ਕੰਜ਼ਰਵੇਟਿਵ ਆਗੂ ਵੱਲੋਂ ਜਹਾਜ਼ ’ਚ ਦਿਤਾ ਭਾਸ਼ਣ ਸੋਸ਼ਲ ਮੀਡੀਆ ’ਤੇ ਚਰਚਾ ਵਿਚ
ਕੈਲਗਰੀ, 12 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਹਵਾਈ ਜਹਾਜ਼ ਵਿਚ ਦਿਤਾ ਭਾਸ਼ਣ ਸੋਸ਼ਲ ਮੀਡੀਆ ’ਤੇ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ। ਕੁਝ ਲੋਕ ਟੋਰੀ ਆਗੂ ਦੀ ਹਮਾਇਤ ਕਰ ਰਹੇ ਹਨ ਜਦਕਿ ਕੁਝ ਵਿਰੋਧ ਵਿਚ ਨਿੱਤਰ ਆਏ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਪੌਇਲੀਐਵ ਨੇ ਇਹ ਭਾਸ਼ਣ ਕਿਊਬੈਕ ਸਿਟੀ ਤੋਂ ਕੈਲਗਰੀ ਜਾ […]
By : Editor (BS)
ਕੈਲਗਰੀ, 12 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਹਵਾਈ ਜਹਾਜ਼ ਵਿਚ ਦਿਤਾ ਭਾਸ਼ਣ ਸੋਸ਼ਲ ਮੀਡੀਆ ’ਤੇ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ। ਕੁਝ ਲੋਕ ਟੋਰੀ ਆਗੂ ਦੀ ਹਮਾਇਤ ਕਰ ਰਹੇ ਹਨ ਜਦਕਿ ਕੁਝ ਵਿਰੋਧ ਵਿਚ ਨਿੱਤਰ ਆਏ।
ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਪੌਇਲੀਐਵ ਨੇ ਇਹ ਭਾਸ਼ਣ ਕਿਊਬੈਕ ਸਿਟੀ ਤੋਂ ਕੈਲਗਰੀ ਜਾ ਰਹੀ ਫਲਾਈਟ ਵਿਚ ਦਿਤਾ ਜਿਸ ਵਿਚ ਜ਼ਿਆਦਾਤਰ ਕੰਜ਼ਰਵੇਟਿਵ ਪਾਰਟੀ ਦੇ ਡੈਲੀਗੇਟ ਸਵਾਰ ਸਨ। ਕੁਝ ਲੋਕ ਸਵਾਲ ਉਠਾ ਰਹੇ ਹਨ ਕਿ ਕੀ ਇਕ ਪਬਲਿਕ ਫਲਾਈਟ ਵਿਚ ਕਿਸੇ ਸਿਆਸੀ ਪਾਰਟੀ ਦੇ ਆਗੂ ਦਾ ਭਾਸ਼ਣ ਵਾਜਬ ਹੈ।
ਇਸੇ ਦੌਰਾਨ ਵੈਸਟਜੈਟ ਦੇ ਇਕ ਬੁਲਾਰੇ ਨੇ ਕਿਹਾ ਕਿ ਇਹ ਇਕ ਸਾਧਾਰਣ ਫਲਾਈਟ ਸੀ ਜਿਸ ਵਿਚ ਕੋਈ ਵੀ ਟਿਕਟ ਬੁੱਕ ਕਰ ਸਕਦਾ ਸੀ। ਫਿਰ ਵੀ ਇਸ ਵਿਚ ਕੰਜ਼ਰਵੇਟਿਵ ਪਾਰਟੀ ਦੇ ਡੈਲੀਗੇਟਸ ਦੀ ਗਿਣਤੀ ਕਾਫੀ ਰਹੀ। ਬੁਲਾਰੇ ਨੇ ਅੱਗੇ ਕਿਹਾ ਕਿ ਜਹਾਜ਼ ਵਿਚ ਮੁਸਾਫ਼ਰਾਂ ਨੂੰ ਸੰਬੋਧਤ ਕਰਨ ਵਾਲਾ ਸਿਸਟਮ ਸਿਰਫ ਏਅਰਲਾਈਨ ਦੇ ਮੁਲਾਜ਼ਮਾਂ ਵਾਸਤੇ ਹੁੰਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਕੈਲਗਰੀ ਜਾ ਰਹੀ ਫਲਾਈਟ ਵਿਚ ਤੈਨਾਤ ਮੁਲਾਜ਼ਮਾਂ ਨੇ ਪੌਇਲੀਐਵ ਨੂੰ ਮਾਈਕ ’ਤੇ ਬੋਲਣ ਦੀ ਇਜਾਜ਼ਤ ਦਿਤੀ।
ਉਧਰ ਪੌਇਲੀਐਵ ਦਾ ਵਿਰੋਧ ਕਰਨ ਵਾਲਿਆਂ ਵਿਚ ਜੂਨੋ ਐਵਾਰਡ ਜੇਤੂ ਟੈਲੀਵਿਜ਼ਨ ਸਟਾਰ ਅਤੇ ਲੇਖਿਕਾ ਜੈਨ ਆਰਡਨ ਵੀ ਸ਼ਾਮਲ ਰਹੀ ਜਿਸ ਨੇ ਟਵੀਟ ਕਰਦਿਆਂ ਕਿਹਾ ਕਿ ਕਿਸੇ ਜਹਾਜ਼ ਦੇ ਮੁਸਾਫ਼ਰਾਂ ਨੂੰ ਸੰਬੋਧਨ ਕਰਨ ਵਾਲਾ ਸਿਸਟਮ ਕੋਈ ਸਿਆਸੀ ਔਜ਼ਾਰ ਨਹੀਂ ਜਿਸ ਨੂੰ ਸੋਸ਼ਲ ਮੀਡੀਆ ਵਾਸਤੇ ਵਰਤਿਆ ਜਾਵੇ। ਪੌਇਲੀਐਵ ਦੀ ਹਮਾਇਤ ਵਿਚ ਆਈ ਐਲੀ ਨੇ ਆਖਿਆ ਕਿ ਵੈਸਟਜੈਟ ਵੱਲੋਂ ਇਸ ਫਲਾਈਟ ਦਾ ਪ੍ਰਬੰਧ ਖਾਸ ਤੌਰ ’ਤੇ ਕਨਵੈਨਸ਼ਨ ਵਿਚ ਸ਼ਾਮਲ ਹੋਣ ਵਾਲਿਆਂ ਲਈ ਕੀਤਾ ਗਿਆ।
ਕੁਝ ਲੋਕ ਕਹਿ ਰਹੇ ਸਨ ਕਿ ਵੀਡੀਓ ਰਾਹੀਂ ਇਹ ਦਿਖਾਉਣ ਦਾ ਯਤਨ ਕੀਤਾ ਗਿਆ ਕਿ ਫਲਾਈਟ ਵਿਚ ਸਿਰਫ ਸਾਧਾਰਣ ਮੁਸਾਫਰ ਸਨ ਅਤੇ ਕੰਜ਼ਰਵੇਟਿਵ ਪਾਰਟੀ ਨਾਲ ਇਸ ਦਾ ਕੋਈ ਸਬੰਧ ਨਹੀਂ। ਸੋਸ਼ਲ ਮੀਡੀਆ ’ਤੇ ਹੋ ਰਹੀ ਬਹਿਸ ਦਰਮਿਆਨ ਮਾਊਂਟ ਰੌਇਲ ਯੂਨੀਵਰਸਿਟੀ ਵਿਚ ਰਾਜਨੀਤੀ ਵਿਗਿਆਨ ਦੀ ਪ੍ਰੋਫੈਸਰ ਲੌਰੀ ਵਿਲੀਅਮਜ਼ ਨੇ ਕਿਹਾ ਕਿ ਭਾਸ਼ਣ ਦਾ ਕੋਈ ਸਿਆਸੀ ਮਕਸਦ ਨਹੀਂ ਸੀ ਅਤੇ ਇਸ ਨਾਲ ਕੰਜ਼ਰਵੇਟਿਵ ਪਾਰਟੀ ਨੂੰ ਕੋਈ ਫਾਇਦਾ ਹੋਣ ਦੇ ਆਸਾਰ ਨਹੀਂ।
ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ ਜਿਸ ਕੰਜ਼ਰਵੇਟਿਵ ਪਾਰਟੀ ਨਾਲ ਜੁੜਨ ਦੇ ਇੱਛਕ ਲੋਕ ਇਸ ਵੀਡੀਓ ਕਰ ਕੇ ਦੂਰ ਹੋ ਸਕਦੇ ਹਨ। ਵੀਡੀਓ ਵਿਚ ਪਿਅਰੇ ਪੌਇਲੀਐਵ ਕਹਿੰਦੇ ਹਨ, ‘‘ਮੇਰੇ ਜੱਦੀ ਸ਼ਹਿਰ ਕੈਲਗਰੀ ਜਾ ਰਹੀ ਵੈਸਟਜੈਟ ਦੀ ਫਲਾਈਟ ਵਿਚ ਤੁਹਾਡੇ ਨਾਲ ਸਫਰ ਕਰਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਮਗਰੋਂ ਟੋਰੀ ਆਗੂ ਵੱਲੋਂ 45 ਸੈਕਿੰਡ ਜਾਰੀ ਰਹਿਣ ਵਾਲਾ ਭਾਸ਼ਣ ਦਿਤਾ ਜਾਂਦਾ ਹੈ।