ਕੈਲੀਫੋਰਨੀਆ ’ਚ ਬਗ਼ੈਰ ਹੈਲਮਟ ਮੋਟਰਸਾਈਕਲ ਚਲਾ ਸਕਣਗੇ ਸਿੱਖ!
ਸੈਕਰਾਮੈਂਟੋ, 18 ਸਤੰਬਰ (ਹੁਸਨ ਲੜੋਆ ਬੰਗਾ) : ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਸ਼ ਦੇ ਕਿਸੇ ਸੂਬੇ ’ਚ ਸਿੱਖਾਂ ਨੂੰ ਹੈਲਮਟ ਤੋਂ ਛੋਟ ਮਿਲਣ ਜਾ ਰਹੀ ਹੈ। ਜੀ ਹਾਂ, ਕੈਲੀਫੋਰਨੀਆ ਸਟੇਟ ਸੈਨੇਟ ਵਿੱਚ SB-847 ਬਿੱਲ ਵੱਡੇ ਬਹੁਮਤ ਨਾਲ ਪਾਸ ਹੋ ਗਿਆ। ਗਵਰਨਰ ਦੀ ਮੋਹਰ ਲੱਗਣ ਮਗਰੋਂ ਇਹ ਬਿਲ ਕਾਨੂੰਨ ਬਣ ਜਾਵੇਗਾ। ਇਸ ਮਗਰੋਂ ਕੈਲੀਫੋਰਨੀਆ ਵਿੱਚ […]
By : Hamdard Tv Admin
ਸੈਕਰਾਮੈਂਟੋ, 18 ਸਤੰਬਰ (ਹੁਸਨ ਲੜੋਆ ਬੰਗਾ) : ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਸ਼ ਦੇ ਕਿਸੇ ਸੂਬੇ ’ਚ ਸਿੱਖਾਂ ਨੂੰ ਹੈਲਮਟ ਤੋਂ ਛੋਟ ਮਿਲਣ ਜਾ ਰਹੀ ਹੈ। ਜੀ ਹਾਂ, ਕੈਲੀਫੋਰਨੀਆ ਸਟੇਟ ਸੈਨੇਟ ਵਿੱਚ SB-847 ਬਿੱਲ ਵੱਡੇ ਬਹੁਮਤ ਨਾਲ ਪਾਸ ਹੋ ਗਿਆ। ਗਵਰਨਰ ਦੀ ਮੋਹਰ ਲੱਗਣ ਮਗਰੋਂ ਇਹ ਬਿਲ ਕਾਨੂੰਨ ਬਣ ਜਾਵੇਗਾ। ਇਸ ਮਗਰੋਂ ਕੈਲੀਫੋਰਨੀਆ ਵਿੱਚ ਸਿੱਖਾਂ ਨੂੰ ਬਗ਼ੈਰ ਹੈਲਮਟ ਮੋਟਰਸਾਈਕਲ ਚਲਾਉਣ ਦੀ ਪ੍ਰਵਾਨਗੀ ਮਿਲ ਜਾਵੇਗੀ।
ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਕੈਲੀਫੋਰਨੀਆ ਸਟੇਟ ਸੈਨੇਟ ਨੇ ਬੀਤੇ ਦਿਨੀਂ ਬਿੱਲ SB-847 ਨੂੰ ਵੱਡੇ ਬਹੁਮਤ ਨਾਲ ਪਾਸ ਕਰ ਦਿੱਤਾ। ਜਲਦ ਹੀ ਕੈਲੀਫੋਰਨੀਆ ਸਟੇਟ ਦੇ ਗਵਰਨਰ ਦੇ ਦਸਤਖਤ ਹੋਣ ਮਗਰੋਂ ਇਹ ਬਿਲ ਕਾਨੂੰਨ ਦਾ ਰੂਪ ਲੈ ਲਏਗਾ।
ਇਸ ਤਹਿਤ ਜਲਦ ਹੀ ਸਿੱਖ ਇੱਥੇ ਆਪਣੇ ਸਿਰ ’ਤੇ ਦਸਤਾਰ ਸਜਾ ਕੇ ਕੈਲੀਫੋਰਨੀਆ ਸਟੇਟ ਵਿੱਚ ਕਾਨੂੰਨੀ ਤੌਰ ’ਤੇ ਮੋਟਰਸਾਈਕਲ ਚਲਾ ਸਕਣਗੇ। ਬਿੱਲ SB-847 ਸਟੇਟ ਸੈਨੇਟਰ ਬਰਾਇਨ ਡਾਹਲੀ ਨੇ ਕਾਨੂੰਨ ਦੇ ਮਾਹਰਾਂ ਅਤੇ ਪਲੈਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਮਨਦੀਪ ਸਿੰਘ ਦੀ ਮਦਦ ਨਾਲ ਤਿਆਰ ਕੀਤਾ ਸੀ।
ਇੱਕ ਮੁਕੰਮਲ ਕਾਨੂੰਨ ਬਣਨ ਤੋਂ ਪਹਿਲਾਂ ਬਿਲ ਐਸਬੀ-847 ਨੂੰ ਸਟੇਟ ਕਮੇਟੀਆਂ, ਸੈਨੇਟ ਫਲੋਰ, ਅਸੈਂਬਲੀ ਫਲੋਰ ਅਤੇ ਹੋਰ ਬਹੁਤ ਸਾਰੀਆਂ ਪ੍ਰਕਿਰਿਆਵਾਂ ਵਿੱਚ ਲੰਘਣਾ ਪਿਆ।
ਸੈਨੇਟਰ ਬਰਾਇਨ ਡਾਹਲੀ ਅਤੇ ਪਲੈਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਮਨਦੀਪ ਸਿੰਘ ਨੇ ਬਹੁਤ ਮਿਹਨਤ ਕਰਕੇ ਬਿਲ SB-847 ਨੂੰ ਹਰ ਇੱਕ ਪੜਾਅ ਵਿੱਚੋਂ ਵੱਡੇ ਬਹੁਮਤ ਨਾਲ ਪਾਸ ਕਰਵਾਇਆ।
ਦੱਸ ਦੇਈਏ ਕਿ ਅਮਰੀਕਾ ਵਿੱਚ ਵੱਡੀ ਗਿਣਤੀ ’ਚ ਸਿੱਖ ਭਾਈਚਾਰੇ ਦੇ ਲੋਕ ਵਸੇ ਹੋਏ ਨੇ। ਇਸ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਿੱਖਾਂ ਨੂੰ ਕਿਸੇ ਸੂਬੇ ਵਿੱਚ ਕਾਨੂੰਨੀ ਤੌਰ ’ਤੇ ਹੈਲਮਟ ਤੋਂ ਛੋਟ ਮਿਲਣ ਜਾ ਰਹੀ ਹੈ ਤੇ ਉਨ੍ਹਾਂ ਨੂੰ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦਾ ਹੱਕ ਮਿਲ ਜਾਵੇਗਾ।
ਹੁਣ ਕੈਲੀਫੋਰਨੀਆ ਦੇ ਗਵਰਨਰ ਦੀ ਪ੍ਰਵਾਨਗੀ ’ਤੇ ਉਮੀਦ ਟਿਕੀ ਹੋਈ ਹੈ, ਜਿਵੇਂ ਹੀ ਉਨ੍ਹਾਂ ਦੀ ਮੋਹਰ ਲੱਗੀ ਤਾਂ ਸਿੱਖਾਂ ਨੂੰ ਇਹ ਵੱਡੀ ਰਾਹਤ ਮਿਲ ਜਾਵੇਗੀ। ਉਹ ਦਸਤਾਰ ਸਜਾ ਕੇ ਬਾਈਕ ਦੀ ਸਵਾਰੀ ਕਰ ਸਕਣਗੇ। ਇਸ ਦੌਰਾਨ ਉਨ੍ਹਾਂ ਨੂੰ ਹੈਲਮਟ ਪਾਉਣ ਦੀ ਲੋੜ ਨਹੀਂ ਹੋਵੇਗੀ।
ਅਮਰੀਕਾ ਤੋਂ ਇਲਾਵਾ ਕੈਨੇਡਾ ਦੀ ਗੱਲ ਕਰੀਏ ਤਾਂ ਪੰਜਾਬੀ ਦੇ ਹਰਮਨ ਪਿਆਰੇ ਇਸ ਮੁਲਕ ਵਿੱਚ ਕਈ ਸੂਬਿਆਂ ’ਚ ਸਿੱਖਾਂ ਨੂੰ ਹੈਲਮਟ ਤੋਂ ਛੋਟ ਮਿਲੀ ਹੋਈ ਹੈ। ਉਨਟਾਰੀਓ, ਬ੍ਰਿਟਿਸ਼ ਕੋਲੰਬੀਆ, ਐਲਬਰਟਾ ਅਤੇ ਮੈਨੀਟੋਬਾ ਸਣੇ ਕਈ ਕੈਨੇਡੀਅਨ ਸੂਬਿਆਂ ਵਿੱਚ ਸਿੱਖ ਦਸਤਾਰ ਸਜਾ ਕੇ ਮੋਟਰਸਾਈਕਲ ਚਲਾ ਸਕਦੇ ਨੇ। ਉਨ੍ਹਾਂ ਨੂੰ ਇੱਥੇ ਹੈਲਮਟ ਪਾਉਣ ਦੀ ਸ਼ਰਤ ਵਿੱਚ ਛੋਟ ਦਿੱਤੀ ਗਈ ਹੈ।
ਜੇਕਰ ਕੈਲੀਫੋਰਨੀਆ ਦੇ ਗਵਰਨਰ ਨੇ ਵੀ ਬਿਲ ਐਸਬੀ-847 ਨੂੰ ਪ੍ਰਵਾਨਗੀ ਦੇ ਦਿੱਤੀ ਤਾਂ ਕਾਨੂੰਨ ਬਣਨ ਮਗਰੋਂ ਇੱਥੇ ਵੀ ਸਿੱਖ ਭਾਈਚਾਰੇ ਦੇ ਲੋਕ ਹੈਲਮੈਟ ਤੋਂ ਬਗ਼ੈਰ ਮੋਟਰਸਾਈਕਲ ਚਲਾ ਸਕਣਗੇ।