Begin typing your search above and press return to search.

ਪੰਜਾਬ ਵਰਗਾ ਹੁੰਦਾ ਜਾ ਰਿਹਾ ਹੈ ਜੰਮੂ ਕਸ਼ਮੀਰ ਦਾ ਹਾਲ!

ਸ੍ਰੀਨਗਰ, (ਸ਼ਾਹ) : ਪੰਜਾਬ ਵਿਚ ਇਸ ਸਮੇਂ ਨਸ਼ੇ ਨੇ ਆਪਣੇ ਪੂਰੀ ਤਰ੍ਹਾਂ ਪੈਰ ਪਸਾਰੇ ਹੋਏ ਨੇ, ਜਿਸ ਦੇ ਚਲਦਿਆਂ ਵੱਡੀ ਗਿਣਤੀ ਵਿਚ ਨੌਜਵਾਨ ਨਸ਼ੇ ਦੀ ਦਲਦਲ ਵਿਚ ਗਰਕਦੇ ਜਾ ਰਹੇ ਨੇ ਅਤੇ ਇਸ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦੈ। ਭਾਵੇਂ ਕਿ ਹੋਰ ਸੂਬਿਆਂ ਦੀ ਸਰਹੱਦ ਵੀ ਪਾਕਿਸਤਾਨ ਦੇ ਨਾਲ ਲਗਦੀ ਐ ਪਰ ਪੰਜਾਬ ਵਰਗਾ […]

ਪੰਜਾਬ ਵਰਗਾ ਹੁੰਦਾ ਜਾ ਰਿਹਾ ਹੈ ਜੰਮੂ ਕਸ਼ਮੀਰ ਦਾ ਹਾਲ!
X

Hamdard Tv AdminBy : Hamdard Tv Admin

  |  6 Sept 2023 9:51 AM IST

  • whatsapp
  • Telegram

ਸ੍ਰੀਨਗਰ, (ਸ਼ਾਹ) : ਪੰਜਾਬ ਵਿਚ ਇਸ ਸਮੇਂ ਨਸ਼ੇ ਨੇ ਆਪਣੇ ਪੂਰੀ ਤਰ੍ਹਾਂ ਪੈਰ ਪਸਾਰੇ ਹੋਏ ਨੇ, ਜਿਸ ਦੇ ਚਲਦਿਆਂ ਵੱਡੀ ਗਿਣਤੀ ਵਿਚ ਨੌਜਵਾਨ ਨਸ਼ੇ ਦੀ ਦਲਦਲ ਵਿਚ ਗਰਕਦੇ ਜਾ ਰਹੇ ਨੇ ਅਤੇ ਇਸ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦੈ। ਭਾਵੇਂ ਕਿ ਹੋਰ ਸੂਬਿਆਂ ਦੀ ਸਰਹੱਦ ਵੀ ਪਾਕਿਸਤਾਨ ਦੇ ਨਾਲ ਲਗਦੀ ਐ ਪਰ ਪੰਜਾਬ ਵਰਗਾ ਹਾਲ ਕਿਤੇ ਨਹੀਂ।

ਹੁਣ ਖ਼ਬਰ ਇਹ ਆ ਰਹੀ ਐ ਕਿ ਜੰਮੂ-ਕਸ਼ਮੀਰ ਦਾ ਹਾਲ ਵੀ ਹੁਣ ਪੰਜਾਬ ਵਰਗਾ ਹੁੰਦਾ ਜਾ ਰਿਹਾ ਏ। ਯਾਨੀ ਕਿ ਜੰਮੂ-ਕਸ਼ਮੀਰ ਵਿਚ ਚਿੱਟੇ ਦਾ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਏ। ਪੰਜਾਬ ਵਿਚੋਂ ਅੱਤਵਾਦ ਖ਼ਤਮ ਕਰਨ ਲਈ ਸਰਕਾਰਾਂ ਦਾ ਸਾਥ ਦੇਣ ਦੀ ਜਿਹੜੀ ਸਜ਼ਾ ਪੰਜਾਬੀਆਂ ਨੂੰ ਨਸ਼ੇ ਦੇ ਰੂਪ ਵਿਚ ਮਿਲੀ, ਉਹੀ ਹੁਣ ਕਸ਼ਮੀਰੀਆਂ ਨੂੰ ਮਿਲਣੀ ਸ਼ੁਰੂ ਹੋ ਗਈ ਐ।


ਜੰਮੂ-ਕਸ਼ਮੀਰ ਵਿਚ ਡਰੱਗ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਏ। ਇਹ ਦਾਅਵਾ ਇੰਡੀਅਨ ਐਕਸਪ੍ਰੈੱਸ ਦੀ ਇਕ ਰਿਪੋਰਟ ਵਿਚ ਕੀਤਾ ਗਿਆ ਏ। ਜਾਣਕਾਰੀ ਅਨੁਸਾਰ ਘਾਟੀ ਦੇ ਸਭ ਤੋਂ ਵੱਡੇ ਨਸ਼ਾ ਮੁਕਤੀ ਕੇਂਦਰ ਵਿਚ ਨੌਜਵਾਨਾਂ ਦੇ ਆਉਣ ਦੀ ਗਿਣਤੀ ਵਿਚ 75 ਫ਼ੀਸਦੀ ਦਾ ਵਾਧਾ ਦੇਖਿਆ ਗਿਆ।

ਸ੍ਰੀਨਗਰ ਦੇ ਮਹਾਰਾਜਾ ਹਰੀ ਸਿੰਘ ਹਸਪਤਾਲ ਵਿਚ ਘਾਟੀ ਦਾ ਸਭ ਤੋਂ ਵੱਡਾ ਨਸ਼ਾ ਮੁਕਤੀ ਕੇਂਦਰ ਚਲਦਾ ਏ। ਮਾਰਚ 2022 ਤੋਂ ਮਾਰਚ 2023 ਦੇ ਵਿਚਕਾਰ ਇੱਥੇ ਨਸ਼ੇ ਦੇ ਸ਼ਿਕਾਰ ਹੋਏ 41 ਹਜ਼ਾਰ 110 ਨੌਜਵਾਨ ਪਹੁੰਚੇ ਸਨ, ਜਦਕਿ ਮਾਰਚ 2021 ਤੋਂ ਮਾਰਚ 2022 ਦੇ ਵਿਚਕਾਰ ਇਹ ਅੰਕੜਾ 23 ਹਜ਼ਾਰ 403 ਸੀ। ਰਿਪੋਰਟ ਵਿਚ ਦੱਸਿਆ ਗਿਆ ਏ ਕਿ 2022 ਤੋਂ 2023 ਦੇ ਵਿਚਕਾਰ ਹਰ 12 ਮਿੰਟ ਵਿਚ ਇਕ ਮਰੀਜ਼, ਹਰ ਘੰਟੇ ਪੰਜ ਮਰੀਜ਼ ਅਤੇ ਰੋਜ਼ਾਨਾ 114 ਮਰੀਜ਼ ਓਪੀਡੀ ਵਿਚ ਪਹੁੰਚੇ ਸੀ। ਯਕੀਨਨ ਤੌਰ ’ਤੇ ਇਹ ਅੰਕੜਾ ਕਾਫ਼ੀ ਚਿੰਤਾਜਨਕ ਐ।


ਸਭ ਤੋਂ ਖ਼ਾਸ ਗੱਲ ਇਹ ਐ ਕਿ ਨਸ਼ਾ ਕਰਨ ਵਾਲੇ 90 ਫ਼ੀਸਦੀ ਮੁੰਡਿਆਂ ਦੀ ਉਮਰ 17 ਤੋਂ 30 ਸਾਲ ਦੇ ਵਿਚਕਾਰ ਐ। ਜੰਮੂ ਕਸ਼ਮੀਰ ਦੇ ਮੌਜੂਦਾ ਹਾਲਾਤ ਇਹ ਬਣ ਚੁੱਕੇ ਨੇ ਕਿ ਡੀਜੀਪੀ ਦਿਲਬਾਗ ਸਿੰਘ ਵੱਲੋਂ ਇਸ ਮੰਦਭਾਗੇ ਰੁਝਾਨ ਨੂੰ ਅੱਤਵਾਦ ਨਾਲ ਵੀ ਜੋੜ ਦਿੱਤਾ ਗਿਆ ਏ। ਡੀਜੀਪੀ ਨੇ ਆਖਿਆ ਕਿ ਜੰਮੂ ਕਸ਼ਮੀਰ ਦਾ ਸਮਾਜ ਜਿਹੜੇ ਨਸ਼ੀਲੇ ਪਦਾਰਥਾਂ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਏ, ਉਹ ਅੱਤਵਾਦ ਤੋਂ ਵੀ ਜ਼ਿਆਦਾ ਖ਼ਤਰਨਾਕ ਐ। ਜੇਕਰ ਇਸ ’ਤੇ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਕਾਫ਼ੀ ਦੇਰ ਹੋ ਜਾਵੇਗੀ। ਡੀਜੀਪੀ ਘਾਟੀ ਵਿਚ ਡਰੱਗ ਦੀ ਸਮੱਸਿਆ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਮੰਨਦੇ ਨੇ। ਉਨ੍ਹਾਂ ਮੁਤਾਬਕ ਪਾਕਿਸਤਾਨੀ ਏਜੰਸੀਆਂ ਅੱਤਵਾਦ ਦੀਆਂ ਘਟਨਾਵਾਂ ਵਧਾਉਣ ਲਈ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਰਹੀਆਂ ਨੇ। ਇਸ ਨਾਲ ਅੱਤਵਾਦੀ ਅਤੇ ਸੋਸ਼ਲ ਕ੍ਰਾਈਮ ਦਾ ਮੇਲ ਹੋ ਰਿਹਾ ਏ। ਡੀਜੀਪੀ ਦਾ ਕਹਿਣਾ ਏ ਕਿ ਪਾਕਿਸਤਾਨ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਸ਼ਾਂਤੀ ਦਾ ਰਸਤਾ ਚੁਣਨ ਲਈ ਸਜ਼ਾ ਦੇ ਰਿਹਾ ਏ। ਉਨ੍ਹਾਂ ਆਖਿਆ ਕਿ ‘‘ਪੰਜਾਬ ਵਿਚ ਵੀ ਅਜਿਹਾ ਕੀਤਾ ਗਿਆ, ਉਥੇ ਜਿਵੇਂ ਹੀ ਅੱਤਵਾਦ ਖ਼ਤਮ ਹੋਇਆ ਤਾਂ ਡਰੱਗ ਦੀ ਸਮੱਸਿਆ ਬਹੁਤ ਜ਼ਿਆਦਾ ਭਿਆਨਕ ਹੋ ਗਈ, ਹੁਣ ਜੰਮੂ ਕਸ਼ਮੀਰ ਵੀ ਇਸੇ ਦਿਸ਼ਾ ਵੱਲ ਵਧਦਾ ਜਾ ਰਿਹਾ ਏ।’’


ਰਿਪੋਰਟ ਦੇ ਮੁਤਾਬਕ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਜ਼ਿਆਦਾ ਵਰਤੋਂ 15 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਕਰ ਰਹੇ ਨੇ। ਜੰਮੂ ਕਸ਼ਮੀਰ ਸਰਕਾਰ ਦੇ ਸਹਿਯੋਗ ਨਾਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਜ਼ ਨੇ ਇਕ ਸਰਵੇ ਕੀਤਾ ਸੀ, ਜਿਸ ਵਿਚ ਸਾਹਮਣੇ ਆਇਆ ਕਿ ਨਸ਼ਾ ਕਰਨ ਵਾਲੇ ਹਰ ਚਾਰ ਨੌਜਵਾਨਾਂ ਵਿਚੋਂ ਇਕ ਨੌਜਵਾਨ ਬੇਰੁਜ਼ਗਾਰ ਐ। ਇਸ ਵਿਚ 15 ਫ਼ੀਸਦੀ ਲੋਕ ਗ੍ਰੈਜੂਏਟ ਨੇ, 14 ਫ਼ੀਸਦੀ ਇੰਟਰ ਮੀਡੀਏਟ ਪਾਸ, 33 ਫ਼ੀਸਦੀ ਮੈਟ੍ਰਿਕ ਅਤੇ 8 ਫ਼ੀਸਦੀ ਨੌਜਵਾਨ ਅਨਪੜ੍ਹ ਨੇ।

ਰਿਪੋਰਟ ਵਿਚ ਪੁਲਿਸ ਰਿਕਾਰਡ ਦੇ ਹਵਾਲੇ ਨਾਲ ਦੱਸਿਆ ਗਿਆ ਏ ਕਿ ਸਾਲ 2019 ਵਿਚ ਜੰਮੂ ਕਸ਼ਮੀਰ ਵਿਚ 103 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਸੀ। 2022 ਵਿਚ ਇਹ ਵਧ ਕੇ 240 ਕਿਲੋ ਹੋ ਗਈ ਸੀ। ਕਸ਼ਮੀਰ ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਹਰ ਚਾਰ ਵਿਚੋਂ ਤਿੰਨ ਲੋਕ ਹੈਰੋਇਨ ਦਾ ਸੇਵਨ ਕਰਦੇ ਨੇ। ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਜ਼ ਦੇ ਸਰਵੇ ਵਿਚ ਸਾਹਮਣੇ ਆਇਆ ਏ ਕਿ ਹੈਰੋਇਨ ਦਾ ਆਦੀ ਹਰ ਵਿਅਕਤੀ ਮਹੀਨੇ ਵਿਚ ਔਸਤਨ 88 ਹਜ਼ਾਰ 183 ਰੁਪਏ ਖ਼ਰਚ ਕਰਦਾ ਏ।


ਇੱਧਰ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਨਕੇਲ ਪਾਉਣ ਲਈ ਪੂਰੀ ਯੋਜਨਾਬੰਦੀ ਤਿਆਰ ਕਰ ਲਈ ਐ, ਜਿਸ ਦੇ ਚਲਦਿਆਂ ਨਸ਼ਾ ਤਸਕਰਾਂ ਨੂੰ ਭਾਜੜਾਂ ਪਈਆਂ ਹੋਈਆਂ ਨੇ। ਪਿਛਲੇ ਕੁੱਝ ਹੀ ਸਮੇਂ ਵਿਚ ਸੈਂਕੜੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਫਰੀਜ ਕੀਤੀਆਂ ਜਾ ਚੁੱਕੀਆਂ ਨੇ।

ਸੂਤਰਾਂ ਅਨੁਸਾਰ ਇਹ ਵੀ ਸੁਣਨ ਵਿਚ ਆ ਰਿਹਾ ਏ ਕਿ ਹੁਣ ਜੰਮੂ ਕਸ਼ਮੀਰ ਪੁਲਿਸ ਨੂੰ ਇਹ ਡਰ ਸਤਾ ਰਿਹਾ ਐ ਕਿ ਇਹ ਨਸ਼ਾ ਤਸਕਰ ਹੁਣ ਜੰਮੂ ਕਸ਼ਮੀਰ ਨੂੰ ਆਪਣਾ ਨਿਸ਼ਾਨਾ ਬਣਾਉਣਗੇ ਕਿਉਂਕਿ ਜੰਮੂ ਕਸ਼ਮੀਰ ਦੇ ਲੋਕ ਹੁਣ ਸੂਬੇ ਵਿਚ ਸ਼ਾਂਤੀ ਚਾਹੁੰਦੇ ਨੇ ਅਤੇ ਉਹ ਅੱਤਵਾਦੀਆਂ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਵਿਚ ਨਹੀਂ ਆਉਂਦੇ। ਇਸ ਕਰਕੇ ਹੁਣ ਦੁਸ਼ਮਣ ਦੇਸ਼ ਨੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਇਸ ਗੱਲ ਦੀ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ ਐ ਡਰੱਗ ਦੇ ਰੂਪ ਵਿਚ, ਜਿਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀ ਗਈ ਸੀ।


ਸੋ ਸਰਕਾਰ ਨੂੰ ਚਾਹੀਦੈ ਕਿ ਉਹ ਹੁਣੇ ਤੋਂ ਜੰਮੂ ਕਸ਼ਮੀਰ ਵਿਚ ਫੈਲ ਰਹੇ ਨਸ਼ਿਆਂ ਦੇ ਜਾਲ ਨੂੰ ਖ਼ਤਮ ਕਰੇ, ਨਹੀਂ ਤਾਂ ਇਹ ਜ਼ਹਿਰ ਪੰਜਾਬ ਵਾਂਗ ਜੰਮੂ ਕਸ਼ਮੀਰ ਦੀ ਨੌਜਵਾਨ ਪੀੜ੍ਹੀ ਨੂੰ ਵੀ ਤਬਾਹ ਕਰਕੇ ਰੱਖ ਦੇਵੇਗਾ। ਫਿਰ ਉਥੇ ਲਿਆਂਦੀ ਗਈ ਸ਼ਾਂਤੀ ਦਾ ਵੀ ਕੋਈ ਮਹੱਤਵ ਨਹੀਂ ਰਹਿ ਜਾਵੇਗਾ।

Next Story
ਤਾਜ਼ਾ ਖਬਰਾਂ
Share it