ਅਤੇ ਦੇਸ਼ ਸੰਭਾਲਣ ਦੀ ਤਾਕਤ ਉਨ੍ਹਾਂ ਦੇ ਹੱਥਾਂ ਵਿਚ ਨਹੀਂ ਸੀ ਰਹਿ ਗਈ।
ਅੰਤਰਮ ਪ੍ਰਧਾਨ ਮੰਤਰੀ ਦੇ ਨਾਂ ’ਤੇ ਨਹੀਂ ਬਣ ਸਕੀ ਸਹਿਮਤੀ
ਦੱਸ ਦੇਈਏ ਕਿ ਫ਼ਿਲਹਾਲ ਅੰਤਰਮ ਪ੍ਰਧਾਨ ਮੰਤਰੀ ਦੇ ਨਾਂ ਬਾਰੇ ਸਹਿਮਤੀ ਨਹੀਂ ਬਣ ਸਕੀ। ਮੁਢਲੇ ਤੌਰ ’ਤੇ ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਏ ਜਾਣ ਦੀਆਂ ਰਿਪੋਰਟਾਂ ਆਈਆਂ ਸਨ ਪਰ ਇਸੇ ਦੌਰਾਨ ਨੇਪਾਲ ਦਾ ਲਾਈਟ ਮੈਨ ਮੰਨੇ ਜਾਣ ਵਾਲੇ ਕੁਲਮਾਨ ਘੀਸ਼ਿੰਗ ਦਾ ਨਾਂ ਵੀ ਉਭਰ ਕੇ ਸਾਹਮਣੇ ਆ ਗਿਆ। ਇਸੇ ਦੌਰਾਨ ਫੌਜ ਵੱਲੋਂ ਅਹਿਤਿਆਤ ਵਜੋਂ ਰਾਜਧਾਨ ਕਾਠਮੰਡੂ ਅਤੇ ਨਾਲ ਲਗਦੇ ਇਲਾਕਿਆਂ ਵਿਚ ਕਰਫ਼ਿਊ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਨੇਪਾਲ ਵਿਚ ਹਿੰਸਾ ਦੌਰਾਨ ਹੁਣ ਤੱਕ 34 ਜਣੇ ਜਾਨ ਗਵਾ ਚੁੱਕੇ ਹਨ ਜਦਕਿ 1,300 ਤੋਂ ਵੱਧ ਜ਼ਖਮੀ ਹੋਏ।


