Begin typing your search above and press return to search.
ਵਿਦਿਆਰਥੀਆਂ ਦੀਆਂ ਹੱਤਿਆਵਾ ਦਾ ਮਾਮਲਾ, ਪੁਲਿਸ ਅਫਸਰ ਬਰੀ, ਮਾਪਿਆਂ ਦਾ ਦੋਸ਼
By : Editor (BS)
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਮਈ 2022 ਵਿਚ ਯੂਵੇਲਡ, ਟੈਕਸਾਸ ਵਿਚ 19 ਸਕੂਲੀ ਵਿਦਿਆਰਥੀਆਂ ਦੀਆਂ ਹੋਈਆਂ ਸਮੂਹਿਕ ਹੱਤਿਆਵਾਂ ਦੇ ਮਾਮਲੇ ਵਿਚ ਜਾਂਚ ਅਧਿਕਾਰੀ ਵੱਲੋਂ ਰਿਪੋਰਟ ,ਜਿਸ ਵਿਚ ਕਿਸੇ ਵੀ ਪੁਲਿਸ ਅਫਸਰ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ, ਪੇਸ਼ ਕਰਨ ਦੇ ਕੁਝ ਹੀ ਪਲਾਂ ਬਾਅਦ ਮਾਪਿਆਂ ਨੇ ਸਿਟੀ ਕੌਂਸਲ ਦੀ ਮੀਟਿੰਗ ਵਿਚ ਜਬਰਦਸਤ ਰੋਸ ਦਾ ਪ੍ਰਗਟਾਵਾ ਕੀਤਾ। ਸਾਬਕਾ ਡਿਟੈਕਟਿਵ ਜੈਸ ਪਰਾਡੋ ਰਿਪੋਰਟ ਪੇਸ਼ ਕਰਨ ਉਪਰੰਤ ਸਵਾਲਾਂ ਦਾ ਜਵਾਬ ਦਿੱਤੇ ਬਗੈਰ ਯੂਵੇਲਡ ਵਿਚ ਹੋਈ ਮੀਟਿੰਗ ਵਿਚੋਂ ਚਲਾ ਗਿਆ ਸੀ। ਮੀਟਿੰਗ ਵਿਚ ਸ਼ਾਮਿਲ ਕਿੰਬਰਲੀ ਮਾਟਾ ਰੂਬੀਓ ਜਿਸ ਦੀ ਧੀ ਮਰਨ ਵਾਲੇ ਵਿਦਿਆਰਥੀਆਂ ਵਿਚ ਸ਼ਾਮਿਲ ਸੀ, ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਮਾਮਲੇ ਵਿੱਚ ਉਨਾਂ ਕੋਲੋਂ ਕੋਈ ਸਪਸ਼ਟੀਕਰਨ ਸੁਣਨਾ ਨਹੀਂ ਚਹੁੰਦੀ, ਉਹ ਚਹੁੰਦੀ ਹੈ ਕਿ ਜਾਂਚ ਅਧਿਕਾਰੀ ਨੂੰ ਵਾਪਿਸ ਮੀਟਿੰਗ ਵਿਚ ਸੱਦਿਆ ਜਾਵੇ। ਮੀਟਿੰਗ ਵਿਚ ਸ਼ਾਮਲ ਹੋਰ ਮਾਪਿਆਂ ਨੇ ਵੀ ਉਨਾਂ ਦੀ ਇਸ ਮੰਗ ਦਾ ਸਮਰਥਨ ਕੀਤਾ। ਉਪਰੰਤ ਜੈਸ ਪਰਾਡੋ ਨੂੰ ਵਾਪਿਸ ਆਉਣਾ ਪਿਆ। ਪਰਾਡੋ ਨੇ ਮੰਨਿਆ ਕਿ ਲਾਅ ਇਨਫੋਰਸਮੈਂਟ ਅਫਸਰ ਤੁਰੰਤ ਕਾਰਵਾਈ ਕਰਨ ਵਿੱਚ ਨਾਕਾਮ ਰਹੇ ਹਨ ਪਰੰਤੂ ਉਹ ਇਸ ਵਾਸਤੇ ਕਿਸੇ ਵਿਸ਼ੇਸ਼ ਪੁਲਿਸ ਅਫਸਰ ਦੀ ਪਛਾਣ ਨਹੀਂ ਕਰ ਸਕੇ। ਆਪਣੀ ਰਿਪੋਰਟ ਵਿਚ ਉਨਾਂ ਨੇ ਕਿਹਾ ਕਿ ਅਫਸਰਾਂ ਨੇ ਚੰਗੀ ਭਾਵਨਾ ਨਾਲ ਹਮਲਾਵਰ ਗੰਨਮੈਨ ਵਿਰੁੱਧ ਕਾਰਵਾਈ ਕੀਤੀ ਜੋ ਇਸ ਕਾਰਵਾਈ ਦੌਰਾਨ ਜਖਮੀ ਵੀ ਹੋਏ। ਇਸ ਤੋਂ ਪਹਿਲਾਂ ਕਿ ਪਰਾਡੋ ਆਪਣੀ ਗੱਲ ਪੂਰੀ ਕਰਦਾ ਮ੍ਰਿਤਕ ਬੱਚਿਆਂ ਦੇ ਮਾਪੇ ਮੀਟਿੰਗ ਵਿਚੋਂ ਉੱਠ ਕੇ ਚਲੇ ਗਏ।
Next Story