Begin typing your search above and press return to search.

ਅਮਰੀਕਾ ਵਾਲਿਆਂ ਦੇ ਖਾਤੇ ਵਿਚ ਆਉਣਗੇ 1500-1500 ਡਾਲਰ

ਅਮਰੀਕਾ ਦੇ ਕਰੋੜਾਂ ਲੋਕਾਂ ਨੂੰ 1500-1500 ਡਾਲਰ ਦੇ ਚੈੱਕ ਜਾਰੀ ਦੀ ਯੋਜਨਾ ਉਤੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੋਹਰ ਲਾ ਦਿਤੀ ਹੈ

ਅਮਰੀਕਾ ਵਾਲਿਆਂ ਦੇ ਖਾਤੇ ਵਿਚ ਆਉਣਗੇ 1500-1500 ਡਾਲਰ
X

Upjit SinghBy : Upjit Singh

  |  11 Dec 2025 7:13 PM IST

  • whatsapp
  • Telegram

ਵਾਸ਼ਿੰਗਟਨ : ਅਮਰੀਕਾ ਦੇ ਕਰੋੜਾਂ ਲੋਕਾਂ ਨੂੰ 1500-1500 ਡਾਲਰ ਦੇ ਚੈੱਕ ਜਾਰੀ ਦੀ ਯੋਜਨਾ ਉਤੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੋਹਰ ਲਾ ਦਿਤੀ ਹੈ। ਜੀ ਹਾਂ, ਅਫ਼ੌਰਡੇਬਲ ਕੇਅਰ ਐਕਟ ਅਧੀਨ 50 ਸਾਲ ਤੋਂ 64 ਸਾਲ ਉਮਰ ਵਾਲਿਆਂ ਨੂੰ 1500 ਡਾਲਰ ਮਿਲਣਗੇ ਜਦਕਿ 18 ਸਾਲ ਤੋਂ 49 ਸਾਲ ਉਮਰ ਵਾਲਿਆਂ ਦੇ ਖਾਤੇ ਵਿਚ ਇਕ ਹਜ਼ਾਰ ਡਾਲਰ ਦੀ ਰਕਮ ਆਵੇਗੀ। ਡੌਨਲਡ ਟਰੰਪ ਦੀਆਂ ਆਪ ਹੁਦਰੀਆਂ ਕਰ ਕੇ ਰਿਪਬਲਿਕਨ ਪਾਰਟੀ ਦਾ ਵੋਟ ਬੈਂਕ ਲਗਾਤਾਰ ਖੁਰਦਾ ਜਾ ਰਿਹਾ ਹੈ ਅਤੇ ਅਜਿਹੇ ਹਾਲਾਤ ਵਿਚ ਲੋਕਾਂ ਨੂੰ ਜੋੜ ਕੇ ਰੱਖਣ ਵਾਸਤੇ ਨਵੀਂ ਯੋਜਨਾ ਲਿਆਉਣੀ ਮਜਬੂਰੀ ਬਣ ਚੁੱਕੀ ਸੀ।

ਟਰੰਪ ਸਰਕਾਰ ਦੀ ਮਕਬੂਲੀਅਤ ਨੂੰ ਖੋਰੇ ਮਗਰੋਂ ਲੁਭਾਉਣਾ ਐਲਾਨ

ਇਸ ਤੋਂ ਪਹਿਲਾਂ ਨਵੰਬਰ ਵਿਚ ਡੌਨਲਡ ਟਰੰਪ, ਅਮਰੀਕਾ ਦੇ ਹਰ ਪਰਵਾਰ ਨੂੰ 2 ਹਜ਼ਾਰ ਡਾਲਰ ਦੇਣ ਦਾ ਵਾਅਦਾ ਵੱਖਰੇ ਤੌਰ ’ਤੇ ਕਰ ਚੁੱਕੇ ਹਨ ਜੋ ਟੈਰਿਫ਼ਸ ਤੋਂ ਹੋ ਰਹੀ ਅਰਬਾਂ ਡਾਲਰ ਦੀ ਕਮਾਈ ਵਿਚੋਂ ਦਿਤੇ ਜਾਣਗੇ ਪਰ ਰਾਸ਼ਟਰਪਤੀ ਵੱਲੋਂ ਕੋਈ ਪੱਕੀ ਤਰੀਕ ਨਹੀਂ ਦੱਸੀ ਗਈ ਕਿ ਆਖਰਕਾਰ ਕਦੋਂ ਤੱਕ ਇਹ ਰਕਮ ਮਿਲ ਸਕਦੀ ਹੈ। ਦੱਸ ਦੇਈਏ ਕਿ ਲੂਈਜ਼ਿਆਨਾ ਤੋਂ ਰਿਪਬਲਿਕਨ ਪਾਰਟੀ ਦੇ ਸੈਨੇਟ ਮੈਂਬਰ ਬਿਲ ਕੈਸਿਡੀ ਅਤੇ ਆਇਡਹੋ ਤੋਂ ਸੈਨੇਟਰ ਮਾਈਕ ਕ੍ਰੈਪੋ ਵੱਲੋਂ ਲਿਆਂਦੇ ਬਿਲ ਤਹਿਤ ਮੁਲਕ ਦੇ ਲੋਕਾਂ ਨੂੰ 1500-1500 ਡਾਲਰ ਦੀ ਰਕਮ ਮਿਲਣੀ ਹੈ। ਅਮਰੀਕਾ ਵਿਚ ਗਰੀਬੀ ਰੇਖਾ ਲਈ ਤੈਅ ਆਮਦਨ ਤੋਂ 700 ਫ਼ੀ ਸਦੀ ਤੱਕ ਵੱਧ ਕਮਾਈ ਕਰ ਰਹੇ ਲੋਕ ਇਸ ਯੋਜਨਾ ਦੇ ਘੇਰੇ ਵਿਚ ਹੋਣਗੇ ਪਰ ਅਫ਼ੌਰਡੇਬਲ ਕੇਅਰ ਐਕਟ ਅਧੀਨ ਸਿਲਵਰ, ਗੋਲਡ ਜਾਂ ਪਲੈਟੀਨਮ ਸ਼੍ਰੇਣੀ ਵਿਚ ਸ਼ਾਮਲ ਲੋਕਾਂ ਨੂੰ ਕੋਈ ਸਰਕਾਰੀ ਮਦਦ ਨਹੀਂ ਮਿਲੇਗੀ। ਤਾਜ਼ਾ ਸਰਵੇਖਣ ਵਿਚ ਸਪੱਸ਼ਟ ਹੋ ਗਿਆ ਹੈ ਕਿ ਟਰੰਪ ਦੀ ਮਕਬੂਲੀਅਨ ਜਨਵਰੀ ਤੋਂ ਬਾਅਦ ਹੇਠਲੇ ਪੱਧਰ ’ਤੇ ਆ ਚੁੱਕੀ ਹੈ। ਮੇਕ ਅਮੈਰਿਕਾ ਗਰੇਟ ਅਗੇਨ ਵਰਗੇ ਨਾਹਰੇ ਸ਼ੁਰੂ ਸ਼ੁਰੂ ਵਿਚ ਤਾਂ ਲੋਕਾਂ ਨੂੰ ਚੰਗੇ ਲੱਗੇ ਪਰ ਹੁਣ ਮਹਿੰਗਾਈ ਦੀ ਮਾਰ ਕਰ ਕੇ ਗੁਜ਼ਾਰਾ ਕਰਨਾ ਔਖਾ ਹੁੰਦਾ ਜਾ ਰਿਹਾ ਹੈ।

ਅਫ਼ੌਰਡੇਬਲ ਕੇਅਰ ਐਕਟ ਅਧੀਨ ਦਿਤੀ ਜਾਵੇਗੀ ਰਕਮ

ਅਜਿਹੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਜੋ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਦਾ ਤੱਥ ਤਾਂ ਕਬੂਲ ਕਰ ਰਹੇ ਹਨ ਪਰ ਟਰੰਪ ਨੂੰ ਦੋਸ਼ ਨਹੀਂ ਦੇਣਾ ਚਾਹੁੰਦੇ। ‘ਦਾ ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਕਿਸੇ ਵੇਲੇ ਟਰੰਪ ਦੇ ਭਾਸ਼ਣ ਸੁਣਨ ਲਈ ਮੂਹਰਲੀ ਕਤਾਰ ਵਿਚ ਸ਼ਾਮਲ ਹੋਣ ਵਾਲੇ ਟੈਵਿਨ ਡਿਕਸ ਨੇ ਮੰਨਿਆ ਕਿ ਲੋਕ ਦਿੱਕਤਾਂ ਦਾ ਟਾਕਰਾ ਕਰ ਰਹੇ ਹਨ। ਪੇਸ਼ੇ ਵਜੋਂ ਏਅਰ ਕੰਡੀਸ਼ਨਿੰਗ ਟੈਕਨੀਸ਼ੀਅਨ ਡਿਕਸ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਹਰ ਸਮੱਸਿਆ ਦਾ ਹੱਲ ਲੱਭਣ ਦੀ ਤਾਕਤ ਰਖਦੇ ਹਨ ਅਤੇ ਵੱਖ ਵੱਖ ਮੁਲਕਾਂ ਉਤੇ ਲਾਗੂ ਟੈਰਿਫ਼ਸ ਦਾ ਫ਼ਾਇਦਾ ਜ਼ਰੂਰ ਹੋਵੇਗਾ। ਉਧਰ, ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ 2026 ਦੀਆਂ ਮੱਧਕਾਲੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੋਹਾਂ ਸਦਨਾਂ ਵਿਚ ਬਹੁਮਤ ਗੁਆ ਸਕਦੀ ਹੈ ਅਤੇ ਆਰਥਿਕ ਮਦਦ ਵਾਲੀਆਂ ਅਜਿਹੀਆਂ ਯੋਜਨਾਵਾਂ ਹੀ ਪਾਰਟੀ ਦੀ ਬੇੜੀ ਪਾਰ ਲਾ ਸਕਦੀਆਂ ਹਨ। ਹਾਲ ਹੀ ਵਿਚ ਡੌਨਲਡ ਟਰੰਪ ਪੈਨਸਿਲਵੇਨੀਆ ਦੇ ਮਾਊਂਟ ਏਅਰੀ ਕੈਸੀਨੋ ਵਿਖੇ ਨਜ਼ਰ ਆਏ ਅਤੇ ਆਪਣੇ ਹਮਾਇਤੀਆਂ ਨੂੰ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਕਿ ਮਹਿੰਗਾਈ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਨਾਲ ਹੀ ਜੋਅ ਬਾਇਡਨ ਨੂੰ ਭੰਡਣਾ ਵੀ ਨਾ ਭੁੱਲੇ। ਪਰ ਲੋਕਾਂ ਨੂੰ ਹੁਣ ਸਿਆਸੀ ਬਿਆਨਬਾਜ਼ੀ ਪਸੰਦ ਨਹੀਂ ਆ ਰਹੀ ਅਤੇ ਉਹ ਮਹਿੰਗਾਈ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਚਾਹੁੰਦੇ ਹਨ।

Next Story
ਤਾਜ਼ਾ ਖਬਰਾਂ
Share it