ਅਮਰੀਕਾ ’ਚ 12 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ
ਅਮਰੀਕਾ ਵਿਚ 12 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ ਪਰ ਇੰਮੀਗ੍ਰੇਸ਼ਨ ਵਾਲਿਆਂ ਨੂੰ ਧਰਤੀ ’ਤੇ ਜਗ੍ਹਾ ਨਹੀਂ ਲੱਭ ਰਹੀ ਜਿਥੇ ਇਨ੍ਹਾਂ ਨੂੰ ਭੇਜਿਆ ਜਾ ਸਕੇ।

By : Upjit Singh
ਵਾਸ਼ਿੰਗਟਨ : ਅਮਰੀਕਾ ਵਿਚ 12 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ ਪਰ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੂੰ ਧਰਤੀ ’ਤੇ ਜਗ੍ਹਾ ਨਹੀਂ ਲੱਭ ਰਹੀ ਜਿਥੇ ਇਨ੍ਹਾਂ ਨੂੰ ਭੇਜਿਆ ਜਾ ਸਕੇ। ਦੂਜੇ ਪਾਸੇ ਟਰੰਪ ਸਰਕਾਰ ਨੂੰ ਪ੍ਰਵਾਨ ਕਰਨਾ ਪਿਆ ਕਿ ਯੂ.ਐਸ. ਸਿਟੀਜ਼ਨਜ਼ ਨੂੰ ਡਿਪੋਰਟ ਕਰਨ ਦਾ ਉਨ੍ਹਾਂ ਕੋਲ ਕੋਈ ਹੱਕ ਨਹੀਂ। ਜੀ ਹਾਂ, ਡੌਨਲਡ ਟਰੰਪ ਦੀ ਇੰਮੀਗ੍ਰੇਸ਼ਨ ਮੰਤਰੀ ਕ੍ਰਿਸਟੀ ਨੋਇਮ ਨੇ ਸੰਸਦ ਦੀ ਇਕ ਸਬ-ਕਮੇਟੀ ਅੱਗੇ ਪੇਸ਼ ਹੁੰਦਿਆਂ ਦੱਸਿਆ ਕਿ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਵਾਸਤੇ ਕਈ ਮੁਲਕਾਂ ਨਾਲ ਗੱਲਬਾਤ ਚੱਲ ਰਹੀ ਹੈ। ਟਰੰਪ ਦੇ ਡਿਪੋਰਟੇਸ਼ਨ ਪ੍ਰੋਗਰਾਮ ਬਾਰੇ ਕ੍ਰਿਸਟੀ ਨੋਇਮ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਸਬ-ਕਮੇਟੀ ਵਿਚ ਡੈਮੋਕ੍ਰੈਟਿਕ ਪਾਰਟੀ ਦੀ ਮੈਂਬਰ ਲੌਰਨ ਅੰਡਰਵੁੱਡ ਨੇ ਹਰ ਸਵਾਲ ’ਤੇ ਘੇਰਨ ਦਾ ਯਤਨ ਕੀਤਾ।
ਪੇਸ਼ੀ ਦੌਰਾਨ ਘਿਰ ਗਈ ਟਰੰਪ ਦੀ ਇੰਮੀਗ੍ਰੇਸ਼ਨ ਮੰਤਰੀ
ਅੰਡਰਵੁੱਡ ਨੇ ਤਲਖ ਲਹਿਜ਼ੇ ਵਿਚ ਪੁੱਛਿਆ ਕਿ ਕੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਦਿਆਂ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਜਵਾਬ ਵਿਚ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਨੇ ਗੱਲ ਘੁਮਾਉਣ ਦਾ ਯਤਨ ਕੀਤਾ ਪਰ ਅੰਡਰਵੁੱਡ ਸਿੱਧੀ ਹੋ ਗਈ ਅਤੇ ਹਾਂ ਜਾਂ ਨਾਂਹ ਵਿਚ ਜਵਾਬ ਦੇਣ ਲਈ ਆਖਿਆ। ਕ੍ਰਿਸਟੀ ਨੋਇਮ ਵੱਲੋਂ ਨਹੀਂ ਕਹਿੰਦਿਆਂ ਹੀ ਅੰਡਰਵੁੱਡ ਨੇ ਅਗਲਾ ਸਵਾਲ ਦਾਗ ਦਿਤਾ ਅਤੇ ਪੁੱਛਿਆ ਕਿ ਕੀ ਸਰਕਾਰ ਅਮਰੀਕੀ ਨਾਗਰਿਕਾਂ ਨੂੰ ਡਿਪੋਰਟ ਕਰਨ ਦਾ ਹੱਕ ਹੈ। ਇਥੇ ਕ੍ਰਿਸਟੀ ਨੋਇਮ ਕਸੂਤੀ ਫਸ ਗਈ ਅਤੇ ਇਹ ਕਹਿ ਕੇ ਖਹਿੜਾ ਛੁਡਾਉਣਾ ਪਿਆ ਕਿ ਨਹੀਂ, ਸਰਕਾਰ ਕੋਲ ਕੋਈ ਹੱਕ ਨਹੀਂ। ਅੰਡਰਵੁੱਡ ਨੇ ਕ੍ਰਿਸਟੀ ਨੋਇਮ ਦੇ ਮੂੰਹ ’ਤੇ ਦੋਸ਼ ਲਾਇਆ ਕਿ ਉਹ ਮੁਲਕਾ ਦੇ ਸੰਵਿਧਾਨ ਤੋਂ ਜ਼ਿਆਦਾ ਆਪਣੇ ਰਾਸ਼ਟਰਪਤੀ ਨੂੰ ਤਵੱਜੋ ਦੇ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦਾ ਇੰਮੀਗ੍ਰੇਸ਼ਨ ਵਿਭਾਗ ਗ੍ਰਹਿ ਸੁਰੱਖਿਆ ਮੰਤਰਾਲੇ ਦੇ ਅਧੀਨ ਆਉਂਦਾ ਹੈ ਅਤੇ ਟਰੰਪ ਦੇ ਸੱਤਾ ਸੰੰਭਾਲਣ ਮਗਰੋਂ ਪਹਿਲੀ ਵਾਰ ਉਨ੍ਹਾਂ ਦੀ ਮੰਤਰੀ ਨੂੰ ਢੁਕਵੇਂ ਜਵਾਬ ਦੇਣ ਵਿਚ ਦਿੱਕਤਾਂ ਆਈਆਂ। ਦੱਸ ਦੇਈਏ ਕਿ ਪਨਾਮਾ, ਕੌਸਟਾ ਰੀਕਾ ਜਾਂ ਅਲ ਸਲਵਾਡੋਰ ਵਰਗੇ ਮੁਲਕਾਂ ਵੱਲ ਵੱਡੀ ਗਿਣਤੀ ਵਿਚ ਪ੍ਰਵਾਸੀ ਡਿਪੋਰਟ ਕਰਨੇ ਸੌਖੇ ਨਹੀਂ ਜਿਸ ਦੇ ਮੱਦੇਨਜ਼ਰ ਟਰੰਪ ਸਰਕਾਰ ਲੀਬੀਆ, ਅੰਗੋਲਾ, ਮਾਲਡੋਵਾ, ਰਵਾਂਡਾ ਅਤੇ ਬੈਨਿਨ ਵਰਗੇ ਮੁਲਕਾਂ ਵੱਲ ਵੀ ਗੈਰਕਾਨੂੰਨੀ ਪ੍ਰਵਾਸੀ ਭੇਜਣ ਦੇ ਯਤਨ ਕਰ ਰਹੀ ਹੈ।
ਟਰੰਪ ਸਰਕਾਰ ਨੇ ਮੰਨਿਆ, ਯੂ.ਐਸ. ਸਿਟੀਜ਼ਨ ਡਿਪੋਰਟ ਕਰਨ ਦਾ ਹੱਕ ਨਹੀਂ
ਪ੍ਰਵਾਸੀਆਂ ਨੂੰ ਲੀਬੀਆ ਡਿਪੋਰਟ ਕਰਨ ਦਾ ਵਿਰੋਧ ਹੋ ਰਿਹਾ ਹੈ ਜਿਥੇ 2011 ਤੋਂ ਘਰੇਲੂ ਜੰਗ ਛਿੜੀ ਹੋਈ ਹੈ ਅਤੇ ਲੋਕ ਆਪਣੀ ਜਾਨ ਬਚਾ ਕੇ ਯੂਰਪੀ ਮੁਲਕਾਂ ਵੱਲ ਜਾ ਰਹੇ ਹਨ। ਉਧਰ ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ਮੁਤਾਬਕ ‘ਆਈਸ ਬਾਰਬੀ’ ਦੇ ਨਾਂ ਨਾਲ ਪ੍ਰਸਿੱਧ ਕ੍ਰਿਸਟੀ ਨੋਇਮ ਵਿਰੁੱਧ ਕੰਮ ਦੌਰਾਨ ਮੇਕਅੱਪ ਲਾਉਣ ਦੇ ਦੋਸ਼ ਵੀ ਲੱਗ ਚੁੱਕੇ ਹਨ। ਅਮਰੀਕਾ ਦੇ ਸਾਊਥ ਡੈਕੋਟਾ ਸੂਬੇ ਦੀ ਗਵਰਨਰ ਰਹਿ ਚੁੱਕੀ ਕ੍ਰਿਸਟੀ ਨੋਇਮ ਵਿਰੁੱਧ ਪਿਛਲੇ ਸਮੇਂ ਦੌਰਾਨ ਦੋਸ਼ ਲੱਗੇ ਸਨ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਆਈਸ ਵੱਲੋਂ ਆਰੰਭੀ ਕਾਰਵਾਈ ਦੌਰਾਨ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ਦੀ ਇਸ ਦੀ ਜਾਣਕਾਰੀ ਲੀਕ ਕਰ ਦਿਤੀ।


