ਅਫ਼ਗਾਨਿਸਤਾਨ ’ਚ 13 ਸਾਲ ਦੇ ਬੱਚੇ ਨੇ ਮਾਰੀ ਪਰਵਾਰ ਦੇ ਕਾਤਲ ਨੂੰ ਗੋਲੀ
ਅਫ਼ਗਾਨਿਸਤਾਨ ਦੀ ਤਾਲਿਬਾਨੀ ਸਰਕਾਰ ਵੱਲੋਂ 13 ਸਾਲ ਦੇ ਬੱਚੇ ਹੱਥੋਂ ਇਕ ਕਾਤਲ ਨੂੰ ਸਜ਼ਾ-ਏ-ਮੌਤ ਦਿਵਾਏ ਜਾਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ

By : Upjit Singh
ਕਾਬੁਲ : ਅਫ਼ਗਾਨਿਸਤਾਨ ਦੀ ਤਾਲਿਬਾਨੀ ਸਰਕਾਰ ਵੱਲੋਂ 13 ਸਾਲ ਦੇ ਬੱਚੇ ਹੱਥੋਂ ਇਕ ਕਾਤਲ ਨੂੰ ਸਜ਼ਾ-ਏ-ਮੌਤ ਦਿਵਾਏ ਜਾਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। 80 ਹਜ਼ਾਰ ਤੋਂ ਵੱਧ ਲੋਕਾਂ ਨਾਲ ਭਰੇ ਸਟੇਡੀਅਮ ਵਿਚ ਕਾਤਲ ਨੂੰ ਗੋਲੀ ਮਾਰੀ ਗਈ ਅਤੇ ਗੋਲੀ ਚਲਾਉਣ ਵਾਲਾ ਬੱਚਾ ਉਸ ਪਰਵਾਰ ਨਾਲ ਸਬੰਧਤ ਸੀ ਜਿਸ ਦੇ ਘੱਟੋ ਘੱਟ 13 ਜੀਆਂ ਦੀ ਹੱਤਿਆ ਦੋਸ਼ੀ ਨੇ ਕੀਤੀ। ਦਰਅਸਲ ਅਦਾਲਤ ਵੱਲੋਂ ਦੋਸ਼ੀ ਨੂੰ ਫਾਂਸੀ ਦੇਣ ਦੇ ਹੁਕਮ ਦਿਤੇ ਗਏ ਪਰ ਤਾਲਿਬਾਨ ਅਧਿਕਾਰੀਆਂ ਨੇ ਮੌਕੇ ’ਤੇ 13 ਸਾਲ ਦੇ ਬੱਚੇ ਨੂੰ ਪੁੱਛਿਆ ਕਿ ਕੀ ਉਹ ਆਪਣੇ ਪਰਵਾਰ ਦੇ ਕਾਤਲ ਨੂੰ ਮੁਆਫ਼ ਕਰਨਾ ਚਾਹੁੰਦਾ ਹੈ, ਜਿਸ ਦੇ ਜਵਾਬ ਵਿਚ ਉਸ ਨੇ ਸਾਫ਼ ਨਾਂਹ ਕਰ ਦਿਤੀ।
80 ਹਜ਼ਾਰ ਲੋਕਾਂ ਦੇ ਸਾਹਮਣੇ ਦੋਸ਼ੀ ਨੂੰ ਮਿਲੀ ਸਜ਼ਾ
ਬੱਚੇ ਦੇ ਨਾਂਹ ਕਰਦਿਆਂ ਇਕ ਅਫ਼ਸਰ ਨੇ ਉਸ ਨੂੰ ਬੰਦੂਕ ਦਿਤੀ ਅਤੇ ਸਾਹਮਣੇ ਖੜ੍ਹੇ ਦੋਸ਼ੀ ਵੱਲ ਗੋਲੀ ਚਲਾਉਣ ਇਸ਼ਾਰਾ ਕੀਤਾ। ਤਾਲਿਬਾਨ ਦੀ ਸੁਪਰੀਮ ਕੋਰਟ ਮੁਤਾਬਕ ਸਜ਼ਾ ਏ ਮੌਤ ਦਾ ਸਾਹਮਣਾ ਕਰ ਰਿਹਾ ਅਪਰਾਧੀ ਮੰਗਾਲ ਖਾਨ ਸੀ ਅਤੇ ਉਸ ਨੇ ਅਬਦੁਲ ਰਹਿਮਾਨ ਨਾਂ ਦੇ ਸ਼ਖਸ ਦਾ ਕਤਲ ਕੀਤਾ। ਉਧਰ ਖੋਸਤ ਸੂਬੇ ਦੀ ਪੁਲਿਸ ਨੇ ਕਿਹਾ ਕਿ ਮਰਨ ਅਤੇ ਮਾਰਨ ਵਾਲੇ ਆਪਸ ਵਿਚ ਰਿਸ਼ਤੇਦਾਰ ਸਨ ਅਤੇ ਇਸ ਮਾਮਲੇ ਵਿਚ ਦੋ ਹੋਰਨਾਂ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਹੈ ਪਰ ਇਸ ਦਾ ਤਾਮੀਲ ਨਾ ਕੀਤੀ ਜਾ ਸਕੀ ਕਿਉਂਕਿ ਪੀੜਤ ਪਰਵਾਰ ਦੇ ਵਾਰਿਸ ਮੌਕੇ ’ਤੇ ਮੌਜੂਦ ਨਹੀਂ ਸਨ। ਦੱਸ ਦੇਈਏ ਕਿ ਇਕ ਦਿਨ ਪਹਿਲਾਂ ਤਾਲਿਬਾਨ ਸਰਕਾਰ ਨੇ ਲੋਕਾਂ ਨੂੰ ਖਾਸ ਤੌਰ ’ਤੇ ਖੋਸਤ ਦੇ ਸੈਂਟ੍ਰਲ ਸਟੇਡੀਅਮ ਵਿਚ ਪੁੱਜਣ ਦਾ ਸੱਦਾ ਦਿਤਾ।
ਤਾਲਿਬਾਨੀਆਂ ਵੱਲੋਂ ਲੋਕਾਂ ਵਿਚ ਖੌਫ਼ ਪੈਦਾ ਕਰਨ ਦਾ ਯਤਨ
13 ਸਾਲ ਦੇ ਬੱਚੇ ਨੇ ਜਿਉਂ ਹੀ ਕੰਮ ਪੂਰਾ ਕੀਤਾ ਤਾਂ ਤਾਲਿਬਾਨ ਸਰਕਾਰ ਵੱਲੋਂ ਸੁਪਰੀਮ ਕੋਰਟ ਨੂੰ ਲਿਖਤੀ ਤੌਰ ’ਤੇ ਇਸ ਬਾਰੇ ਇਤਲਾਹ ਦਿਤੀ ਗਈ। ਮੀਡੀਆ ਰਿਪੋਰਟ ਮੁਤਾਬਕ ਮੰਗਾਲ ਖਾਨ ਅਸਲ ਵਿਚ ਪਕਤੀਆ ਸੂਬੇ ਨਾਲ ਸਬੰਧਤ ਸੀ ਪਰ ਖੋਸਤ ਵਿਚ ਰਹਿੰਦਿਆਂ ਉਸ ਨੇ ਅਬਦੁਲ ਖਾਨ ਤੋਂ ਇਲਾਵਾ ਸਾਬਿਤ ਅਤੇ ਅਲੀ ਖਾਨ ਨੂੰ ਜਾਨੋ ਮਾਰ ਦਿਤਾ। ਤਿੰਨ ਅਦਾਲਤਾਂ ਨੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਮਗਰੋਂ ਸਜ਼ਾ ਏ ਮੌਤ ਦਾ ਫੈਸਲਾ ਸੁਣਾਇਆ। ਸਜ਼ਾ ਉਤੇ ਅਮਲ ਕੀਤੇ ਜਾਣ ਦੌਰਾਨ ਸਟੇਡੀਅਮ ਵਿਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ, ਖੋਸਤ ਸੂਬੇ ਦੇ ਰਾਜਪਾਲ ਅਤੇ ਹੋਰ ਸਰਕਾਰੀ ਅਫ਼ਸਰ ਮੌਜੂਦ ਸਨ। 15 ਅਗਸਤ 2021 ਨੂੰ ਤਾਲਿਬਾਨ ਵੱਲੋਂ ਮੁੜ ਅਫ਼ਗਾਨਿਸਤਾਨ ਵਿਚ ਸੱਤਾ ’ਤੇ ਕਾਬਜ਼ ਹੋਣ ਮਗਰੋਂ 11ਵੀਂ ਵਾਰ ਜਨਤਕ ਤੌਰ ’ਤੇ ਮੌਤ ਦੀ ਸਜ਼ਾ ਦਿਤੀ ਗਈ। ਤਾਲਿਬਾਨੀ ਕਾਨੂੰਨ ਤਹਿਤ ਕਤਲ, ਬਲਾਤਕਾਰ ਅਤੇ ਚੋਰੀ ਵਰਗੇ ਮਾਮਲਿਆਂ ਵਿਚ ਸਜ਼ਾ ਏ ਮੌਤ, ਸਰੀਰ ਦੇ ਅੰਗ ਵੱਢਣ ਜਾਂ ਕੋਰੜੇ ਮਾਰਨ ਦੀ ਸਜ਼ਾ ਸੁਣਾਈ ਜਾ ਸਕਦੀ ਹੈ।


