ਅਮਰੀਕਾ ’ਚ 1200 ਫ਼ਲਾਈਟਸ ਰੱਦ, ਬਰਫ਼ੀਲੇ ਤੂਫ਼ਾਨ ਦਾ ਕਹਿਰ
ਅਮਰੀਕਾ ਵਿਚ ਬਰਫ਼ੀਲੇ ਤੂਫ਼ਾਨ ਦੇ ਕਹਿਰ ਦੌਰਾਨ ਸੈਂਕੜੇ ਫਲਾਈਟਸ ਰੱਦ ਕਰ ਦਿਤੀਆਂ ਗਈਆਂ ਅਤੇ ਹਾਈਵੇਜ਼ ’ਤੇ ਵੱਡੇ ਹਾਦਸੇ ਵਾਪਰਨ ਦੀ ਰਿਪੋਰਟ ਹੈ

By : Upjit Singh
ਸ਼ਿਕਾਗੋ : ਅਮਰੀਕਾ ਵਿਚ ਬਰਫ਼ੀਲੇ ਤੂਫ਼ਾਨ ਦੇ ਕਹਿਰ ਦੌਰਾਨ ਸੈਂਕੜੇ ਫਲਾਈਟਸ ਰੱਦ ਕਰ ਦਿਤੀਆਂ ਗਈਆਂ ਅਤੇ ਹਾਈਵੇਜ਼ ’ਤੇ ਵੱਡੇ ਹਾਦਸੇ ਵਾਪਰਨ ਦੀ ਰਿਪੋਰਟ ਹੈ। ਇਕੱਲੇ ਸ਼ਿਕਾਗੋ ਏਅਰਪੋਰਟ ’ਤੇ ਇਕ ਹਜ਼ਾਰ ਤੋਂ ਵੱਧ ਫਲਾਈਟਸ ਰੱਦ ਹੋਈਆਂ ਅਤੇ ਆਇਓਵਾ ਸੂਬੇ ਦੇ ਦੇਅ ਮੋਇਨ ਇੰਟਰਨੈਸ਼ਨਲ ਏਅਰਪੋਰਟ ’ਤੇ ਡੈਲਟਾ ਏਅਰਨਾਈਨਜ਼ ਦੀ ਫਲਾਈਟ 5087 ਰਨਵੇਟ ਤੋਂ ਤਿਲਕ ਗਈ ਅਤੇ ਕਈ ਮੁਸਾਫ਼ਰਾਂ ਨੇ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਡੈਲਟਾ ਏਅਰਲਾਈਨਜ਼ ਨੇ ਮੁਸਾਫ਼ਰਾ ਤੋਂ ਮੁਆਫ਼ੀ ਮੰਗਦਿਆਂ ਕਿਹਾ ਹੈ ਕਿ ਲੋਕਾਂ ਦੀ ਸੁਰੱਖਿਆ ਸਭ ਤੋਂ ਉਤੇ ਹੈ। ਉਧਰ ਇੰਡਿਆਨਾ ਸੂਬੇ ਵਿਚ ਇੰਟਰਸਟੇਟ-70 ’ਤੇ ਦਰਜਨਾਂ ਕਾਰਾਂ ਅਤੇ ਟਰੱਕ ਆਪਸ ਵਿਚ ਭਿੜ ਗਏ। ਇੰਡਿਆਨਾ ਸਟੇਟ ਪੁਲਿਸ ਮੁਤਾਬਕ ਇਲੀਨੌਇ ਦੇ ਬਾਰਡਰ ਨੇੜੇ ਵਾਪਰੇ ਹਾਦਸੇ ਵਿਚ ਘੱਟੋ ਘੱਟ 45 ਗੱਡੀਆਂ ਸ਼ਾਮਲ ਸਨ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਆਈ-70 ’ਤੇ ਦਰਜਨਾਂ ਟਰੱਕਾਂ ਅਤੇ ਕਾਰਾਂ ਦੀ ਹੋਈ ਟੱਕਰ
ਦੂਜੇ ਪਾਸੇ ਨਿਊ ਯਾਰਕ ਸੂਬੇ ਦੇ ਵੈਸਟਮੋਰਲੈਂਡ ਇਲਾਕੇ ਵਿਚ 25 ਇੰਚ ਬਰਫ਼ਬਾਰੀ ਹੋਣ ਅਤੇ ਬਫਲੋ ਦੇ ਇਲੀਕੌਟਵਿਲ ਵਿਖੇ 19 ਇੰਚ ਬਰਫ਼ ਡਿੱਗਣ ਦੀ ਰਿਪੋਰਟ ਹੈ। ਵਿਸਕੌਨਸਿਨ ਦੇ ਮਿਲਵੌਕੀ ਸ਼ਹਿਰ ਵਿਚ ਹਾਲਾਤ ਨੂੰ ਵੇਖਦਿਆਂ ਸਨੋਅ ਐਮਰਜੰਸੀ ਦਾ ਐਲਾਨ ਕੀਤਾ ਗਿਆ। ਅਮਰੀਕਾ ਦੇ ਵੱਖ ਵੱਖ ਇਲਾਕਿਆਂ ਵਿਚ ਬਰਫ਼ੀਲੇ ਮੌਸਮ ਕਾਰਨ 104 ਵੱਡੇ ਹਾਦਸੇ ਵਾਪਰਨ ਦੀ ਰਿਪੋਰਟ ਹੈ। ਇਸੇ ਤਰ੍ਹਾਂ ਓਹਾਇਓ ਅਤੇ ਮਿਸ਼ੀਗਨ ਵਿਚ ਭਾਰੀ ਬਰਫ਼ਬਾਰੀ ਹੋ ਚੁੱਕੀ ਹੈ ਜਦਕਿ ਆਇਓਵਾ ਅਤੇ ਵਿਸਕੌਨਸਿਨ ਦੇ ਕਈ ਇਲਾਕਿਆਂ ਵਿਚ ਤਕਰੀਬਨ ਇਕ ਫੁੱਟ ਤੱਕ ਬਫ਼ਬਾਰੀ ਦਰਜ ਕੀਤੀ ਗਈ। ਮੱਧ-ਪੱਛਮੀ ਅਮਰੀਕਾ ਦੇ ਕਰੋੜਾਂ ਲੋਕਾਂ ਨੂੰ ਫ਼ਿਲਹਾਲ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਅਤੇ ਸੋਮਵਾਰ ਦੇ ਮੰਗਲਵਾਰ ਦੀ ਦਰਮਿਆਨ ਰਾਤ ਨਿਊ ਇੰਗਲੈਂਡ ਸਣੇ ਕਈ ਇਲਾਕਿਆਂ ਵਿਚ ਇਕ ਫੁੱਟ ਤੋਂ ਵੱਧ ਬਰਫ਼ ਡਿੱਗ ਸਕਦੀ ਹੈ।
ਏਅਰਪੋਰਟ ’ਤੇ ਜਹਾਜ਼ ਤਿਲਕਿਆ, ਵਾਲ-ਵਾਲ ਬਚੇ ਮੁਸਾਫ਼ਰ
ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਪੈਨਸਿਲਵੇਨੀਆ ਅਤੇ ਨਿਊ ਯਾਰਕ ਸੂਬੇ ਦੇ ਕਈ ਇਲਾਕਿਆਂ ਵਿਚ ਵੀ ਭਾਰੀ ਬਰਫ਼ਬਾਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਵਰਮੌਂਟ, ਨਿਊ ਹੈਂਪਸ਼ਾਇਰ ਅਤੇ ਮੈਸਾਚਿਊਸੈਟਸ ਦੇ ਪੱਛਮੀ ਇਲਾਕੇ ਵੀ ਮਾਰ ਹੇਠ ਆਉਣ ਦੇ ਆਸਾਰ ਹਨ। ਮੌਸਮ ਵਿਗਿਆਨੀਆਂ ਮੁਤਾਬਕ ਗਰੇਟ ਲੇਕਸ ਤੋਂ ਪੈਦਾ ਹੋਇਆ ਘੱਟ ਦਬਾਅ ਵਾਲਾ ਖੇਤਰ ਅਤੇ ਨੇਵਾਡਾ ਦੇ ਗਰੇਟ ਬੇਸਿਨ ਤੋਂ ਸ਼ੁਰੂ ਹੋਈ ਗੜਬੜੀ ਕਾਰਨ ਮੌਸਮ ਖ਼ਤਰਨਾਕ ਰੂਪ ਅਖਤਿਆਰ ਕਰ ਰਿਹਾ ਹੈ। ਸੋਮਵਾਰ ਬਾਅਦ ਦੁਪਹਿਰ ਕੈਨਸਸ ਅਤੇ ਮਿਜ਼ੋਰੀ ਰਾਜਾਂ ਵਿਚ ਹਲਕੇ ਬਰਫ਼ਬਾਰੀ ਹੋਣ ਦੇ ਆਸਾਰ ਹਨ ਜਦਕਿ ਅੰਕਸਾ ਦੇ ਕੁਝ ਹਿੱਸਿਆਂ ਵਿਚ ਫ਼ਰੀਜ਼ਿੰਗ ਰੇਨ ਦੀ ਪੇਸ਼ੀਨਗੋਈ ਕੀਤੀ ਗਈ ਹੈ। ਸੋਮਵਾਰ ਰਾਤ ਤੱਕ ਮਿਸੀਸਿਪੀ, ਐਲਾਬਾਮਾ ਅਤੇ ਪੱਛਮੀ ਜਾਰਜੀਆ ਵਿਚ ਭਾਰਤੀ ਮੀਂਹ ਪੈ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਏਅਰਬੱਸ ਦੇ ਏ-320 ਹਵਾਈ ਜਹਾਜ਼ਾਂ ਦੇ ਸਾਫ਼ਟਵੇਅਰ ਵਿਚ ਆਈ ਦਿੱਕਤ ਅਤੇ ਫਿਲਾਡੈਲਫੀਆ ਏਅਰਪੋਰਟ ’ਤੇ ਬੰਬ ਦੀ ਧਮਕੀ ਨੇ ਅਮਰੀਕਾ ਵਿਚ ਏਅਰ ਟ੍ਰੈਫ਼ਿਕ ਪ੍ਰਭਾਵਤ ਕੀਤਾ। ਸਿਰਫ਼ ਐਨਾ ਹੀ ਨਹੀਂ ਤੇਜ਼ ਹਵਾਵਾਂ ਕਾਰਨ ਕਈ ਪ੍ਰਮੁੱਖ ਹਵਾਈ ਅੱਡਿਆਂ ’ਤੇ ਫਲਾਈਟਸ ਪ੍ਰਭਾਵਤ ਹੋਣ ਦੀ ਚਿਤਾਵਨੀ ਵੀ ਦਿਤੀ ਗਈ।


