ਯੂਰਪ ਦੇ ਮੌਂਟੇਨੀਗਰੋ ਵਿਖੇ 10 ਜਣਿਆਂ ਦਾ ਗੋਲੀਆਂ ਮਾਰ ਕੇ ਕਤਲ
ਯੂਰਪੀ ਮੁਲਕ ਮੌਂਟੇਨੀਗਰੋ ਵਿਖੇ ਨਵੇਂ ਸਾਲ ਮੌਕੇ ਇਕ ਸਿਰਫਿਰੇ ਨੇ ਅੰਨ੍ਹੇਵਾਹ ਗੋਲੀਆਂ ਚਲਾਉਂਦਿਆਂ ਆਪਣੇ ਪਰਵਾਰਕ ਮੈਂਬਰਾਂ ਸਣੇ 10 ਜਣਿਆਂ ਦਾ ਕਤਲ ਕਰ ਦਿਤਾ।
By : Upjit Singh
ਮੌਂਟੇਨੀਗਰੋ : ਯੂਰਪੀ ਮੁਲਕ ਮੌਂਟੇਨੀਗਰੋ ਵਿਖੇ ਨਵੇਂ ਸਾਲ ਮੌਕੇ ਇਕ ਸਿਰਫਿਰੇ ਨੇ ਅੰਨ੍ਹੇਵਾਹ ਗੋਲੀਆਂ ਚਲਾਉਂਦਿਆਂ ਆਪਣੇ ਪਰਵਾਰਕ ਮੈਂਬਰਾਂ ਸਣੇ 10 ਜਣਿਆਂ ਦਾ ਕਤਲ ਕਰ ਦਿਤਾ। ਮਰਨ ਵਾਲਿਆਂ ਵਿਚ 2 ਮਾਸੂਮ ਬੱਚੇ ਵੀ ਸ਼ਾਮਲ ਹਨ ਜਦਕਿ 4 ਹੋਰ ਜ਼ਖਮੀ ਹੋ ਗਏ। ਵਾਰਦਾਤ ਮਗਰੋਂ ਸਮੂਹਕ ਕਤਲੇਆਮ ਦਾ ਜ਼ਿੰਮੇਵਾਰ ਮੌਕੇ ਤੋਂ ਫਰਾਰ ਹੋ ਗਿਆ ਜਿਸ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਰਿਪੋਰਟ ਹੈ।
ਮਰਨ ਵਾਲਿਆਂ ਵਿਚ 2 ਮਾਸੂਮ ਬੱਚੇ ਵੀ ਸ਼ਾਮਲ, 4 ਜ਼ਖਮੀ
ਇਕ ਮੀਡੀਆ ਰਿਪੋਰਟ ਮੁਤਾਬਕ ਪਰਵਾਰਕ ਝਗੜਾ ਗੋਲੀਬਾਰੀ ਦਾ ਕਾਰਨ ਬਣਿਆ ਪਰ ਕੁਝ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਝਗੜਾ ਸ਼ਰਾਬਖਾਨੇ ਵਿਚ ਸ਼ੁਰੂ ਹੋਇਆ। ਨਵਾਂ ਸਾਲ ਚੜ੍ਹਦਿਆਂ ਹੀ ਵਾਪਰੀ ਵਾਰਦਾਤ ਦੇ ਮੱਦੇਨਜ਼ਰ ਮੌਂਟੇਨੀਗਰੋ ਸਰਕਾਰ ਵੱਲੋਂ ਕੌਮੀ ਸੋਗ ਦਾ ਐਲਾਨ ਕਰ ਦਿਤਾ ਗਿਆ। ਪ੍ਰਧਾਨ ਮੰਤਰੀ ਮਿਲੌਜ਼ਕੋ ਸਪਾਜਿਕ ਨੇ ਵਾਰਦਾਤ ਨੂੰ ਵੱਡੀ ਤਰਾਸਦੀ ਕਰਾਰ ਦਿਤਾ ਅਤੇ ਹਮਲੇ ਦੌਰਾਨ ਜ਼ਖਮੀ ਹੋਏ ਲੋਕਾਂ ਵਿਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਵੱਲੋਂ ਸ਼ੱਕੀ ਦੀ ਸ਼ਨਾਖਤ 45 ਸਾਲ ਦੇ ਅਲੈਗਜ਼ੈਂਡਰ ਮਾਰਟੀਨੋਵਿਚ ਵਜੋਂ ਕੀਤੀ ਗਈ ਹੈ ਜੋ ਮੁਢਲੇ ਤੌਰ ’ਤੇ ਸ਼ਰਾਬਖਾਨੇ ਵਿਚ ਮੌਜੂਦ ਸੀ ਅਤੇ ਉਥੇ ਹੀ ਝਗੜਾ ਸ਼ੁਰੂ ਹੋਇਆ। ਮਾਰਟੀਨੋਵਿਚ ਸ਼ਰਾਬ ਦੇ ਨਸ਼ੇ ਵਿਚ ਸੀ ਅਤੇ ਝਗੜੇ ਮਗਰੋ ਘਰ ਚਲਾ ਗਿਆ ਅਤੇ ਬੰਦੂਕ ਚੁੱਕ ਕੇ ਵਾਪਸੀ ਕਰਦਿਆਂ ਸ਼ਰਾਬਖਾਨੇ ਦੇ ਮਾਲਕ ਅਤੇ ਉਸ ਦੇ ਦੋ ਬੱਚਿਆਂ ਨੂੰ ਗੋਲੀ ਮਾਰ ਦਿਤੀ। ਇਸ ਮਗਰੋਂ ਮਾਰਟੀਨੋਵਿਚ ਨੇ ਤਿੰਨ ਹੋਰਨਾਂ ਥਾਵਾਂ ’ਤੇ ਜਾ ਕੇ ਗੋਲੀਆਂ ਚਲਾਈਆਂ। ਪੁਲਿਸ ਮੁਤਾਬਕ ਮਾਰਟੀਨੋਵਿਚ ਪਹਿਲਾਂ ਵੀ ਕਈ ਅਪਰਾਧਾਂ ਵਿਚ ਸ਼ਾਮਲ ਰਹਿ ਚੁੱਕਾ ਹੈ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਉਸ ਨੂੰ ਸਜ਼ਾ ਵੀ ਹੋ ਚੁੱਕੀ ਹੈ।
ਪੁਲਿਸ ਵੱਲੋਂ ਘੇਰਾ ਪਾਉਣ ’ਤੇ ਸ਼ੱਕੀ ਨੇ ਕੀਤੀ ਖੁਦਕੁਸ਼ੀ
ਗੋਲੀਬਾਰੀ ਬਾਰੇ ਪਤਾ ਲਗਦਿਆਂ ਹੀ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿਤੀ ਅਤੇ ਸ਼ੱਕੀ ਦੇ ਆਪਣੇ ਹੀ ਘਰ ਵਿਚ ਮੌਜੂਦ ਹੋਣ ਬਾਰੇ ਪਤਾ ਲੱਗਾ। ਪੁਲਿਸ ਵੱਲੋਂ ਲਾਊਡ ਸਪੀਕਰ ਰਾਹੀਂ ਮਾਰਟੀਨੋਵਿਚ ਨੂੰ ਹਥਿਆਰ ਸੁੱਟ ਕੇ ਆਤਮ ਸਮਰਪਣ ਕਰਨ ਦਾ ਸੱਦਾ ਦਿਤਾ ਗਿਆ ਪਰ ਉਸ ਨੇ ਆਪਣੀ ਹੀ ਬੰਦੂਕ ਰਾਹੀਂ ਖੁਦ ਨੂੰ ਗੋਲੀ ਮਾਰ ਲਈ। ਪੁਲਿਸ ਮੁਖੀ ਲਾਜ਼ਾਰ ਸਕੈਪੈਨੋਵਿਚ ਨੇ ਦੱਸਿਆ ਕਿ ਸ਼ੱਕੀ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸਿਰਫ਼ 6 ਲੱਖ 20 ਹਜ਼ਾਰ ਦੀ ਵਸੋਂ ਵਾਲੇ ਮੌਂਟੇਨੀਗਰੋ ਵਿਚ ਇਸ ਤੋਂ ਪਹਿਲਾਂ ਅਗਸਤ 2022 ਵਿਚ ਗੋਲੀਬਾਰੀ ਦੀ ਵਾਰਦਾਤ ਸਾਹਮਣੇ ਆਈ ਅਤੇ ਉਸ ਵੇਲੇ ਵੀ 10 ਜਣੇ ਮਾਰੇ ਗਏ ਸਨ ਜਦਕਿ ਹਮਲਾਵਰ ਨੂੰ ਇਕ ਰਾਹਗੀਰ ਨੇ ਗੋਲੀ ਮਾਰ ਕੇ ਹਲਾਕ ਕਰ ਦਿਤਾ।