ਚੋਣ ਨਤੀਜਾ ਦੱਸੂ, ਕਿਸਾਨੀ ਅੰਦੋਲਨ ਫ਼ੇਲ੍ਹ ਜਾਂ ਪਾਸ?
ਚੰਡੀਗੜ੍ਹ, ਪਰਦੀਪ ਸਿੰਘ: ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਇਕ ਦੂਜੇ ’ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਹਨ, ਜਿਵੇਂ ਜਿਵੇਂ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ, ਓਵੇਂ ਹੀ ਲੀਡਰਾਂ ਦੇ ਸਿਆਸੀ ਬਾਣ ਹੋਰ ਤਿੱਖੇ ਹੁੰਦੇ ਜਾ ਰਹੇ ਹਨ ਪਰ ਪਹਿਲੀ ਵਾਰ ਇਕੱਲਿਆਂ ਚੋਣ ਮੈਦਾਨ ’ਚ ਨਿੱਤਰੀ ਭਾਜਪਾ ਲਈ […]
By : Editor Editor
ਚੰਡੀਗੜ੍ਹ, ਪਰਦੀਪ ਸਿੰਘ: ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਇਕ ਦੂਜੇ ’ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਹਨ, ਜਿਵੇਂ ਜਿਵੇਂ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ, ਓਵੇਂ ਹੀ ਲੀਡਰਾਂ ਦੇ ਸਿਆਸੀ ਬਾਣ ਹੋਰ ਤਿੱਖੇ ਹੁੰਦੇ ਜਾ ਰਹੇ ਹਨ ਪਰ ਪਹਿਲੀ ਵਾਰ ਇਕੱਲਿਆਂ ਚੋਣ ਮੈਦਾਨ ’ਚ ਨਿੱਤਰੀ ਭਾਜਪਾ ਲਈ ਕਿਸਾਨਾਂ ਦਾ ਵਿਰੋਧ ਵੱਡੀ ਚੁਣੌਤੀ ਬਣਿਆ ਹੋਇਆ ਏ। ਭਾਜਪਾ ਉਮੀਦਵਾਰ ਜਿੱਥੇ ਵੀ ਪ੍ਰਚਾਰ ਲਈ ਜਾਂਦੇ ਹਨ, ਕਿਸਾਨ ਉਥੇ ਹੀ ਕਾਲੀਆਂ ਝੰਡੀਆਂ ਲੈ ਕੇ ਪਹੁੰਚ ਜਾਂਦੇ ਹਨ। ਕਿਸਾਨਾਂ ਦੇ ਇਸ ਵਿਰੋਧ ਦਾ ਕੋਈ ਅਸਰ ਹੋਵੇਗਾ ਜਾਂ ਨਹੀਂ? ਇਹ ਚੋਣ ਨਤੀਜੇ ਤੋਂ ਬਾਅਦ ਪਤਾ ਚੱਲੇਗਾ।
ਪੰਜਾਬ ਵਿਚ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਪਹਿਲੀਆਂ ਚੋਣਾਂ ਦੇ ਨਾਲੋਂ ਕਾਫ਼ੀ ਜ਼ਿਆਦਾ ਅਹਿਮ ਨੇ ਕਿਉਂਕਿ ਇਕ ਤਾਂ ਇਸ ਵਾਰ ਭਾਜਪਾ, ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਬਸਪਾ ਅਤੇ ਮਾਨ ਦਲ ਵਰਗੀਆਂ ਛੇ-ਛੇ ਸਿਆਸੀ ਪਾਰਟੀਆਂ ਆਪੋ ਆਪਣੇ ਦਮ ’ਤੇ ਚੋਣ ਮੈਦਾਨ ਵਿਚ ਕੁੱਦੀਆਂ ਹੋਈਆਂ ਹਨ, ਦੂਜਾ ਕਿਸਾਨੀ ਅੰਦੋਲਨ ਦਾ ਪ੍ਰਭਾਵ ਵੀ ਇਨ੍ਹਾਂ ਚੋਣਾਂ ’ਤੇ ਦੇਖਣ ਨੂੰ ਮਿਲੇਗਾ, ਜਿਨ੍ਹਾਂ ਵੱਲੋਂ ਪਹਿਲੀ ਵਾਰ ਚੋਣ ਮੈਦਾਨ ਵਿਚ ਕੁੱਦੀ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਏ, ਉਨ੍ਹਾਂ ਪਾਸੋਂ ਸਵਾਲ ਪੁੱਛੇ ਜਾ ਰਹੇ ਨੇ, ਕਈ ਥਾਵਾਂ ’ਤੇ ਪਿੰਡਾਂ ਵਿਚ ਭਾਜਪਾ ਉਮੀਦਵਾਰਾਂ ਦੀ ‘ਨੋ ਐਂਟਰੀ’ ਦੇ ਬੋਰਡ ਤੱਕ ਲਗਾਏ ਜਾ ਚੁੱਕੇ ਨੇ। ਯਾਨੀ ਕਿ ਕਿਸਾਨਾਂ ਨੇ ਭਾਜਪਾ ਉਮੀਦਵਾਰਾਂ ਨੂੰ ਹਰਾਉਣ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਪਰ ਹੈਰਾਨੀ ਇਸ ਗੱਲ ਦੀ ਐ ਕਿ ਇਸ ਸਭ ਦੇ ਬਾਵਜੂਦ ਭਾਜਪਾ ਨੇ ਪ੍ਰਚਾਰ ਦੀਆਂ ਧੂੜਾਂ ਪੁੱਟੀਆਂ ਹੋਈਆਂ ।
ਪਟਿਆਲਾ ਦੀ ਗੱਲ ਕਰੀਏ ਤਾਂ ਇੱਥੇ ਕਿਸਾਨਾਂ ਵੱਲੋਂ ਲਗਾਤਾਰ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਏ। ਪ੍ਰਨੀਤ ਕੌਰ ਜਿੱਥੇ ਵੀ ਪ੍ਰਚਾਰ ਕਰਨ ਲਈ ਜਾਂਦੀ ਐ ਤਾਂ ਕਿਸਾਨ ਉਥੇ ਹੀ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਪ੍ਰਦਰਸ਼ਨ ਕਰਨ ਲਈ ਪਹੁੰਚ ਜਾਂਦੇ ਨੇ। ਇਸੇ ਵਿਰੋਧ ਪ੍ਰਦਰਸ਼ਨ ਦੇ ਚਲਦਿਆਂ ਪਿਛਲੇ ਦਿਨੀਂ ਪਟਿਆਲਾ ਦੇ ਪਿੰਡ ਸਿਹਰਾ ਵਿਖੇ ਇਕ ਕਿਸਾਨ ਦੀ ਮੌਤ ਤੱਕ ਹੋ ਗਈ ਸੀ। ਕਿਸਾਨ ਆਗੂਆਂ ਨੇ ਕਿਸਾਨ ਦੀ ਮੌਤ ਲਈ ਮਹਾਰਾਣੀ ਪ੍ਰਨੀਤ ਕੌਰ ਸਮੇਤ ਉਨ੍ਹਾਂ ਭਾਜਪਾ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ, ਜਿਨ੍ਹਾਂ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਬਾਵਜੂਦ ਪ੍ਰਨੀਤ ਕੌਰ ਨੂੰ ਪਿੰਡ ਵਿਚ ਬੁਲਾਇਆ ਸੀ। ਭਾਵੇਂ ਕਿ ਇਸ ਮਾਮਲੇ ਵਿਚ ਕੇਸ ਦਰਜ ਹੋ ਗਿਆ ਸੀ ਪਰ ਬਾਅਦ ਵਿਚ ਕਿਸਾਨਾਂ ਨੇ ਆਪਣਾ ਵਿਰੋਧ ਹੋਰ ਵੀ ਤੇਜ਼ ਕਰ ਦਿੱਤਾ। ਹੁਣ ਭਾਜਪਾ ਵੱਲੋਂ ਪ੍ਰਨੀਤ ਕੌਰ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਏ। ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਖ਼ਤ ਸੁਰੱਖਿਆ ਪਹਿਰੇ ਵਿਚ ਪ੍ਰਨੀਤ ਕੌਰ ਦੇ ਲਈ ਚੋਣ ਪ੍ਰਚਾਰ ਕਰਕੇ ਗਏ ਨੇ, ਜਿਸ ਤੋਂ ਬਾਅਦ ਪ੍ਰਨੀਤ ਕੌਰ ਦੇ ਚੋਣ ਪ੍ਰਚਾਰ ਨੂੰ ਕਾਫ਼ੀ ਬਲ ਮਿਲਿਆ ।
ਕਿਸਾਨਾਂ ਵੱਲੋਂ ਪ੍ਰਨੀਤ ਕੌਰ ਤੋਂ ਇਲਾਵਾ ਸਭ ਤੋਂ ਜ਼ਿਆਦਾ ਵਿਰੋਧ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ, ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ, ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਦਾ ਹੀ ਕੀਤਾ ਜਾ ਰਿਹਾ ਏ, ਜਦਕਿ ਬਾਕੀ ਭਾਜਪਾ ਉਮੀਦਵਾਰਾਂ ਦਾ ਇੰਨਾ ਜ਼ਿਆਦਾ ਵਿਰੋਧ ਨਹੀਂ ਕੀਤਾ ਜਾ ਰਿਹਾ। ਉਪਰੋਕਤ ਸਾਰੇ ਉਮੀਦਵਾਰ ਆਪੋ ਆਪਣੀਆਂ ਸੀਟਾਂ ’ਤੇ ਚੰਗਾ ਪ੍ਰਭਾਵ ਰੱਖਦੇ ਨੇ ਅਤੇ ਮੌਜੂਦਾ ਸਮੇਂ ਵਿਰੋਧੀਆਂ ਨੂੰ ਚੰਗੀ ਟੱਕਰ ਦੇ ਰਹੇ ਨੇ। ਭਾਜਪਾ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਐ ਕਿ ਕਿਸਾਨਾਂ ਦੀ ਆੜ ਵਿਚ ਕੁੱਝ ਸ਼ਰਾਰਤੀ ਅਨਸਰ ਅਤੇ ਵਿਰੋਧੀ ਪਾਰਟੀਆਂ ਦੇ ਨੇਤਾ ਜਾਂ ਵਰਕਰ ਭਾਜਪਾ ਉਮੀਦਵਾਰਾਂ ਦੇ ਚੋਣ ਪ੍ਰਚਾਰ ਦਾ ਵਿਰੋਧ ਕਰਨ ਵਿਚ ਲੱਗੇ ਹੋਏ ਨੇ। ਹੈਰਾਨੀ ਦੀ ਗੱਲ ਇਹ ਐ ਕਿ ਇਹ ਵਿਰੋਧ ਉਨ੍ਹਾਂ ਸੀਟਾਂ ’ਤੇ ਜ਼ਿਆਦਾ ਹੋ ਰਿਹਾ ਏ, ਜਿੱਥੇ ਭਾਜਪਾ ਦੇ ਉਮੀਦਵਾਰ ਜ਼ਿਆਦਾ ਮਜ਼ਬੂਤ ਹਨ।
ਪਿਛਲਾ ਕਿਸਾਨੀ ਅੰਦੋਲਨ ਸਾਲ ਭਰ ਤੱਕ ਚੱਲਿਆ, ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਨੇ ਆਖ਼ਰਕਾਰ ਮੋਦੀ ਸਰਕਾਰ ਨੂੰ ਝੁਕਾਅ ਦੇ ਦਮ ਲਿਆ ਸੀ, ਕੇਂਦਰ ਸਰਕਾਰ ਨੂੰ ਆਪਣੇ ਤਿੰਨੇ ਖੇਤੀ ਕਾਨੂੰਨ ਰੱਦ ਕਰਨੇ ਪਏ ਸੀ, ਜਿਸ ਤੋਂ ਬਾਅਦ ਹੀ ਕਿਸਾਨ ਆਪੋ ਆਪਣੇ ਘਰਾਂ ਨੂੰ ਪਰਤੇ ਸੀ। ਮੋਰਚਾ ਫ਼ਤਿਹ ਕਰਕੇ ਪਰਤੇ ਕਿਸਾਨਾਂ ਦਾ ਬਹੁਤ ਸ਼ਾਨਦਾਰ ਸਵਾਗਤ ਹੋਇਆ, ਕਿਸਾਨ ਆਗੂਆਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਕਿਉਂਕਿ ਕੇਂਦਰ ਸਰਕਾਰ ਕੋਲੋਂ ਖੇਤੀ ਕਾਨੂੰਨ ਰੱਦ ਕਰਵਾਉਣੇ ਕਿਸਾਨੀ ਅੰਦੋਲਨ ਦੀ ਵੱਡੀ ਸਫ਼ਲਤਾ ਸੀ,, ਉਹ ਕਿਸਾਨੀ ਅੰਦੋਲਨ ਦੇ ਰਿਜ਼ਲਟ ਦਾ ਦਿਨ ਸੀ, ਜਿਸ ਵਿਚ ਕਿਸਾਨ ਫੁੱਲ ਬਟਾ ਫੁੱਲ ਨੰਬਰਾਂ ’ਚ ਪਾਸ ਹੋਏ ਸੀ।
ਇਸ ਵਾਰ ਫਿਰ ਕਿਸਾਨੀ ਅੰਦੋਲਨ 2.0 ਚੱਲ ਰਿਹਾ ਹੈ ਕੇਂਦਰ ਸਰਕਾਰ ਕੋਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ। ਵਿਰੋਧ ਪ੍ਰਦਰਸ਼ਨ ਕਰਨ ਲਈ ਦਿੱਲੀ ਰਵਾਨਾ ਹੋਏ ਕਿਸਾਨਾਂ ਨਾਲ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕੀ ਕੁੱਝ ਹੋਇਆ, ਇਹ ਪੰਜਾਬ ਨੇ ਹੀ ਨਹੀਂ ਬਲਕਿ ਪੂਰੇ ਦੇਸ਼ ਨੇ ਦੇਖਿਆ। ਗੋਲੀ ਲੱਗਣ ਨਾਲ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਵੀ ਹੋਈ ਅਤੇ ਅੰਦੋਲਨ ਦੌਰਾਨ ਹੋਰ ਵੀ ਕਈ ਕਿਸਾਨ ਸੰਘਰਸ਼ ਕਰਦਿਆਂ ਦਮ ਤੋੜ ਗਏ। ਹਰਿਆਣਾ ਦੀ ਹੱਦ ’ਤੇ ਪੈਂਦਾ ਸ਼ੰਭੂ ਬਾਰਡਰ ’ਤੇ ਇਕ ਵਾਰ ਤਾਂ ਇੰਝ ਲੱਗ ਰਿਹਾ ਸੀ, ਜਿਵੇਂ ਭਾਰਤ-ਪਾਕਿ ਦਾ ਬਾਰਡਰ ਹੋਵੇ। ਇਸ ਕਾਰਵਾਈ ਲਈ ਕਿਸਾਨਾਂ ਨੇ ਜਮ ਕੇ ਖੱਟੜ ਸਰਕਾਰ ਨੂੰ ਕੋਸਿਆ ਪਰ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਹੀ ਮਨੋਹਰ ਲਾਲ ਖੱਟੜ ਨੂੰ ਸੀਐਮ ਅਹੁਦੇ ਤੋਂ ਲਾਂਭੇ ਕਰਕੇ ਨਾਇਬ ਸਿੰਘ ਸੈਣੀ ਨੂੰ ਸੀਐਮ ਬਣਾ ਦਿੱਤਾ ਅਤੇ ਖੱਟੜ ਨੂੰ ਕਰਨਾਲ ਤੋਂ ਲੋਕ ਸਭਾ ਉਮੀਦਵਾਰ ਵਜੋਂ ਖੜ੍ਹਾ ਕਰ ਦਿੱਤਾ। ਕਿਸਾਨਾਂ ਵੱਲੋਂ ਖੱਟੜ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਪਰ ਭਾਜਪਾ ਨੇ ਵੀ ਖੱਟੜ ਦੇ ਸਮਰਥਨ ਵਿਚ ਪ੍ਰਚਾਰ ਕਰਨ ਲਈ ਕੇਂਦਰੀ ਨੇਤਾਵਾਂ ਦੀ ਪੂਰੀ ਫ਼ੌਜ ਉਤਾਰੀ ਗਈ।
ਰਿਪੋਰਟ- ਸ਼ਾਹ
ਇਹ ਵੀ ਪੜ੍ਹੋ: ਮਤਦਾਨ ਤੋਂ 48 ਘੰਟੇ ਪਹਿਲਾਂ ਰੋਕਿਆ ਜਾਵੇਗਾ ਚੋਣ ਪ੍ਰਚਾਰ