ਕੈਨੇਡਾ ’ਚ ਰਫਿਊਜ਼ੀ ਬਣਨ ਲੱਗੇ ਕੌਮਾਂਤਰੀ ਸਟੂਡੈਂਟ
ਓਨਟਾਰੀਓ : ਪਿਛਲੇ ਲੰਬੇ ਅਰਸੇ ਤੋਂ ਕੈਨੇਡਾ ਪੰਜਾਬੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਏ, ਜਿਸ ਦੇ ਚਲਦਿਆਂ ਬਹੁਤ ਸਾਰੇ ਨੌਜਵਾਨਾਂ ਵੱਲੋਂ ਕੈਨੇਡਾ ਜਾਣ ਲਈ ਸਿੱਧੇ ਅਸਿੱਧੇ ਹਰ ਤਰੀਕੇ ਵਰਤੇ ਜਾ ਰਹੇ ਨੇ। ਮੌਜੂਦਾ ਸਮੇਂ ਵੱਡੀ ਗਿਣਤੀ ’ਚ ਵਿਦਿਆਰਥੀਆਂ ਵੱਲੋਂ ਭਾਰਤ ਵਿਚ ਖ਼ਤਰਾ ਹੋਣ ਦੀ ਗੱਲ ਆਖ ਕੇ ਰਫਿਊਜ਼ੀ ਦਾ ਦਾਅਵਾ ਕਰਕੇ ਸ਼ਰਨ ਮੰਗੀ ਜਾ […]
By : Makhan Shah
ਓਨਟਾਰੀਓ : ਪਿਛਲੇ ਲੰਬੇ ਅਰਸੇ ਤੋਂ ਕੈਨੇਡਾ ਪੰਜਾਬੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਏ, ਜਿਸ ਦੇ ਚਲਦਿਆਂ ਬਹੁਤ ਸਾਰੇ ਨੌਜਵਾਨਾਂ ਵੱਲੋਂ ਕੈਨੇਡਾ ਜਾਣ ਲਈ ਸਿੱਧੇ ਅਸਿੱਧੇ ਹਰ ਤਰੀਕੇ ਵਰਤੇ ਜਾ ਰਹੇ ਨੇ। ਮੌਜੂਦਾ ਸਮੇਂ ਵੱਡੀ ਗਿਣਤੀ ’ਚ ਵਿਦਿਆਰਥੀਆਂ ਵੱਲੋਂ ਭਾਰਤ ਵਿਚ ਖ਼ਤਰਾ ਹੋਣ ਦੀ ਗੱਲ ਆਖ ਕੇ ਰਫਿਊਜ਼ੀ ਦਾ ਦਾਅਵਾ ਕਰਕੇ ਸ਼ਰਨ ਮੰਗੀ ਜਾ ਰਹੀ ਐ, ਅਜਿਹਾ ਦਾਅਵਾ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ 4.5 ਗੁਣਾ ਵਾਧਾ ਦੇਖਣ ਨੂੰ ਮਿਲ ਰਿਹਾ ਏ।
ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀਆਂ ਨੂੰ ਲੈ ਕੇ ਹੈਰਾਨੀਜਨਕ ਖ਼ੁਲਾਸਾ ਸਾਹਮਣੇ ਆ ਰਿਹਾ ਏ, ਜਿਸ ਵਿਚ ਕਿਹਾ ਜਾ ਰਿਹਾ ਏ ਕਿ ਵੱਡੀ ਗਿਣਤੀ ਵਿਚ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਰਫਿਊਜ਼ੀ ਸ਼ਰਨ ਲਈ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਨੇ। ਵਾਟਰਲੂ ਰੀਜ਼ਨ ਰਿਕਾਰਡ ਦੀ ਇਕ ਰਿਪੋਰਟ ਮੁਤਾਬਕ ਇਕੱਲੇ ਕਾਂਸਟੋਗਾ ਕਾਲਜ ਵਿਚ ਅਜਿਹੇ ਦਾਅਵੇ ਸਾਢੇ ਚਾਰ ਗੁਣਾ ਵਧ ਗਏ ਨੇ। ਸਾਲ 2022 ਵਿਚ 106 ਵਿਦਿਆਰਥੀਆਂ ਵੱਲੋਂ ਅਜਿਹੇ ਦਾਅਵੇ ਕੀਤੇ ਗਏ ਸੀ ਪਰ ਸਾਲ 2023 ਵਿਚ ਵਧ ਕੇ ਇਨ੍ਹਾਂ ਦੀ ਗਿਣਤੀ 450 ਹੋ ਗਈ ਐ।
ਦਰਅਸਲ ਕੈਨੇਡਾ ਵਿਚ ਜੇਕਰ ਕੋਈ ਸੰਸਥਾ ਕੈਨੇਡੀਅਨ ਕੌਮਾਂਤਰੀ ਸਿੱਖਿਆ ਪ੍ਰੋਗਰਾਮ ਦਾ ਪ੍ਰਤੀਕ ਰਹੀ ਐ ਤਾਂ ਉਹ ਐ ਕਿਚਨਰ ਵਿਚ ਕਾਂਸਟੋਗਾ ਕਾਲਜ,, ਜੋ ਟੋਰਾਂਟੋ ਤੋਂ ਕਰੀਬ 100 ਕਿਲੋਮੀਟਰ ਦੂਰ ਪੱਛਮ ਵਿਚ ਪੈਂਦਾ ਏ, ਜਿੱਥੇ ਪਿਛਲੇ ਤਿੰਨ ਸਾਲਾਂ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਨਾਮਜ਼ਦਗੀ ਵਿਚ ਸਭ ਤੋਂ ਤੇਜ਼ ਵਾਧਾ ਦੇਖਿਆ ਗਿਆ। ਸਾਲ 2021 ਵਿਚ ਇੱਥੇ 13 ਹਜ਼ਾਰ ਵਿਦਿਆਰਥੀ ਨਾਮਜ਼ਦ ਸਨ, ਜਿਨ੍ਹਾਂ ਦੀ ਗਿਣਤੀ ਸਾਲ 2023 ਵਿਚ ਵਧ ਕੇ 30 ਹਜ਼ਾਰ ਤੋਂ ਵੀ ਉਪਰ ਹੋ ਗਈ।
ਇਹ ਰਿਕਾਰਡ ਗਿਣਤੀ ਕੈਨੇਡਾ ਦੇ ਕਿਸੇ ਵੀ ਹੋਰ ਕਾਲਜ ਨੂੰ ਪਿੱਛੇ ਛੱਡਦਿਆਂ ਕੈਨੇਡਾ ਲਈ ਕਰੋੜਾਂ ਡਾਲਰ ਲੈ ਕੇ ਆਈ ਪਰ ਹੁਣ ਸਰਕਾਰ ਵੱਲੋਂ ਕੌਮਾਂਤਰੀ ਸਿੱਖਿਆ ਪ੍ਰੋਗਰਾਮ ’ਤੇ ਨਕੇਲ ਕੱਸਣ ਦੇ ਨਾਲ ਹੋਰ ਕਾਲਜਾਂ ਨੇ ਕਾਂਸਟੋਗਾ ਕਾਲਜ ’ਤੇ ਉਂਗਲਾਂ ਉਠਾਉਣੀਆਂ ਸ਼ੁਰੂ ਕਰ ਦਿੱਤੀਆ ਨੇ। ਇਸੇ ਤਣਾਅ ਵਿਚਕਾਰ ਕਾਂਸਟੋਗਾ ਦੇ ਪ੍ਰਧਾਨ ਅਤੇ ਉਤਰੀ ਓਂਟਾਰੀਓ ਸ਼ਹਿਰ ਸਾਲਟ ਸਟੀ ਮੈਰੀ ਵਿਚ ਸਾਲਟ ਕਾਲਜ ਦੇ ਉਨ੍ਹਾਂ ਦੇ ਹਮਅਹੁਦੇਦਾਰ ਵਿਚਾਲੇ ਤਿੱਖੀ ਅਤੇ ਜਨਤਕ ਬਹਿਸ ਹੋਈ, ਜਿਸ ਵਿਚ ਨੌਬਤ ਗਾਲੀ ਗਲੋਚ ਤੱਕ ਪਹੁੰਚ ਗਈ ਸੀ।
ਮੌਜੂਦਾ ਸਮੇਂ ਬੇਸ਼ੱਕ ਕੈਨੇਡਾ ਦੇ ਬਹੁਤ ਸਾਰੇ ਕਾਲਜ ਕਾਫ਼ੀ ਘਬਰਾਏ ਹੋਏ ਨੇ, ਪਰ ਉਹ ਪੀੜਤ ਨਹੀਂ,,,, ਪੀੜਤ ਤਾਂ ਸਿਰਫ਼ ਕੌਮਾਂਤਰੀ ਵਿਦਿਆਰਥੀ ਨੇ, ਜਿਹੜੇ ਹਜ਼ਾਰਾਂ ਡਾਲਰ ਖ਼ਰਚ ਕਰਕੇ ਕੈਨੇਡਾ ਵਿਚ ਇਸ ਉਮੀਦ ਨਾਲ ਆਏ ਨੇ ਕਿ ਉਨ੍ਹਾਂ ਨੂੰ ਇੱਥੇ ਸਥਾਈ ਨਿਵਾਸ ਮਿਲ ਜਾਵੇਗਾ ਪਰ ਉਨ੍ਹਾਂ ਦਾ ਇਹ ਸੁਪਨਾ ਮ੍ਰਿਗ ਤ੍ਰਿਸ਼ਨਾ ਵਿਚ ਬਦਲ ਚੁੱਕਿਆ ਏ।
ਭਾਵੇਂ ਕਿ ਕੈਨੇਡਾ ਪਹਿਲਾਂ ਤੋਂ ਕਿਤੇ ਜ਼ਿਆਦਾ ਅਪਰਵਾਸੀਆਂ ਨੂੰ ਸਵੀਕਾਰ ਕਰ ਰਿਹਾ ਏ ਪਰ ਕੈਨੇਡੀਅਨ ਸਿਸਟਮ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨਾਲ ਤਾਲਮੇਲ ਨਹੀਂ ਬਿਠਾ ਪਾ ਰਿਹਾ। ਜਿਹੋ ਜਿਹੀ ਸਥਿਤੀ ਮੌਜੂਦਾ ਸਮੇਂ ਬਣੀ ਹੋਈ ਐ, ਉਸ ਮੁਤਾਬਕ ਹਰ 10 ਕੌਮਾਂਤਰੀ ਵਿਦਿਆਰਥੀਆਂ ਵਿਚੋਂ ਲਗਭਗ ਤਿੰਨ ਨੂੰ ਹੀ ਸਥਾਈ ਨਿਵਾਸ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਐ।
ਕੌਮਾਂਤਰੀ ਵਿਦਿਆਰਥੀਆਂ ਦੇ ਲਈ ਇਹ ਬੇਹੱਦ ਨਿਰਾਸ਼ਾ ਵਾਲਾ ਸਮਾਂ ਏ, ਜਿਸ ਕਰਕੇ ਕੁੱਝ ਵਿਦਿਆਰਥੀ ਨਿਰਾਸ਼ਾ ਭਰੇ ਕਦਮ ਉਠਾ ਰਹੇ ਨੇ। ਉਨ੍ਹਾਂ ਵੱਲੋਂ ਕੈਨੇਡਾ ਵਿਚ ਸ਼ਰਨ ਲੈਣ ਲਈ ਅਰਜ਼ੀਆਂ ਦਾਇਰ ਕੀਤੀਆਂ ਜਾ ਰਹੀਆਂ ਨੇ। ਇਕ ਰਿਪੋਰਟ ਮੁਤਾਬਕ ਇਕੱਲੇ ਕਾਂਸਟੋਗਾ ਕਾਲਜ ਵਿਚ ਇਕ ਸਾਲ ਦੇ ਅੰਦਰ ਅਜਿਹੇ ਦਾਅਵੇ ਸਾਢੇ ਚਾਰ ਗੁਣਾ ਵਧ ਗਏ ਨੇ। ਯਕੀਨਨ ਤੌਰ ’ਤੇ ਰਫਿਊਜ਼ੀ ਸ਼ਰਨ ਲੈਣ ਦਾ ਦਾਅਵਾ ਕਰਨਾ ਆਖ਼ਰੀ ਯਤਨ ਐ।
ਕੁੱਝ ਵਿਦਿਆਰਥੀ ਅਰਜ਼ੀਆਂ ਵਿਚ ਇਹ ਕਹਿ ਰਹੇ ਨੇ ਕਿ ਭਾਰਤ ਵਿਚ ਉਨ੍ਹਾਂ ਨੂੰ ਗੈਂਗਸਟਰਾਂ ਤੋਂ ਖ਼ਤਰਾ ਏ, ਜਦਕਿ ਕੁੱਝ ਇਹ ਕਹਿ ਰਹੇ ਨੇ ਕੋਈ ਗੈਂਗਸਟਰ ਉਨ੍ਹਾਂ ਦੇ ਨਾਲ ਪੜ੍ਹਦਾ ਸੀ, ਪੁਲਿਸ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਐ। ਇਸ ਤੋਂ ਇਲਾਵਾ ਏਜੰਟਾਂ ਵੱਲੋਂ ਵੀ ਅਜਿਹੀਆਂ ਕਹਾਣੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਜੋ ਅਸਲ ਲੱਗਣ ਅਤੇ ਗੋਰਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਕਿਉਂਕਿ ਜਿਸ ਦੀ ਅਰਜ਼ੀ ਮਨਜ਼ੂਰ ਹੋ ਗਈ, ਉਸ ਦੀਆਂ ਪੌ ਬਾਰਾਂ ਹੋ ਜਾਣਗੀਆਂ ਅਤੇ ਜਿਸ ਦੀ ਅਰਜ਼ੀ ਨਾ ਮਨਜ਼ੂਰ ਹੋ ਗਈ,,, ਉਸ ਨੂੰ ‘ਗੋ ਬੈਕ’ ਹੋਣਾ ਪਵੇਗਾ ਅਤੇ ਫਿਰ ਕਦੀ ਕੈਨੇਡਾ ਦਾ ਮੂੰਹ ਨਹੀਂ ਦੇਖ ਸਕੇਗਾ।
ਪੰਜਾਬ ਵਿਚ ਅੱਤਵਾਦ ਦੇ ਦੌਰ ਸਮੇਂ ਵੀ ਬਹੁਤ ਸਾਰੇ ਲੋਕਾਂ ਨੇ ਜਿੱਥੇ ਆਪਣੇ ਆਪ ਨੂੰ ਅੱਤਵਾਦੀਆਂ ਤੋਂ ਖ਼ਤਰਾ ਹੋਣ ਦੀ ਗੱਲ ਆਖ ਕੇ ਕੈਨੇਡਾ ਵਿਚ ਸ਼ਰਨ ਲਈ ਸੀ, ਉਥੇ ਹੀ ਬਹੁਤ ਸਾਰੇ ਅੱਤਵਾਦੀਆਂ ਨੇ ਵੀ ਪੁਲਿਸ ਤੋਂ ਖ਼ਤਰਾ ਹੋਣ ਦੀ ਗੱਲ ਆਖ ਕੇ ਕੈਨੇਡਾ ਵਿਚ ਸ਼ਰਨ ਲਈ ਸੀ। ਜਦੋਂ ਨਕਸਲੀਆਂ ਦੀ ਲਹਿਰ ਸੀ, ਉਸ ਸਮੇਂ ਵੀ ਇਹੀ ਕੁੱਝ ਹੋਇਆ ਸੀ, ਕੋਈ ਕਹਿੰਦਾ ਸੀ ਸਾਨੂੰ ਨਕਸਲੀਆਂ ਤੋਂ ਖ਼ਤਰਾ ਏ, ਕੋਈ ਕਹਿੰਦਾ ਸੀ ਸਾਨੂੰ ਪੁਲਿਸ ਤੋਂ ਖ਼ਤਰਾ ਏ। ਹੋਰ ਤਾਂ ਹੋਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਮੌਤ ਵੇਲੇ ਵੀ ਕੁੱਝ ਲੋਕਾਂ ਨੇ ਚਮਕੀਲੇ ਦੇ ਸਾਥੀ ਵਜੋਂ ਖ਼ੁਦ ਨੂੰ ਦਰਸਾ ਕੇ ਕੈਨੇਡਾ ਵਿਚ ਸ਼ਰਨ ਹਾਸਲ ਕੀਤੀ ਸੀ।
ਭਾਵੇਂ ਕਿ ਇਹ ਰੁਝਾਨ ਕਾਫ਼ੀ ਪੁਰਾਣਾ ਏ ਪਰ ਹੁਣ ਪੁਰਾਣੀ ਗੱਲ ਨਹੀਂ ਰਹੀ, ਸਖ਼ਤੀ ਬਹੁਤ ਜ਼ਿਆਦਾ ਵਧ ਗਈ ਐ। ਕੈਨੇਡਾ ਸਰਕਾਰ ਵੀ ਹਰ ਮਾਮਲੇ ਵਿਚ ਵਾਲ ਦੀ ਖੱਲ ਕੱਢਣ ਵਿਚ ਲੱਗੀ ਹੋਈ ਐ ਤਾਂ ਜੋ ਉਨ੍ਹਾਂ ਅਰਜ਼ੀਆਂ ਨੂੰ ਹੀ ਮਨਜ਼ੂਰੀ ਦਿੱਤੀ ਜਾ ਸਕੇ ਜੋ ਅਸਲ ਵਿਚ ਪੀੜਤ ਨੇ।
ਦਰਅਸਲ ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਤਾਂ ਰਫਿਊਜ਼ੀ ਸ਼ਰਨ ਹੀ ਆਖ਼ਰੀ ਰਸਤਾ ਬਚ ਜਾਂਦਾ ਏ ਪਰ ਹਰ ਦਾਅਵਾ ਸਵੀਕਾਰ ਨਹੀਂ ਕੀਤਾ ਜਾਂਦਾ ਕਿਉਂਕਿ ਦਾਅਵੇਦਾਰਾਂ ਨੂੰ ਇਹ ਵੀ ਸਾਬਤ ਕਰਨਾ ਪੈਂਦਾ ਏ ਕਿ ਜੇਕਰ ਉਹ ਆਪਣੇ ਦੇਸ਼ ਵਾਪਸ ਪਰਤਣਗੇ ਤਾਂ ਉਨ੍ਹਾਂ ਨੂੰ ਕਿਹੜੇ ਖ਼ਤਰੇ ਦਾ ਸਾਹਮਣਾ ਕਰਨਾ ਪਵੇਗਾ।
ਕੈਨੇਡਾ ਵਿਚ ਭਾਰਤ ਵੱਲੋਂ ਰਫਿਊਜ਼ੀ ਸ਼ਰਨ ਲੈਣ ਦੇ ਦਾਅਵੇ ਲਗਾਤਾਰ ਵਧ ਰਹੇ ਨੇ। ਸਾਲ 2022 ਵਿਚ ਲਗਭਗ 3500 ਦਾਅਵੇ ਕੀਤੇ ਗਏ ਸੀ, ਜਿਨ੍ਹਾਂ ਵਿਚੋਂ ਕਰੀਬ ਅੱਧੇ ਹੀ ਮਨਜ਼ੂਰ ਕੀਤੇ ਗਏ ਸੀ। ਸੋ ਮੌਜੂਦਾ ਸਮੇਂ ਲਗਾਏ ਗਏ ਰਫਿਊਜ਼ੀ ਸ਼ਰਨ ਦੇ ਦਾਅਵਿਆਂ ਦਾ ਕੀ ਹੋਵੇਗਾ,,ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।