ਇਨ੍ਹਾਂ ਇਤਿਹਾਸਕ ਘਟਨਾਵਾਂ ਕਰਕੇ ਖ਼ਾਸ ਰਿਹਾ 2023
ਚੰਡੀਗੜ੍ਹ, 30 ਦਸੰਬਰ (ਸ਼ਾਹ) : ਸਾਲ 2023 ਖ਼ਤਮ ਹੋ ਚੁੱਕਿਆ ਏ ਅਤੇ ਨਵੇਂ ਸਾਲ 2024 ਦੀ ਸ਼ੁਰੂਆਤ ਹੋ ਚੁੱਕੀ ਐ। ਸਾਲ ਖ਼ਤਮ ਹੋਣ ’ਤੇ ਹਰ ਵਾਰ ਇਕ ਵਾਰ ਪਿਛਲੇ ਸਾਲ ਦੀਆਂ ਕੁੱਝ ਪ੍ਰਾਪਤੀਆਂ ਅਤੇ ਕੁੱਝ ਕਮੀਆਂ ਝਾਤ ਜ਼ਰੂਰ ਮਾਰੀ ਜਾਂਦੀ ਐ ਤਾਂ ਜੋ ਕੁੱਝ ਗੱਲਾਂ ਨਵੇਂ ਸਾਲ ਵਿਚ ਪ੍ਰੇਰਣਾ ਬਣਨ ਅਤੇ ਕੁੱਝ ਤੋਂ ਬਚਿਆ ਜਾ […]
By : Makhan Shah
ਚੰਡੀਗੜ੍ਹ, 30 ਦਸੰਬਰ (ਸ਼ਾਹ) : ਸਾਲ 2023 ਖ਼ਤਮ ਹੋ ਚੁੱਕਿਆ ਏ ਅਤੇ ਨਵੇਂ ਸਾਲ 2024 ਦੀ ਸ਼ੁਰੂਆਤ ਹੋ ਚੁੱਕੀ ਐ। ਸਾਲ ਖ਼ਤਮ ਹੋਣ ’ਤੇ ਹਰ ਵਾਰ ਇਕ ਵਾਰ ਪਿਛਲੇ ਸਾਲ ਦੀਆਂ ਕੁੱਝ ਪ੍ਰਾਪਤੀਆਂ ਅਤੇ ਕੁੱਝ ਕਮੀਆਂ ਝਾਤ ਜ਼ਰੂਰ ਮਾਰੀ ਜਾਂਦੀ ਐ ਤਾਂ ਜੋ ਕੁੱਝ ਗੱਲਾਂ ਨਵੇਂ ਸਾਲ ਵਿਚ ਪ੍ਰੇਰਣਾ ਬਣਨ ਅਤੇ ਕੁੱਝ ਤੋਂ ਬਚਿਆ ਜਾ ਸਕੇ ਪਰ ਅੱਜ ਅਸੀਂ ਤੁਹਾਨੂੰ ਸਾਲ 2023 ਦੀਆਂ ਕੁੱਝ ਅਜਿਹੀਆਂ ਘਟਨਾਵਾਂ ਬਾਰੇ ਜਾਣਕਾਰੀ ਦੇਵਾਂਗੇ ਜੋ 2023 ਤੋਂ ਪਹਿਲਾਂ ਇਤਿਹਾਸ ਵਿਚ ਕਦੇ ਨਹੀਂ ਹੋਈਆਂ। ਸੋ ਆਓ ਮਾਰਦੇ ਆਂ, ਇਨ੍ਹਾਂ ਇਤਿਹਾਸਕ ਘਟਨਾਵਾਂ ’ਤੇ ਇਕ ਝਾਤ।
ਚੰਦ ਦੇ ਸਾਊਥ ਪੋਲ ’ਤੇ ਪਹਿਲੀ ਵਾਰ ਪੁੱਜਾ ਸਪੇਸਕ੍ਰਾਫਟ : ਚੰਦ ਨੂੰ ਮਾਮੇ ਦਾ ਘਰ ਇਨਸਾਨ ਵੱਲੋਂ ਕਾਫ਼ੀ ਸਮੇਂ ਤੋਂ ਮੰਨਿਆ ਜਾਂਦੈ ਪਰ ਇਸ ਘਰ ਦੇ ਸਾਰੇ ਕੋਨਿਆਂ ਤੱਕ ਭਾਣਜਿਆਂ ਦੀ ਪਹੁੰਚ ਨਹੀਂ ਸੀ। ਯਾਨੀ ਇਨਸਾਨ ਨੇ ਜਿੰਨੇ ਵੀ ਮਿਸ਼ਨ ਕੀਤੇ, ਸਾਰੇ ਇਕੋ ਹੀ ਪਾਸੇ ਕੀਤੇ, ਜਿਸ ਕਰਕੇ ਚੰਦ ਦਾ ਸਾਊਥ ਪੋਲ ਅਜਿਹੇ ਮਿਸ਼ਨਾਂ ਤੋਂ ਅਛੂਤਾ ਰਿਹਾ।
ਫਿਰ ਆਇਆ ਭਾਰਤ ਦਾ ਮੂਨ ਮਿਸ਼ਨ ਚੰਦਰਯਾਨ-3, ਜਿਸ ਨੂੰ 23 ਅਗਸਤ 2023 ਨੂੰ ਚੰਦ ਦੀ ਸਤ੍ਹਾ ’ਤੇ ਉਤਾਰਿਆ ਗਿਆ, ਜਿਸ ਤੋਂ ਬਾਅਦ ਜਿੱਥੇ ਭਾਰਤ ਦੀ 140 ਕਰੋੜ ਜਨਤਾ ਖ਼ੁਸ਼ੀ ਨਾਲ ਝੂਮ ਉਠੀ, ਉਥੇ ਹੀ ਵਿਸ਼ਵ ਦੇ ਹੋਰਨਾਂ ਦੇਸ਼ਾਂ ਦੇ ਲੋਕ ਵੀ ਇਸ ਖ਼ੁਸ਼ੀ ਵਿਚ ਸ਼ਾਮਲ ਸਨ ਕਿਉਂਕਿ ਇਹ ਪਹਿਲਾ ਮੌਕਾ ਸੀ ਜਦੋਂ ਇਨਸਾਨ ਦੇ ਪੈਰ ਚੰਦ ਦੇ ਸਾਊਥ ਪੋਲ ’ਤੇ ਪਏ ਸੀ।
ਪਹਿਲੀ ਵਾਰ ਮਿਲਿਆ ਬੱਦਲਾਂ ’ਚ ਮਾਈਕ੍ਰੋਪਲਾਸਟਿਕ : ਸਾਲ 2023 ’ਚ ਮਨੁੱਖ ਜਾਤੀ ਦਾ ਸਿਰ ਉਚਾ ਕਰਨ ਵਾਲੀਆਂ ਹੀ ਘਟਨਾਵਾਂ ਨਹੀਂ ਹੋਈਆਂ ਬਲਕਿ ਕੁੱਝ ਘਟਨਾਵਾਂ ਅਜਿਹੀਆਂ ਵੀ ਹੋਈਆਂ ਜੋ ਮਨੁੱਖੀ ਜੀਵਨ ਲਈ ਗੰਭੀਰ ਖ਼ਤਰੇ ਨੂੰ ਦਰਸਾਉਂਦੀਆਂ ਨੇ। ਸਾਲ 2023 ਦੌਰਾਨ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਬੱਦਲਾਂ ਵਿਚ ਮਾਈਕ੍ਰੋਪਲਾਸਟਿਕ ਦੇ ਕਣ ਮਿਲੇ। ਵੈਸੇ ਤਾਂ ਪਲਾਸਟਿਕ ਧਰਤੀ ’ਤੇ ਹਰ ਜਗ੍ਹਾ ਪਹੁੰਚ ਚੁੱਕਿਆ ਏ, ਚਾਹੇ ਉਹ ਮਹਾਸਾਗਰ ਹੋਵੇ ਜਾਂ ਐਵਰੈਸਟ ਦੀਆਂ ਚੋਟੀਆਂ ਹੋਣ ਪਰ ਬੱਦਲਾਂ ਵਿਚ ਪਲਾਸਟਿਕ ਦੇ ਕਣਾਂ ਦੀ ਮੌਜੂਦਗੀ ਯਕੀਨਨ ਤੌਰ ’ਤੇ ਬੇਹੱਦ ਚਿੰਤਾ ਵਾਲੀ ਗੱਲ ਐ।
ਮਾਈਕ੍ਰੋਪਲਾਸਟਿਕ ਦਰਅਸਲ ਪਲਾਸਟਿਕ ਦੇ ਸੂਖ਼ਮ ਕਣਕ ਹੁੰਦੇ ਨੇ ਜੋ ਆਮ ਤੌਰ ’ਤੇ 5 ਮਿਲੀਮੀਟਰ ਤੋਂ ਵੀ ਘੱਟ ਲੰਬਾਈ ਦੇ ਹੁੰਦੇ ਨੇ। ਟੋਕੀਓ ਦੀ ਵਸੇਦਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੂੰ ਇਹ ਮਿਲੇ ਸੀ। ਬੱਦਲਾਂ ਵਿਚ ਮਾਈਕ੍ਰੋਪਲਾਸਟਿਕ ਕਣਾਂ ਦਾ ਪਾਇਆ ਜਾਣਾ ਬੇਹੱਦ ਚਿੰਤਾਜਨਕ ਐ, ਜਿਸ ਤੋਂ ਸਾਰੇ ਵਾਤਾਵਰਣ ਪੇ੍ਰਮੀ ਚਿੰਤਤ ਨੇ। ਇਸ ਨਾਲ ਵਾਤਾਵਰਣ ਨੂੰ ਤਾਂ ਵਿਆਪਕ ਨੁਕਸਾਨ ਹੈ ਹੀ,, ਨਾਲ ਹੀ ਇਸ ਦੀ ਵਜ੍ਹਾ ਕਰਕੇ ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਤੇ ਕੈਂਸਰ ਦਾ ਖ਼ਤਰਾ ਵੀ ਹੋ ਸਕਦਾ ਏ। ਬੱਦਲਾਂ ਵਿਚ ਮਾਈਕ੍ਰੋਪਲਾਸਟਿਕ ਪਾਏ ਜਾਣ ਦੀ ਘਟਨਾ 2023 ਤੋਂ ਪਹਿਲਾਂ ਕਦੇ ਨਹੀਂ ਹੋਈ।
ਸਵਾ ਲੱਖ ਸਾਲਾਂ ’ਚ ਸਭ ਤੋਂ ਗਰਮ ਰਿਹਾ ਸਾਲ 2023 : ਪਿਛਲੇ ਸਾਲ 2023 ਦੀ ਇਕ ਵੱਡੀ ਖ਼ਾਸੀਅਤ ਇਹ ਰਹੀ ਕਿ ਇਹ ਸਾਲ ਪਿਛਲੇ ਲਗਭਗ ਸਵਾ ਲੱਖ ਸਾਲਾਂ ਵਿਚੋਂ ਸਭ ਤੋਂ ਜ਼ਿਆਦਾ ਗਰਮ ਸਾਲ ਰਿਹਾ। ਇੰਨਾ ਹੀ ਨਹੀਂ, ਅਕਤੂਬਰ 2023 ਸਭ ਤੋਂ ਗਰਮ ਮਹੀਨਾ ਸਾਬਤ ਹੋਇਆ। ਇਹ ਜਾਣਕਾਰੀ ਯੂਰਪੀਅਨ ਯੂਨੀਅਨ ਦੇ ਕਾਪਰਨਿਕਸ ਕਲਾਈਮੇਟ ਚੇਂਜ ਸਰਵਿਸ ਵੱਲੋਂ ਦਿੱਤੀ ਗਈ।
ਇਹ ਸਭ ਕੁੱਝ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਦੀ ਵਜ੍ਹਾ ਕਰਕੇ ਹੋ ਰਿਹਾ ਏ। ਇਸ ਤੋਂ ਪਹਿਲਾਂ ਸਾਲ 2016 ਵਿਚ ਵੀ ਅਜਿਹੇ ਹਾਲਾਤ ਬਣੇ ਸੀ ਪਰ ਰਿਕਾਰਡ ਨਹੀਂ ਟੁੱਟ ਸਕਿਆ ਸੀ। ਉਸ ਸਮੇਂ ਵਾਤਾਵਰਣ ’ਤੇ ਅਲ ਨੀਨੋ ਤੂਫ਼ਾਨ ਦਾ ਅਸਰ ਸੀ। ਵਾਤਾਵਰਣ ਵਿਚ ਆਉਣ ਵਾਲੇ ਅਜਿਹੇ ਭਿਆਨਕ ਬਦਲਾਅ ਦਰਸਾ ਰਹੇ ਨੇ ਕਿ ਇਨਸਾਨ ਧਰਤੀ ਦੇ ਨਾਲ ਕੁੱਝ ਤਾਂ ਗਲਤ ਕਰ ਰਿਹਾ ਏ, ਤਾਂ ਹੀ ਤਾਂ ਸਾਲ 2023 ਸਵਾ ਲੱਖ ਸਾਲਾਂ ਵਿਚੋਂ ਸਭ ਤੋਂ ਵੱਧ ਗਰਮ ਸਾਲ ਸਾਬਤ ਹੋਇਆ।
ਲਕਵਾ ਪੀੜਤ ਵਿਅਕਤੀ ਸਿਰਫ਼ ਸੋਚਣ ਨਾਲ ਹੀ ਚੱਲਣ ਲੱਗਿਆ : ਸਾਲ 2023 ਵਿਚ ਵਿਗਿਆਨ ਨੇ ਜਿੱਥੇ ਮਨੁੱਖ ਦੇ ਸਾਹਮਣੇ ਆ ਰਹੇ ਵੱਡੇ ਖ਼ਤਰਿਆਂ ਵੱਲ ਧਿਆਨ ਦਿਵਾਇਆ, ਉਥੇ ਹੀ ਵਿਗਿਆਨ ਨੇ ਕੁੱਝ ਵੱਡੇ ਚਮਤਕਾਰ ਵੀ ਦਿਖਾਏ, ਜੋ ਇਨਸਾਨੀ ਜ਼ਿੰਦਗੀ ਨੂੰ ਆਸਾਨ ਬਣਾਉਂਦੇ ਨੇ। ਇਨ੍ਹਾਂ ਵਿਚੋਂ ਇਕ ਸੀ ਇਲੈਕਟ੍ਰੋਨਿਕ ਬ੍ਰੇਨ ਇੰਪਲਾਂਟ, ਟੈਕਨਾਲੌਜੀ ਦੇ ਇਸ ਸਰੂਪ ਨੇ ਇਨਸਾਨ ਦਾ ਜੀਵਨ ਬਦਲ ਕੇ ਰੱਖ ਦਿੱਤਾ।
ਨੀਦਰਲੈਂਡ ਦੇ ਰਹਿਣ ਵਾਲੇ 40 ਸਾਲਾ ਗਰਟ ਓਸਕਮ ਨੂੰ 12 ਸਾਲ ਪਹਿਲਾਂ ਇਕ ਹਾਦਸੇ ਤੋਂ ਬਾਅਦ ਲਕਵਾ ਹੋ ਗਿਆ ਸੀ। ਉਸ ਦੇ ਦੋਵੇਂ ਪੈਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਉਹ ਨਾ ਚੱਲ ਪਾਉਂਦਾ ਸੀ ਅਤੇ ਨਾ ਹੀ ਖੜ੍ਹਾ ਹੋ ਪਾਉਂਦਾ ਸੀ ਪਰ ਹੁਣ ਡਿਜ਼ੀਟਲ ਬ੍ਰੇਨ ਇੰਪਲਾਂਟ ਦੀ ਮਦਦ ਨਾਲ ਉਹ ਆਪਣੇ ਦਿਮਾਗ਼ ਦੇ ਸਹਾਰੇ ਚੱਲ ਫਿਰ ਸਕਦਾ ਏ।
ਵਿਗਿਆਨੀਆਂ ਨੇ ਇਕ ਅਜਿਹੀ ਡਿਵਾਈਸ ਬਣਾਈ ਜੋ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੇ ਕੁਨੈਕਸ਼ਨ ਨੂੰ ਜੋੜਦੀ ਐ ਅਤੇ ਦਿਮਾਗ਼ ਦੇ ਵਿਚਾਰਾਂ ਨੂੰ ਐਕਸ਼ਨ ਵਿਚ ਬਦਲਦੀ ਐ। ਦਿਮਾਗ਼ ਚੱਲਣ ਦੀ ਕਮਾਂਡ ਦਿੰਦਾ ਏ ਤਾਂ ਪੈਰ ਉਸ ਕਮਾਂਡ ਦਾ ਪਾਲਣ ਕਰਦੇ ਨੇ। ਇਹ ਡਿਵਾਈਸ ਅਜੇ ਰਿਸਰਚ ਸਟੇਜ ’ਤੇ ਐ, ਇਸ ਨੂੰ ਲਕਵਾ ਪੀੜਤ ਰੋਗੀਆਂ ਲਈ ਉਪਲਬਧ ਹੋਣ ਵਾਸਤੇ ਕੁੱਝ ਸਾਲ ਹੋਰ ਲੱਗ ਸਕਦੇ ਨੇ। ਸਾਲ 2023 ਵਿਚ ਪਹਿਲੀ ਵਾਰ ਹੋਏ ਇਸ ਵਿਗਿਆਨਕ ਕਾਰਨਾਮੇ ਨੂੰ ਵੀ ਨਾ ਭੁੱਲਣਯੋਗ ਘਟਨਾ ਕਿਹਾ ਜਾ ਸਕਦਾ ਏ।
ਸੋ ਇਹ ਸਨ ਸਾਲ 2023 ਦੀਆਂ ਕੁੱਝ ਅਜਿਹੀਆਂ ਘਟਨਾਵਾਂ ਜੋ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਹੋਈਆਂ। ਇਨ੍ਹਾਂ ਵਿਚੋਂ ਕੁੱਝ ਡਰਾਉਣ ਵਾਲੀਆਂ ਨੇ ਅਤੇ ਕੁੱਝ ਸੰਭਾਵਨਾਵਾ ਦੇ ਨਵੇਂ ਦੁਆਰ ਖੋਲ੍ਹਦੀਆਂ ਨੇ। ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਜ਼ਰੂਰੀ ਸਾਂਝੀ ਕਰੋ। ਹੋਰ ਦਿਲਚਸਪ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ