Begin typing your search above and press return to search.

ਅਮਰੀਕਾ ਵਿਚ 15 ਭਾਰਤੀ ਔਰਤਾਂ ਬਣਾਈਆਂ ਗੁਲਾਮ

15 ਭਾਰਤੀ ਔਰਤਾਂ ਨੂੰ ਗੁਲਾਮ ਬਣਾ ਕੇ ਰੱਖਣ ਦੇ ਮਾਮਲੇ ਵਿਚ ਅਮਰੀਕਾ ਪੁਲਿਸ ਵੱਲੋਂ 4 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟੈਕਸਸ ਸੂਬੇ ਦੇ ਪ੍ਰਿੰਸਟਨ ਸ਼ਹਿਰ ਦੀ ਪੁਲਿਸ ਨੇ ਦੱਸਿਆ ਕਿ ਔਰਤਾਂ ਨੂੰ ਭੂੰਜੇ ਸੌਣ ਲਈ ਮਜਬੂਰ ਕੀਤਾ ਜਾਂਦਾ

ਅਮਰੀਕਾ ਵਿਚ 15 ਭਾਰਤੀ ਔਰਤਾਂ ਬਣਾਈਆਂ ਗੁਲਾਮ
X

Upjit SinghBy : Upjit Singh

  |  10 July 2024 5:18 PM IST

  • whatsapp
  • Telegram


ਹਿਊਸਟਨ : 15 ਭਾਰਤੀ ਔਰਤਾਂ ਨੂੰ ਗੁਲਾਮ ਬਣਾ ਕੇ ਰੱਖਣ ਦੇ ਮਾਮਲੇ ਵਿਚ ਅਮਰੀਕਾ ਪੁਲਿਸ ਵੱਲੋਂ 4 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟੈਕਸਸ ਸੂਬੇ ਦੇ ਪ੍ਰਿੰਸਟਨ ਸ਼ਹਿਰ ਦੀ ਪੁਲਿਸ ਨੇ ਦੱਸਿਆ ਕਿ ਔਰਤਾਂ ਨੂੰ ਭੂੰਜੇ ਸੌਣ ਲਈ ਮਜਬੂਰ ਕੀਤਾ ਜਾਂਦਾ ਅਤੇ ਕੌਲਿਨ ਕਾਊਂਟੀ ਦੇ ਘਰ ਵਿਚ ਕੁਝ ਕੰਪਿਊਟਰਾਂ ਤੇ ਕੰਬਲਾਂ ਤੋਂ ਸਿਵਾਏ ਕੁਝ ਵੀ ਨਹੀਂ ਸੀ। ਪੁਲਿਸ ਮੁਤਾਬਕ ਸਬੰਧਤ ਘਰ ਵਿਚ ਸ਼ੱਕੀਆਂ ਸਰਗਰਮੀਆਂ ਬਾਰੇ ਪਤਾ ਲੱਗਣ ’ਤੇ ਪੜਤਾਲ ਆਰੰਭੀ ਗਈ ਅਤੇ ਆਖਰਕਾਰ ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਛਾਪਾ ਮਾਰਿਆ ਗਿਆ।

4 ਭਾਰਤੀਆਂ ਨੂੰ ਟੈਕਸਸ ਸੂਬੇ ਵਿਚ ਕੀਤਾ ਗ੍ਰਿਫ਼ਤਾਰ

ਗ੍ਰਿਫ਼ਤਾਰ ਕੀਤੇ ਚਾਰ ਜਣਿਆਂ ਦੀ ਸ਼ਨਾਖਤ 24 ਸਾਲ ਦੇ ਚੰਦਨ ਦਾਸੀਰੈਡੀ, 31 ਸਾਲ ਦੀ ਦਵਾਰਕਾ ਗੁੰਡਾ, 31 ਸਾਲ ਦੇ ਸੰਤੋਸ਼ ਕਟਕੂਰੀ ਅਤੇ 37 ਸਾਲ ਦੇ ਅਨਿਲ ਮਾਲੇ ਵਜੋਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਮਾਰਚ ਵਿਚ ਹੀ ਹੋ ਗਈ ਸੀ ਅਤੇ ਹੁਣ ਮਨੁੱਖੀ ਤਸਕਰੀ ਸਣੇ ਵੱਖ ਵੱਖ ਦੋਸ਼ ਆਇਦ ਕੀਤੇ ਗਏ ਹਨ। ਇਸ ਮਾਮਲੇ ਵਿਚ ਹੋਰ ਗ੍ਰਿਫ਼ਤਾਰੀਆਂ ਹੋਣ ਤੋਂ ਇਨਕਾਰ ਨਹੀਂ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਔਰਤਾਂ ਤੋਂ ਜ਼ਬਰਦਸਤੀ ਕੰਮ ਕਰਵਾਉਣ ਲੲਂੀ ਵਰਤੇ ਜਾ ਰਹੇ ਘਰ ਵਿਚ ਫਰਨੀਚਰ ਦੇ ਨਾਂ ’ਤੇ ਕੋਈ ਚੀਜ਼ ਨਹੀਂ ਸੀ। ਜਿਨਸਬਰਗ ਲੇਨ ਵਿਖੇ ਸਥਿਤ ਘਰ ਦਾ ਮਾਲਕ ਸੰਤੋਸ਼ ਕਟਕੂਰੀ ਦੱਸਿਆ ਜਾ ਰਿਹਾ ਹੈ ਅਤੇ ਉਸ ਵੱਲੋਂ ਆਪਣੀ ਪਤਨੀ ਦਵਾਰਕਾ ਗੁੰਡਾ ਨਾਲ ਰਲ ਕੇ ਕਈ ਫਰਜ਼ੀ ਕੰਪਨੀਆਂ ਵਾਸਤੇ ਇਨ੍ਹਾਂ ਔਰਤਾਂ ਤੋਂ ਕੰਮ ਕਰਵਾਇਆ ਜਾ ਰਿਹਾ ਸੀ। ਛਾਪੇਮਾਰੀ ਦੌਰਾਨ ਕਈ ਲੈਪਟੌਪ, ਸੈਲਫੋਨ, ਪ੍ਰਿੰਟਰ ਅਤੇ ਫਰਜ਼ੀ ਦਸਤਾਵੇਜ਼ ਬਰਾਮਦ ਕੀਤੇ ਗਏ। ਬਾਅਦ ਵਿਚ ਪਤਾ ਲੱਗਾ ਕਿ ਪ੍ਰਿੰਸਟਨ ਸ਼ਹਿਰ ਦੇ ਕਈ ਹੋਰ ਇਲਾਕਿਆਂ ਵਿਚ ਵੀ ਇਹ ਧੰਦਾ ਚੱਲ ਰਿਹਾ ਸੀ ਜਿਥੋਂ ਕਈ ਪੁਰਸ਼ਾਂ ਨੂੰ ਰਿਹਾਅ ਕਰਵਾਉਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ।

ਪ੍ਰਿੰਸਟਨ ਸ਼ਹਿਰ ਦੀ ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਇਥੇ ਦਸਣਾ ਬਣਦਾ ਹੈ ਕਿ 15 ਔਰਤਾਂ ਨੂੰ ਗੁਲਾਮ ਬਣਾ ਕੇ ਰੱਖਣ ਦੇ ਮਾਮਲੇ ਦੀ ਸੂਹ ਇਕ ਪੈਸਟ ਕੰਟਰੋਲ ਕੰਪਨੀ ਵੱਲੋਂ ਦਿਤੀ ਗਈ। ਕੰਪਨੀ ਦੇ ਮੁਲਾਜ਼ਮ ਘਰ ਵਿਚ ਛਿੜਕਾਅ ਕਰਨ ਗਏ ਤਾਂ ਹਰ ਕਮਰੇ ਵਿਚ ਤਿੰਨ ਤੋਂ ਪੰਜ ਔਰਤਾਂ ਦੇਖੀਆਂ ਜੋ ਭੂੰਜੇ ਹੀ ਸੌਂ ਰਹੀਆਂ ਸਨ ਅਤੇ ਵੱਡੀ ਗਿਣਤੀ ਵਿਚ ਸੂਟਕੇਸ ਵੱਖ ਵੱਖ ਥਾਵਾਂ ’ਤੇ ਪਏ ਨਜ਼ਰ ਆਏ। ਮਾਮਲਾ ਸ਼ੱਕੀ ਮਹਿਸੂਸ ਹੋਣ ’ਤੇ ਕੰਪਨੀ ਵੱਲੋਂ ਪੁਲਿਸ ਨਾਲ ਸੰਪਰਕ ਕੀਤਾ ਗਿਆ। ਪ੍ਰਿੰਸਟਨ ਪੁਲਿਸ ਦੀ ਸਾਰਜੈਂਟ ਕੈਰੋਲਿਨ ਕ੍ਰਾਅਫੋਰਡ ਦਾ ਕਹਿਣਾ ਸੀ ਕਿ 100 ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਇਸ ਮਾਮਲੇ ਵਿਚ ਨਜ਼ਰ ਆਈ ਜਿਨ੍ਹਾਂ ਵਿਚੋਂ ਜ਼ਿਆਦਾਤਰ ਪੀੜਤ ਹਨ। ਚੇਤੇ ਰਹੇ ਕਿ ਅਮਰੀਕਾ ਵਿਚ ਭਾਰਤੀ ਪਰਵਾਰਾਂ ਵੱਲੋਂ ਕਿਰਤੀਆਂ ਨੂੰ ਗੁਲਾਮ ਬਣਾ ਕੇ ਰੱਖਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ ਮਹੀਨੇ ਹਰਮਨਪ੍ਰੀਤ ਸਿੰਘ ਅਤੇ ਕੁਲਬੀਰ ਕੌਰ ਨੂੰ ਇਸ ਮਾਮਲੇ ਵਿਚ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਅਦਾਲਤ ਵੱਲੋਂ 2 ਲੱਖ ਡਾਲਰ ਹਰਜਾਨਾ ਅਦਾ ਕਰਨ ਦੇ ਹੁਕਮ ਵੀ ਦਿਤੇ ਗਏ। ਹਰਮਨਪ੍ਰੀਤ ਸਿੰਘ ਅਤੇ ਕੁਲਬੀਰ ਕੌਰ ਨੂੰ ਆਪਣੇ ਰਿਸ਼ਤੇਦਾਰ ਨੂੰ ਗੁਲਾਮ ਬਣਾ ਕੇ ਰੱਖਣ, ਲਗਾਤਾਰ ਕਈ ਕਈ ਘੰਟੇ ਕੰਮ ਕਰਵਾਉਣ, ਕੁੱਟਮਾਰ ਕਰਨ, ਧਮਕੀਆਂ ਦੇਣ ਅਤੇ ਇੰਮੀਗ੍ਰੇਸ਼ਨ ਦਸਤਾਵੇਜ਼ ਦੱਬ ਕੇ ਰੱਖਣ ਦਾ ਦੋਸ਼ੀ ਕਰਾਰ ਦਿਤਾ ਗਿਆ ਸੀ।

Next Story
ਤਾਜ਼ਾ ਖਬਰਾਂ
Share it