Begin typing your search above and press return to search.

ਸੁਖਬੀਰ ਬਾਦਲ ਦੀ ਮੁਆਫ਼ੀ ਪਿਛਲਾ ਸੱਚ!

ਚੰਡੀਗੜ੍ਹ, 15 ਦਸੰਬਰ (ਸ਼ਾਹ) : ਲੋਕ ਸਭਾ ਚੋਣਾਂ ਦਾ ਸਮਾਂ ਲਗਭਗ ਨੇੜੇ ਆ ਚੁੱਕਿਆ ਏ,, ਨੇਤਾਵਾਂ ਦੇ ਲਈ ਇਹ ਇਕ ਅਜਿਹਾ ਸਮਾਂ ਹੁੰਦਾ ਏ ਜਦੋਂ ਉਹ ਚੋਣਾਵੀ ਫ਼ਾਇਦਾ ਲੈਣ ਲਈ ਤਰ੍ਹਾਂ-ਤਰ੍ਹਾਂ ਦੇ ਸਿਆਸੀ ਪੈਂਤੜੇ ਵਰਤਦੇ ਨੇ। ਮੌਜੂਦਾ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਦੇ ਲਈ ਮੁਆਫ਼ੀ […]

Sukhbir apology behind truth
X

Hamdard Tv AdminBy : Hamdard Tv Admin

  |  16 Dec 2023 6:57 AM IST

  • whatsapp
  • Telegram

ਚੰਡੀਗੜ੍ਹ, 15 ਦਸੰਬਰ (ਸ਼ਾਹ) : ਲੋਕ ਸਭਾ ਚੋਣਾਂ ਦਾ ਸਮਾਂ ਲਗਭਗ ਨੇੜੇ ਆ ਚੁੱਕਿਆ ਏ,, ਨੇਤਾਵਾਂ ਦੇ ਲਈ ਇਹ ਇਕ ਅਜਿਹਾ ਸਮਾਂ ਹੁੰਦਾ ਏ ਜਦੋਂ ਉਹ ਚੋਣਾਵੀ ਫ਼ਾਇਦਾ ਲੈਣ ਲਈ ਤਰ੍ਹਾਂ-ਤਰ੍ਹਾਂ ਦੇ ਸਿਆਸੀ ਪੈਂਤੜੇ ਵਰਤਦੇ ਨੇ। ਮੌਜੂਦਾ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਦੇ ਲਈ ਮੁਆਫ਼ੀ ਮੰਗੀ ਗਈ ਐ, ਪਰ ਕੁੱਝ ਲੋਕ ਇਹ ਆਖ ਰਹੇ ਨੇ ਕਿ ਬੇਅਦਬੀ ਤਾਂ ਸਾਲ 2015 ਵਿਚ ਹੋਈ ਸੀ ਅਤੇ ਮੁਆਫ਼ੀ ਪਹਿਲਾਂ ਕਿਉਂ ਨਹੀਂ ਮੰਗੀ ਗਈ?

ਸੁਖਬੀਰ ਦੀ ਮੁਆਫ਼ੀ ਮਗਰੋਂ ਜਿਸ ਤਰ੍ਹਾਂ ਕੁੱਝ ਰੁੱਸੇ ਹੋਏ ਨੇਤਾ ਪਾਰਟੀ ਵਿਚ ਸ਼ਾਮਲ ਹੋ ਰਹੇ ਨੇ ਅਤੇ ਕੁੱਝ ਸ਼ਾਮਲ ਹੋਣ ਦੇ ਸੰਕੇਤ ਦੇ ਰਹੇ ਨੇ, ਉਸ ਤੋਂ ਇੰਝ ਜਾਪਦਾ ਏ ਕਿ ਅਕਾਲੀ-ਭਾਜਪਾ ਵਿਚਾਲੇ ਅੰਦਰਖ਼ਾਤੇ ਫਿਰ ਤੋਂ ਕੋਈ ਗਿੱਟ ਮਿੱਟ ਹੋਈ ਜਾਪ ਰਹੀ ਐ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਨੇ ਸੁਖਬੀਰ ਬਾਦਲ ਦੀ ਮੁਆਫ਼ੀ ਦੇ ਮਾਇਨੇ ਅਤੇ ਕੀ ਚੱਲ ਰਹੀ ਲੋਕਾਂ ਵਿਚ ਚਰਚਾ?

ਇਸ ਗੱਲ ਵਿਚ ਕੋਈ ਸ਼ੱਕ ਸੁਬ੍ਹਾ ਨਹੀਂ ਕਿ ਜੋ ਇਤਿਹਾਸ ਸ਼੍ਰੋਮਣੀ ਅਕਾਲੀ ਦਲ ਦਾ ਏ, ਉਹ ਕਿਸੇ ਹੋਰ ਪਾਰਟੀ ਦਾ ਨਹੀਂ ਪਰ ਮੌਜੂਦਾ ਸਮੇਂ 103 ਸਾਲ ਪੁਰਾਣੀ ਇਹ ਪਾਰਟੀ ਦਾ ਸਿਆਸੀ ਗ੍ਰਾਫ਼ ਪੰਜਾਬ ਵਿਚ ਇੰਨਾ ਜ਼ਿਆਦਾ ਹੇਠਾਂ ਆ ਚੁੱਕਿਆ ਏ ਕਿ ਵਿਧਾਨ ਸਭਾ ਦੀਆਂ 117 ਸੀਟਾਂ ਵਿਚੋਂ ਅਕਾਲੀ ਦਲ ਕੋਲ ਮਹਿਜ਼ 3 ਸੀਟਾਂ ਹੀ ਮੌਜੂਦ ਨੇ ਜੋ ਕਿ ਪਹਿਲਾਂ ਦੇ ਇਤਿਹਾਸ ਵਿਚ ਕਦੇ ਅਜਿਹਾ ਨਹੀਂ ਹੋਇਆ।

ਹੁਣ ਜਿਸ ਤਰੀਕੇ ਨਾਲ ਸੁਖਬੀਰ ਬਾਦਲ ਵੱਲੋਂ ਆਪਣੀ ਸਰਕਾਰ ਦੇ ਕਾਰਜਕਾਲ ਸਮੇਂ ਹੋਈਆਂ ਬੇਅਦਬੀਆਂ ਦੀ ਮੁਆਫ਼ੀ ਮੰਗੀ ਗਈ ਐ, ਉਸ ਨੂੰ ਲੈ ਕੇ ਜ਼ਿਆਦਾਤਰ ਲੋਕਾਂ ਦਾ ਕਹਿਣਾ ਏ ਕਿ ਪਾਰਟੀ ਆਗੂਆਂ ਵੱਲੋਂ ਲਗਾਤਾਰ ਸੁਖਬੀਰ ਬਾਦਲ ’ਤੇ ਮੁਆਫ਼ੀ ਦਾ ਦਬਾਅ ਪਾਇਆ ਜਾ ਰਿਹਾ ਸੀ, ਜਿਸ ਕਰਕੇ ਪਾਰਟੀ ਦੀ ਡੁੱਬਦੀ ਸ਼ਾਖ਼ ਨੂੰ ਬਚਾਉਣ ਲਈ ਇਹ ਮੁਆਫ਼ੀ ਮੰਗੀ ਗਈ ਐ ਕਿਉਂਕਿ ਲੋਕ ਸਭਾ ਚੋਣਾਂ ਵੀ ਨੇੜੇ ਆ ਰਹੀਆਂ ਨੇ।

ਰਾਜਨੀਤੀ ਵਿਚ ਹਰ ਕੰਮ ਨੂੰ ਵੋਟਾਂ ਨਾਲ ਜੋੜ ਕੇ ਦੇਖਿਆ ਜਾਂਦੈ, ਇਸ ਲਈ ਸੁਖਬੀਰ ਬਾਦਲ ਦੀ ਮੁਆਫ਼ੀ ਨੂੰ ਵੀ ਸਿਆਸਤ ਤੋਂ ਪਰੇ ਕਰਕੇ ਨਹੀਂ ਦੇਖਿਆ ਜਾ ਸਕਦਾ। ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਜੇਕਰ ਸੁਖਬੀਰ ਬਾਦਲ ਮੁਆਫ਼ੀ ਦੇ ਨਾਲ ਨਾਲ ਪ੍ਰਧਾਨਗੀ ਦੀ ਡੋਰ ਕਿਸੇ ਸੀਨੀਅਰ ਆਗੂ ਦੇ ਹੱਥ ਦੇ ਦਿੰਦੇ ਤਾਂ ਸ਼ਾਇਦ ਪਾਰਟੀ ਵਿਚ ਹੋਰ ਜਾਨ ਆ ਜਾਣੀ ਸੀ ਕਿਉਂਕਿ ਇਸ ਮੰਗ ਨੂੰ ਲੈ ਕੇ ਬਹੁਤ ਸਾਰੇ ਆਗੂ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਨੇ ਅਤੇ ਬਹੁਤ ਸਾਰੇ ਨਾਰਾਜ਼ ਵੀ ਚੱਲ ਰਹੇ ਨੇ।

ਖ਼ੁਦ ਪਾਰਟੀ ਦੇ ਸੀਨੀਅਰ ਆਗੂ ਰਹੇ ਸੁਖਦੇਵ ਸਿੰਘ ਢੀਂਡਸਾ ਵੀ ਇਹ ਗੱਲ ਧੜੱਲੇ ਨਾਲ ਕਈ ਵਾਰ ਆਖ ਚੁੱਕੇ ਨੇ ਕਿ ਜੇਕਰ ਸੁਖਬੀਰ ਬਾਦਲ ਪਾਰਟੀ ਦੀ ਪ੍ਰਧਾਨਗੀ ਛੱਡ ਦੇਵੇ ਤਾਂ ਅਸੀਂ ਫਿਰ ਤੋਂ ਇਕੱਠੇ ਹੋ ਜਾਵਾਂਗੇ ਅਤੇ ਅਕਾਲੀ ਦਲ ਬਚ ਜਾਵੇਗਾ।

ਹੁਣ ਜਿਵੇਂ ਹੀ ਸੁਖਬੀਰ ਬਾਦਲ ਵੱਲੋਂ ਮੁਆਫ਼ੀ ਮੰਗੀ ਗਈ, ਉਸ ਤੋਂ ਬਾਅਦ ਅਕਾਲੀ ਦਲ ਤੋਂ ਨਾਰਾਜ਼ ਚਲੇ ਆ ਰਹੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਦੇਸ ਰਾਜ ਧੁੱਗਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਘੁੰਮਣ ਮੁੜ ਤੋਂ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਅਕਾਲੀ ਦਲ ਦਾ ਕਹਿਣਾ ਏ ਕਿ ਇਹ ਸਭ ਸੁਖਬੀਰ ਬਾਦਲ ਵੱਲੋਂ ਮੰਗੀ ਗਈ ਮੁਆਫ਼ੀ ਦਾ ਅਸਰ ਐ। ਕੁੱਝ ਲੋਕਾਂ ਦਾ ਕਹਿਣਾ ਏ ਕਿ ਅਕਾਲੀ ਦਲ ਵੱਲੋਂ ਪਹਿਲਾਂ ਹੀ ਤੈਅ ਕੀਤਾ ਹੋਇਆ ਜਾਪਦਾ ਏ ਕਿ ਇਨ੍ਹਾਂ ਦੋਵੇਂ ਆਗੂਆਂ ਨੂੰ ਸੁਖਬੀਰ ਦੀ ਮੁਆਫ਼ੀ ਤੋਂ ਬਾਅਦ ਹੀ ਪਾਰਟੀ ਵਿਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਸੁਖਬੀਰ ਬਾਦਲ ਵੱਲੋਂ ਮੰਗੀ ਗਈ ਮੁਆਫ਼ੀ ਦਾ ਵਿਆਪਕ ਅਸਰ ਦਿਖਾਇਆ ਜਾ ਸਕੇ। ਹੋ ਸਕਦੈ ਆਉਣ ਵਾਲੇ ਸਮੇਂ ਵਿਚ ਕੁੱਝ ਹੋਰ ਨਾਰਾਜ਼ ਹੋਏ ਆਗੂ ਵੀ ਪਾਰਟੀ ਵਿਚ ਸ਼ਾਮਲ ਹੋ ਜਾਣ।

ਸੁਖਬੀਰ ਬਾਦਲ ਦੀ ਮੁਆਫ਼ੀ ਤੋਂ ਬਾਅਦ ਜੇ ਕੋਈ ਸਭ ਤੋਂ ਵੱਡਾ ਕੋਈ ਸਿਆਸੀ ਘਟਨਾਕ੍ਰਮ ਹੋਇਆ ਏ ਤਾਂ ਉਹ ਐ ਸੁਖਦੇਵ ਸਿੰਘ ਢੀਂਡਸਾ ਵੱਲੋਂ ਸੁਖਬੀਰ ਬਾਦਲ ਦੀ ਮੁਆਫ਼ੀ ਦਾ ਸਵਾਗਤ ਕਰਨਾ ਅਤੇ ਮੁੜ ਤੋਂ ਅਕਾਲੀ ਦਲ ਵਿਚ ਜਾਣ ਦੇ ਸੰਕੇਤ ਦੇਣੇ।

ਸੁਖਦੇਵ ਸਿੰਘ ਢੀਂਡਸਾ ਵੱਲੋਂ ਸੁਖਬੀਰ ਬਾਦਲ ਦੀ ਮੁਆਫ਼ੀ ’ਤੇ ਇਹ ਬਿਆਨ ਦਿੱਤਾ ਗਿਆ ਏ ਕਿ ‘ਦੇਰ ਆਏ ਦਰੁਸਤ ਆਏ’,, ਜੇਕਰ ਇਹ ਮੁਆਫ਼ੀ ਪਹਿਲਾਂ ਮੰਗ ਲੈਂਦੇ ਤਾਂ ਜ਼ਿਆਦਾ ਚੰਗਾ ਹੁੰਦਾ। ਉਨ੍ਹਾਂ ਅਕਾਲੀ ਦਲ ਵਿਚ ਮੁੜ ਤੋਂ ਜਾਣ ਦੇ ਸਵਾਲ ’ਤੇ ਆਖਿਆ ਕਿ ਉਹ ਇਸ ਸਬੰਧੀ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕਰਕੇ ਹੀ ਅਗਲਾ ਫ਼ੈਸਲਾ ਕਰਨਗੇ।

ਸੁਖਦੇਵ ਸਿੰਘ ਢੀਂਡਸਾ,,, ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਤੋਂ ਬਾਅਦ ਅਕਾਲੀ ਦਲ ਦੇ ਤੀਜੇ ਸੰਸਥਾਪਕ ਆਗੂ ਨੇ। ਮੌਜੂਦਾ ਸਮੇਂ ਉਨ੍ਹਾਂ ਦੀ ਭਾਜਪਾ ਦੇ ਨਾਲ ਕਾਫ਼ੀ ਜ਼ਿਆਦਾ ਨੇੜਤਾ ਏ। ਇੰਨੀ ਜ਼ਿਆਦਾ ਕਿ ਐਨਡੀਏ ਦੇ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਦਾ ਪੱਤਰ ਸੁਖਦੇਵ ਸਿੰਘ ਢੀਂਡਸਾ ਨੂੰ ਭੇਜਿਆ ਗਿਆ ਸੀ, ਨਾ ਕਿ ਸੁਖਬੀਰ ਸਿੰਘ ਬਾਦਲ ਨੂੰ। ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਹੀ ਅਕਾਲੀ ਦਲ ਦਾ ਉਤਰਾਧਿਕਾਰੀ ਮੰਨਦੇ ਨੇ, ਸੁਖਬੀਰ ਬਾਦਲ ਨੂੰ ਨਹੀਂ।

ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ੲੈ ਕਿ ਜੇਕਰ ਢੀਂਡਸਾ ਵੱਲੋਂ ਅਕਾਲੀ ਦਲ ਵਿਚ ਜਾਣ ਦੇ ਸੰਕੇਤ ਦਿੱਤੇ ਗਏ ਨੇ ਤਾਂ ਇਸ ਦਾ ਮਤਲਬ ਇਹ ਐ ਕਿ ਅੰਦਰਖ਼ਾਤੇ ਅਕਾਲੀ ਭਾਜਪਾ ਵਿਚਾਲੇ ਜ਼ਰੂਰ ਕੋਈ ਨਾ ਕੋਈ ਗਿੱਟ ਮਿੱਟ ਹੋ ਚੁੱਕੀ ਐ।

ਕੁੱਝ ਲੋਕਾਂ ਦਾ ਕਹਿਣਾ ਏ ਕਿ ਭਾਜਪਾ ਆਪਣੇ ਜੇਤੂ ਰਥ ਨੂੰ ਜਾਰੀ ਰੱਖਣ ਲਈ ਪੰਜਾਬ ਵਿਚ ਮੁੜ ਤੋਂ ਅਕਾਲੀ ਦਲ ਨਾਲ ਗਠਜੋੜ ਕਰ ਸਕਦੀ ਐ ਕਿਉਂਕਿ ਦੋਵੇਂ ਪਾਰਟੀਆਂ ਵਿਚ ਇੰਨਾ ਜ਼ਿਆਦਾ ਮਨ ਮੁਟਾਵ ਨਹੀਂ ਕਿ ਉਹ ਮੁੜ ਤੋਂ ਇਕੱਠੇ ਹੀ ਨਾ ਹੋ ਸਕਣ, ਸਿਰਫ਼ ਖੇਤੀ ਕਾਨੂੰਨਾਂ ਨੂੰ ਲੈ ਕੇ ਹੀ ਦੋਵੇਂ ਪਾਰਟੀਆਂ ਵਿਚਾਲੇ ਪੇਚ ਫਸਿਆ ਸੀ, ਖੇਤੀ ਕਾਨੂੰਨ ਕਦੋਂ ਦੇ ਵਾਪਸ ਹੋ ਗਏ।

ਹੋ ਸਕਦੈ ਭਾਜਪਾ ਕਿਸਾਨਾਂ ਦੀਆਂ ਕੁੱਝ ਪੈਂਡਿੰਗ ਮੰਗਾਂ ਦਾ ਹੱਲ ਕਰਕੇ ਮੁੜ ਤੋਂ ਅਕਾਲੀ ਦਲ ਨਾਲ ਗਠਜੋੜ ਕਰ ਲਵੇ ਕਿਉਂਕਿ ਜੇਕਰ ਅਕਾਲੀ ਦਲ ਨਾਲ ਗਠਜੋੜ ਕਰਕੇ ਭਾਜਪਾ ਦੇ ਹੱਥ ਪੱਲੇ ਕੁੱਝ ਆਉਂਦਾ ਏ ਤਾਂ ਇਹ ਉਸ ਦੇ ਲਈ ਪੰਜਾਬ ਵਿਚ ਫਿਰ ਤੋਂ ਥਾਂ ਬਣਾਉਣ ਦੇ ਲਈ ਵਧੀਆ ਜ਼ਰੀਆ ਹੋਵੇਗਾ ਕਿਉਂਕਿ ਇਹ ਦੋਵੇਂ ਪਾਰਟੀਆਂ ਗਠਜੋੜ ਵਿਚ ਰਹਿ ਕੇ ਪੰਜਾਬ ’ਤੇ ਕਾਫੀ ਸਮਾਂ ਰਾਜ ਕਰ ਚੁੱਕੀਆਂ ਨੇ। ਜਦੋਂ ਗਠਜੋੜ ਸਬੰਧੀ ਸੁਖਦੇਵ ਢੀਂਡਸਾ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਹੱਸ ਕੇ ਇਹ ਗੱਲ ਆਖ ਗਏ ਕਿ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।

ਉਧਰ ਅਕਾਲੀ ਦਲ ਵੱਲੋਂ ਸੁਖਦੇਵ ਸਿੰਘ ਢੀਂਡਸਾ ਦੇ ਇਸ ਬਿਆਨ ਦਾ ਕਾਫ਼ੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦਾ ਕਹਿਣਾ ਏ ਕਿ ਸੁਖਦੇਵ ਸਿੰਘ ਢੀਂਡਸਾ ਬੇਸ਼ੱਕ ਪਾਰਟੀ ਵਿਚੋਂ ਬਾਹਰ ਨੇ ਪਰ ਉਨ੍ਹਾਂ ਦਾ ਅਕਾਲੀ ਦਲ ਵਿਚ ਅਜੇ ਵੀ ਬਹੁਤ ਜ਼ਿਆਦਾ ਆਦਰ ਸਤਿਕਾਰ ਐ। ਉਨ੍ਹਾਂ ਨੇ ਢੀਂਡਸਾ ਦੇ ਬਿਆਨ ਨੂੰ ਪਾਜ਼ਿਟਿਵ ਸ਼ੁਰੂਆਤ ਦੱਸਿਆ।

ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦੇ ਸੰਸਥਾਪਕ ਆਗੂਆਂ ਵਿਚੋਂ ਇਕ ਨੇ, ਉਨ੍ਹਾਂ ਦੇ ਕੱਦ ਦਾ ਨੇਤਾ ਇਸ ਸਮੇਂ ਅਕਾਲੀ ਦਲ ਵਿਚ ਮੌਜੂਦ ਨਹੀਂ। ਇਹ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਨੇ ਕਿ ਜੇਕਰ ਸੁਖਦੇਵ ਸਿੰਘ ਢੀਂਡਸਾ ਵਾਕਈ ਮੁੜ ਤੋਂ ਅਕਾਲੀ ਦਲ ਵਿਚ ਸ਼ਾਮਲ ਹੁੰਦੇ ਨੇ ਤਾਂ ਉਨ੍ਹਾਂ ਨੂੰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ’ਤੇ ਅਕਾਲੀ ਦਲ ਦਾ ਸਰਪ੍ਰਸਤ ਬਣਾਇਆ ਜਾ ਸਕਦਾ ਏ,,, ਪਰ ਹਾਲੇ ਸਿਰਫ਼ ਇਸ ਦੀਆਂ ਕਿਆਸ ਅਰਾਈਆਂ ਹੀ ਲਗਾਈਆਂ ਜਾ ਰਹੀਆਂ ਨੇ।

ਸੋ ਸੁਖਬੀਰ ਬਾਦਲ ਦੀ ਇਸ ਮੁਆਫ਼ੀ ਦਾ ਅਕਾਲੀ ਦਲ ਨੂੰ ਕੀ ਫਾਇਦਾ ਹੋਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਮੌਜੂਦਾ ਸਮੇਂ ਸੁਖਬੀਰ ਦੀ ਮੁਆਫ਼ੀ ’ਤੇ ਜੋ ਸਵਾਲ ਖੜ੍ਹੇ ਹੋ ਰਹੇ ਨੇ, ਉਸ ਦਾ ਜਵਾਬ ਵੀ ਸੁਖਬੀਰ ਬਾਦਲ ਨੂੰ ਦੇਣਾ ਹੋਵੇਗਾ ਕਿ ਉਨ੍ਹਾਂ ਨੇ ਇੰਨੇ ਸਮੇਂ ਬਾਅਦ ਮੁਆਫ਼ੀ ਕਿਉਂ ਮੰਗੀ?

Add Your Heading Text Here

Add Your Heading Text Here

Next Story
ਤਾਜ਼ਾ ਖਬਰਾਂ
Share it