ਸੁਖਦੇਵ ਸਿੰਘ ਤੂਰ ਨੇ ਕੈਨੇਡੀਅਨ ਪਾਰਲੀਮੈਂਟ ਸਾਹਮਣੇ ਖ਼ਰੀਦਿਆ ਪੰਜ ਸਿਤਾਰਾ ਹੋਟਲ
ਟੋਰਾਂਟੋ : ਪੰਜਾਬੀਆਂ ਵੱਲੋਂ ਲਗਾਤਾਰ ਆਪਣੀ ਮਿਹਨਤ ਸਦਕਾ ਵਿਦੇਸ਼ਾਂ ਵਿਚ ਤਰੱਕੀ ਦੇ ਝੰਡੇ ਬੁਲੰਦ ਕੀਤੇ ਜਾ ਰਹੇ ਹਨ। ਹੁਣ ਪੰਜਾਬੀ ਮਾਲਕੀ ਵਾਲੇ ਮੈਂਗਾ ਹੋਟਲਜ਼ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਦੇ ਬਿਲਕੁਲ ਸਾਹਮਣੇ ਸ਼ਾਨਦਾਰ ਪੰਜ ਸਿਤਾਰਾ ਹੋਟਲ ਬਣਾਇਆ ਗਿਆ ਹੈ। ਇਹ ਜਾਣਕਾਰੀ ਖ਼ੁਦ ਮੈਂਗਾ ਹੋਟਲਜ਼ ਦੇ ਪ੍ਰੈਜੀਡੈਂਟ ਅਤੇ ਸੀਈਓ ਸੁਖਦੇਵ ਸਿੰਘ ਤੂਰ ਵੱਲੋਂ ਦਿੱਤੀ ਗਈ।ਇਸ ਸਬੰਧੀ ਜਾਣਕਾਰੀ […]
By : Editor (BS)
ਟੋਰਾਂਟੋ : ਪੰਜਾਬੀਆਂ ਵੱਲੋਂ ਲਗਾਤਾਰ ਆਪਣੀ ਮਿਹਨਤ ਸਦਕਾ ਵਿਦੇਸ਼ਾਂ ਵਿਚ ਤਰੱਕੀ ਦੇ ਝੰਡੇ ਬੁਲੰਦ ਕੀਤੇ ਜਾ ਰਹੇ ਹਨ। ਹੁਣ ਪੰਜਾਬੀ ਮਾਲਕੀ ਵਾਲੇ ਮੈਂਗਾ ਹੋਟਲਜ਼ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਦੇ ਬਿਲਕੁਲ ਸਾਹਮਣੇ ਸ਼ਾਨਦਾਰ ਪੰਜ ਸਿਤਾਰਾ ਹੋਟਲ ਬਣਾਇਆ ਗਿਆ ਹੈ।
ਇਹ ਜਾਣਕਾਰੀ ਖ਼ੁਦ ਮੈਂਗਾ ਹੋਟਲਜ਼ ਦੇ ਪ੍ਰੈਜੀਡੈਂਟ ਅਤੇ ਸੀਈਓ ਸੁਖਦੇਵ ਸਿੰਘ ਤੂਰ ਵੱਲੋਂ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਤੂਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਕਾਰੋਬਾਰ ਵਿਚ ਵਾਧਾ ਕਰਦਿਆਂ ਓਟਵਾ ਮੈਰੀਅਟ ਹੋਟਲ ਨੂੰ ਵੀ ਆਪਣੀ ਕੰਪਨੀ ਵਿਚ ਸ਼ਾਮਲ ਕਰ ਲਿਆ ਗਿਆ ਹੈ, ਜਿਸ ਨੂੰ ਲੈ ਕੇ ਉਹ ਕਾਫ਼ੀ ਖ਼ੁਸ਼ ਹਨ।
ਉਨ੍ਹਾਂ ਆਖਿਆ ਕਿ ਇਹ ਰਣਨੀਤਕ ਪ੍ਰਾਪਤੀ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਬਜ਼ਾਰਾਂ ਵਿਚ ਉਚ ਗੁਣਵੱਤਾ ਵਾਲੀਆਂ ਜਾਇਦਾਦਾਂ ਦੀ ਮਾਲਕੀ ਸਾਡੇ ਸੰਚਾਲਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਦੀ ਹੈ।
ਇਹ ਹੋਟਲ 489 ਕੀ-ਫੁੱਲ ਸਰਵਿਸ ਹੋਟਲ ਕੇਂਦਰੀ ਤੌਰ ’ਤੇ ਡਾਊਨ ਟਾਊਨ ਓਟਵਾ ਵਿਚ ਸਥਿਤ ਹੈ। ਪਾਰਲੀਮੈਂਟ ਹਿੱਲ ਤੋਂ ਸਿਰਫ਼ ਇਕ ਬਲਾਕ ਦੂਰੀ ’ਤੇ ਸਥਿਤ ਇਸ ਹੋਟਲ ਵਿਚਲੀਆਂ ਸਹੂਲਤਾਂ ਦੀ ਵਿਸ਼ਾਲ ਸ਼੍ਰੇਣੀ ਵਿਚ 36 ਹਜ਼ਾਰ ਸਕੁਇਰ ਫੁੱਟ ਤੋਂ ਵੱਧ ਮੀਟਿੰਗ ਸਪੇਸ, ਇਕ ਇਨਡੋਰ ਪੂਲ ਅਤੇ ਵੱਖ-ਵੱਖ ਕਿਸਮ ਦੇ ਖਾਣੇ ਸ਼ਾਮਲ ਹਨ।
ਮੈਂਗਾ ਹੋਟਲਜ਼ ਇਕ ਨਿੱਜੀ ਕੈਨੇਡੀਅਨ ਕੰਪਨੀ ਹੈ ਜੋ ਮੈਰੀਅਟ, ਹਿਲਟਨ, ਹਯਾਤ ਅਤੇ ਇੰਟਰਕਾਂਟੀਨੈਂਟਲ ਹੋਟਲ ਗਰੁੱਪ ਵਰਗੇ ਵੱਕਾਰੀ ਬ੍ਰਾਂਡਾਂ ਨਾਲ ਸਬੰਧਤ ਉਚ ਗੁਣਵੱਤਾ ਵਾਲੇ ਹੋਟਲਾਂ ਨੂੰ ਪੂਰੀ ਟੱਕਰ ਦਿੰਦੀ ਹੈ।
ਇਸ ਤੋਂ ਇਲਾਵਾ ਰੀਅਲ ਅਸਟੇਟ ਦੇ ਖੇਤਰ ਵਿਚ ਵੀ ਇਸ ਕੰਪਨੀ ਨੇ ਆਪਣੀ ਚੰਗੀ ਧਾਕ ਜਮਾਈ ਹੋਈ ਹੈ। ਮੌਜੂਦਾ ਸਮੇਂ ਮੈਂਗਾ ਹੋਟਲਜ਼ ਕੰਪਨੀ 24 ਹੋਟਲਾਂ, 14 ਖਾਣ ਪੀਣ ਦੀਆਂ ਦੁਕਾਨਾਂ ਅਤੇ 3 ਰਿਹਾਇਸ਼ੀ ਸੰਪਤੀਆਂ ਦੀ ਮਾਲਕ ਹੈ, ਜਿਨ੍ਹਾਂ ਵਿਚੋਂ 6 ਬਿਲਕੁਲ ਨਵੇਂ ਹੋਟਲ ਹਨ, ਜਿਨ੍ਹਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ।
ਮੈਂਗਾ ਹੋਟਲਜ਼ ਦਾ ਕਹਿਣਾ ਹੈ ਕਿ ਉਹ ਸਿਰਫ਼ ਚੰਗੀਆਂ ਇਮਾਰਤਾਂ ਉਸਾਰਨ ’ਤੇ ਹੀ ਧਿਆਨ ਕੇਂਦਰਤ ਨਹੀਂ ਕਰਦੇ ਬਲਕਿ ਆਪਣੇ ਮਹਿਮਾਨਾਂ ਦੀ ਸੰਤੁਸ਼ਟੀ ਕੰਪਨੀ ਦਾ ਮੁੱਖ ਟੀਚਾ ਹੈ।
ਦੱਸ ਦਈਏ ਕਿ ਮੈਂਗਾ ਹੋਟਲਜ਼ ਦੇ ਸੀਈਓ ਸੁਖਦੇਵ ਸਿੰਘ ਤੂਰ ਦੀ ਗੱਲ ਕਰੀਏ ਤਾਂ ਉਹ ਲਗਭਗ ਚਾਰ ਦਹਾਕੇ ਪਹਿਲਾਂ ਕੈਨੇਡਾ ਦੀ ਧਰਤੀ ’ਤੇ ਆਏ ਸੀ।
ਉਹ ਪੰਜਾਬ ਵਿਚ ਕਾਂਗਰਸੀ ਪਾਰਟੀ ਦੇ ਸਾਬਕਾ ਵਿਧਾਇਕ ਸ. ਹਰਦੀਪ ਸਿੰਘ ਪੈਣੀ ਦੇ ਸਪੁੱਤਰ ਹਨ। ਉਨ੍ਹਾਂ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਹ ਟੋਰਾਂਟੋ ਵਿਚ ਚੋਟੀ ਦੇ ਹੋਟਲ ਮਾਲਕਾਂ ਵਿਚ ਇਕ ਬਣ ਜਾਣਗੇ।
ਭਾਰਤ ਤੋਂ ਇੰਜੀਨਿਅਰਿੰਗ ਦੀ ਡਿਗਰੀ ਲੈਣ ਤੋਂ ਬਾਅਦ ਉਹ ਕੈਨੇਡਾ ਆ ਗਏ ਸੀ, ਜਿੱਥੇ ਉਨ੍ਹਾਂ ਨੇ ਰੁਜ਼ਗਾਰ ਦੇ ਲਈ ਕਾਫ਼ੀ ਸੰਘਰਸ਼ ਕੀਤਾ। ਯੂਨੀਵਰਸਿਟੀ ਵਿਚ ਆਪਣੀ ਐਮਬੀਏ ਦੀ ਪੜ੍ਹਾਈ ਕਰਦੇ ਹੋਏ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਕੰਮ ਕਰਨੇ ਪਏ।
ਉਨ੍ਹਾਂ ਨੂੰ ਸੈਰ ਸਪਾਟਾ ਉਦਯੋਗ ਬਾਰੇ ਕੋਈ ਬਹੁਤੀ ਜਾਣਕਾਰੀ ਨਾ ਰੱਖਦਿਆਂ ਹੋਇਆਂ ਵੀ ਸ. ਸੁਖਦੇਵ ਸਿੰਘ ਤੂਰ ਨੇ ਸੇਂਟ ਕੈਥਰੀਨ ਓਂਟਾਰੀਓ ਵਿਚ ਆਪਣੀ ਪਹਿਲੀ ਜਾਇਦਾਦ ਖ਼ਰੀਦੀ। ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਜਾਇਦਾਦਾਂ ਨੂੰ ਖ਼ਰੀਦਣ ਵੇਚਣ ਦਾ ਕੰਮ ਜਾਰੀ ਰੱਖਿਆ।
ਤਰਨਜੀਤ ਕੌਰ ਘੁੰਮਣ ਦੀ ਰਿਪੋਰਟ