ਫਿਰ ਵੱਖਰੀ ਰਾਹ ’ਤੇ ਸਿੱਧੂ?
ਚੰਡੀਗੜ੍ਹ, 1 ਜਨਵਰੀ (ਸ਼ਾਹ) : ਅਗਾਮੀ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਐਕਟਿਵ ਮੋਡ ’ਤੇ ਆ ਚੁੱਕੀਆਂ ਨੇ। ਭਾਵੇਂ ਕਾਂਗਰਸ ਨੇ ਵੀ ਹਾਈਕਮਾਨ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਰਫ਼ਤਾਰ ਤੇਜ਼ ਕਰ ਦਿੱਤੀ ਐ ਪਰ ਨਵਜੋਤ ਸਿੱਧੂ ਦੀਆਂ ਸਰਗਰਮੀਆਂ ਦਰਸਾ ਰਹੀਆਂ ਨੇ ਕਿ ਕਾਂਗਰਸ ਵਿਚਲੀ ਗੁੱਟਬੰਦੀ ਖ਼ਤਮ ਨਹੀਂ ਹੋਈ ਬਲਕਿ ਇਹ […]
By : Makhan Shah
ਚੰਡੀਗੜ੍ਹ, 1 ਜਨਵਰੀ (ਸ਼ਾਹ) : ਅਗਾਮੀ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਐਕਟਿਵ ਮੋਡ ’ਤੇ ਆ ਚੁੱਕੀਆਂ ਨੇ। ਭਾਵੇਂ ਕਾਂਗਰਸ ਨੇ ਵੀ ਹਾਈਕਮਾਨ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਰਫ਼ਤਾਰ ਤੇਜ਼ ਕਰ ਦਿੱਤੀ ਐ ਪਰ ਨਵਜੋਤ ਸਿੱਧੂ ਦੀਆਂ ਸਰਗਰਮੀਆਂ ਦਰਸਾ ਰਹੀਆਂ ਨੇ ਕਿ ਕਾਂਗਰਸ ਵਿਚਲੀ ਗੁੱਟਬੰਦੀ ਖ਼ਤਮ ਨਹੀਂ ਹੋਈ ਬਲਕਿ ਇਹ ਫਿਰ ਤੋਂ ਤੇਜ਼ੀ ਨਾਲ ਸ਼ੁਰੂ ਹੋਣ ਜਾ ਰਹੀ ਐ ਕਿਉਂਕਿ ਨਵਜੋਤ ਸਿੱਧੂ ਵੱਲੋਂ 7 ਜਨਵਰੀ ਨੂੰ ਬਠਿੰਡਾ ਵਿਚ ਰੈਲੀ ਦਾ ਐਲਾਨ ਕੀਤਾ ਗਿਆ ਏ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੀਆਂ ਧਮਕੀਆਂ ਦੀ ਪ੍ਰਵਾਹ ਕੀਤੇ ਬਿਨਾਂ ਬਠਿੰਡਾ ਵਿਚ 7 ਜਨਵਰੀ ਨੂੰ ਆਪਣੀ ਵੱਖਰੀ ਰੈਲੀ ਦਾ ਐਲਾਨ ਕਰ ਦਿੱਤਾ ਏ, ਜਿਸ ਤੋਂ ਇੰਝ ਜਾਪਦਾ ਏ ਕਿ ਕਾਂਗਰਸ ਵਿਚ ਫਿਰ ਤੋਂ ਵੱਡੀ ਧੜੇਬੰਦੀ ਸ਼ੁਰੂ ਹੋਣ ਜਾ ਰਹੀ ਐ। ਨਵਜੋਤ ਸਿੱਧੂ ਵੱਲੋਂ ਇਹ ਐਲਾਨ ਹਾਈਕਮਾਂਡ ਦੀ ਦਿੱਲੀ ਵਿਚ ਹੋਈ ਮੀਟਿੰਗ ਤੋਂ ਐਨ ਬਾਅਦ ਕੀਤਾ ਗਿਆ ਏ।
ਨਵਜੋਤ ਸਿੱਧੂ ਭਾਵੇਂ ਵੱਖਰੀ ਰੈਲੀ ਕਰਨ ਜਾ ਰਹੇ ਨੇ ਪਰ ਕਈ ਮਾਮਲਿਆਂ ਵਿਚ ਉਨ੍ਹਾਂ ਨੂੰ ਨਿਯਮਾਂ ਵਿਚ ਰਹਿ ਕੇ ਕੰਮ ਕਰਨਾ ਹੋਵੇਗਾ, ਪਹਿਲਾਂ ਦੀ ਤਰ੍ਹਾਂ ਉਹ ਪਾਰਟੀ ਨੇਤਾਵਾਂ ਨੂੰ ਨਹੀਂ ਬਲਕਿ ਸਰਕਾਰ ਨੂੰ ਭੰਡਦੇ ਹੋਏ ਦਿਖਾਈ ਦੇਣਗੇ, ਜਦਕਿ ਪਿਛਲੀ ਵਾਰ ਤਾਂ ਉਹ ਵਿਰੋਧੀਆਂ ਦੇ ਨਾਲ ਨਾਲ ਕਾਂਗਰਸੀਆਂ ’ਤੇ ਵੀ ਨਿਸ਼ਾਨੇ ਸਾਧਦੇ ਨਜ਼ਰ ਆਏ ਸੀ।
ਬੀਤੇ ਦਿਨੀਂ ਕਾਂਗਰਸ ਹਾਈਕਮਾਂਡ ਵੱਲੋਂ ਇਕ ਅਹਿਮ ਮੀਟਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਨੇ ਇਕਜੁੱਟ ਤਾਂ ਕੀ ਹੋਣਾ ਸੀ ਸਗੋਂ ਨਵਜੋਤ ਸਿੱਧੂ ਨੇ ਸਰਗਰਮੀ ਦਿਖਾਉਂਦਿਆਂ ਬਠਿੰਡਾ ਵਿਚ 7 ਜਨਵਰੀ ਨੂੰ ਰੈਲੀ ਦਾ ਐਲਾਨ ਕਰ ਦਿੱਤਾ, ਜਿਸ ਨੂੰ ਲੋਕ ਮਿਲਣੀ ਦਾ ਨਾਮ ਦਿੱਤਾ ਗਿਆ ਏ। ਇਹ ਜਾਣਕਾਰੀ ਖ਼ੁਦ ਨਵਜੋਤ ਸਿੰਘ ਸਿੱਧੂ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ।
ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸਾਰੇ ਨੇਤਾਵਾਂ ਨੂੰ ਇਸ ਰੈਲੀ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਗਿਆ ਏ। ਹਾਲਾਂਕਿ ਰੈਲੀ ਦੇ ਪੋਸਟਰ ਵਿਚ ਇਸ ਵਾਰ ਉਨ੍ਹਾ ਨੇ ਪਾਰਟੀ ਪ੍ਰਧਾਨ ਦੀ ਤਸਵੀਰ ਨੂੰ ਥਾਂ ਜ਼ਰੂਰ ਦਿੱਤੀ ਐ ਜਦਕਿ ਰਾਜ ਦੇ ਕਿਸੇ ਹੋਰ ਨੇਤਾ ਨੂੰ ਜਗ੍ਹਾ ਨਹੀਂ ਦਿੱਤੀ ਗਈ।
ਨਵਜੋਤ ਸਿੰਘ ਸਿੱਧੂ ਦੀ ਇਹ ਰੈਲੀ ਬਠਿੰਡਾ ਦੇ ਕੋਟ ਸ਼ਮੀਰ ਵਿਖੇ ਹੋਵੇਗੀ। ਨਵਜੋਤ ਸਿੰਘ ਸਿੱਧੂ ਨੇ ਰੈਲੀ ਲਈ ਤਿਆਰ ਕੀਤੇ ਗਏ ਪੋਸਟਰਾਂ ਵਿਚ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਨਵ ਨਿਯੁਕਤੀ ਇੰਚਾਰਜ ਦਵਿੰਦਰ ਸਿੰਘ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਸਵੀਰ ਲਗਾਈ ਐ, ਜਦਕਿ ਬਠਿੰਡਾ ਦੇ ਦੋ ਲੋਕਲ ਨੇਤਾਵਾਂ ਦੀ ਤਸਵੀਰ ਵੀ ਇਸ ਪੋਸਟਰ ਵਿਚ ਲਗਾਈ ਗਈ ਐ।
ਖ਼ਾਸ ਗੱਲ ਇਹ ਐ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦਿੱਲੀ ਵਿਚ ਪਾਰਟੀ ਦੇ ਨਵੇਂ ਇੰਚਾਰਜ ਦਵਿੰਦਰ ਸਿੰਘ ਦੇ ਨਾਲ ਹਿਮਾਚਲ ਸਦਨ ਵਿਚ ਮੁਲਾਕਾਤ ਕਰ ਚੁੱਕੇ ਨੇ। ਇਸ ਦੌਰਾਨ ਦੋਵੇਂ ਨੇਤਾਵਾਂ ਨੇ ਕਈ ਬਿੰਦੂਆਂ ’ਤੇ ਚਰਚਾ ਕੀਤੀ ਅਤੇ ਪਾਰਟੀ ਦੀ ਬਿਹਤਰੀ ਲਈ ਕੰਮ ਕਰਨ ਦਾ ਭਰੋਸਾ ਦਿੱਤਾ।
ਨਵਜੋਤ ਸਿੰਘ ਸਿੱਧੂ ਵੱਲੋਂ ਇਸ ਤੋਂ ਪਹਿਲਾਂ ਬਠਿੰਡਾ ਦੇ ਮਹਿਰਾਜ ਵਿਚ ਵੀ ਇਕ ਰੈਲੀ ਕੀਤੀ ਗਈ ਸੀ, ਜਿਸ ਤੋਂ ਬਾਅਦ ਹੀ ਕਾਂਗਰਸੀ ਨੇਤਾਵਾਂ ਨੇ ਸਿੱਧੂ ਦੇ ਖ਼ਿਲਾਫ਼ ਮੋਰਚਾ ਖੋਲਿ੍ਹਆ ਸੀ। ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਨੂੰ ਆਖਿਆ ਸੀ ਕਿ ਉਹ ਆਪਣਾ ਵੱਖਰਾ ਅਖਾੜਾ ਲਗਾਉਣਾ ਬੰਦ ਕਰਨ, ਇਹ ਚੰਗੀ ਗੱਲ ਨਹੀਂ। ਪੰਜਾਬ ਦੇ ਲੋਕਾਂ ਨੇ ਜੋ ਰੁਤਬਾ ਉਨ੍ਹਾਂ ਨੂੰ ਦਿੱਤਾ ਏ, ਉਸ ਨੂੰ ਸੰਭਾਲ ਕੇ ਰੱਖਣ। ਬਾਜਵਾ ਨੇ ਇਹ ਵੀ ਆਖਿਆ ਕਿ ਪਹਿਲਾਂ ਹੀ ਸਿੱਧੂ ਦੀ ਪ੍ਰਧਾਨਗੀ ਵਿਚ ਕਾਂਗਰਸ ਦੀਆਂ 78 ਤੋਂ 18 ਸੀਟਾਂ ਰਹਿ ਗਈਆਂ ਸੀ, ਇਸ ’ਤੇ ਵੀ ਧਿਆਨ ਦੇਣ।
ਇਸ ਬਿਆਨ ਤੋਂ ਬਾਅਦ ਦੋਵੇਂ ਪੱਖਾਂ ਦੇ ਨੇਤਾ ਆਹਮੋ ਸਾਹਮਣੇ ਆ ਗਏ ਸੀ, ਸਿੱਧੂ ਖੇਮੇ ਵੱਲੋਂ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਰਾਜਿੰਦਰ ਸਿੰਘ ਸਮਾਣਾ, ਮਹੇਸ਼ਇੰਦਰ ਸਿੰਘ, ਰਮਿੰਦਰ ਆਂਵਲਾ, ਜਗਦੇਵ ਸਿੰਘ ਕਮਾਲੂ ਵਰਗੇ ਨੇਤਾਵਾਂ ਨੇ ਆਖਿਆ ਸੀ ਕਿ ਕਾਂਗਰਸ ਦੇ ਅਹੁਦੇਦਾਰ ਅਤੇ ਵਰਕਰ ਪੁੱਛਣਾ ਚਾਹੁੰਦੇ ਨੇ ਕਿ ਨਾ ਸਾਨੂੰ ਅਤੇ ਨਾ ਹੀ ਸਿੱਧੂ ਨੂੰ ਪਾਰਟੀ ਦੇ ਕਿਸੇ ਪ੍ਰੋਗਰਾਮ ਵਿਚ ਕਿਉਂ ਨਹੀਂ ਬੁਲਾਇਆ ਜਾਂਦਾ।
ਫਿਰ ਇਸ ਦੇ ਜਵਾਬ ਵਿਚ ਬਰਿੰਦਰਮੀਤ ਪਾਹੜਾ, ਸਾਬਕਾ ਵਿਧਾਇਕ ਕੁਲਬੀਰ ਜ਼ੀਰਾ, ਇੰਦਰਬੀਰ ਸਿੰਘ ਬੁਲਾਰੀਆ ਅਤੇ ਮੋਹਿਤ ਮੋਹਿੰਦਰਾ ਸਾਹਮਣੇ ਆਏ, ਜਿਨ੍ਹਾਂ ਨੇ ਇੱਥੋਂ ਤੱਕ ਆਖ ਦਿੱਤਾ ਕਿ ਸਿੱਧੂ ਪਾਰਟੀ ਵਿਚ ਬਾਰੂਦ ਦਾ ਕੰਮ ਕਰ ਰਹੇ ਨੇ ਜੋ ਕਿਸੇ ਸਮੇਂ ਵੀ ਪਾਰਟੀ ਦੇ ਖ਼ਿਲਾਫ਼ ਵਿਸਫ਼ੋਟ ਕਰ ਸਕਦਾ ਏ। ਉਨ੍ਹਾਂ ਨੂੰ ਕਾਂਗਰਸ ਤੋਂ ਬਾਹਰ ਕੱਢਣਾ ਚਾਹੀਦੈ।
ਮਾਮਲਾ ਜ਼ਿਆਦਾ ਗਰਮਾਉਂਦਾ ਦੇਖ, ਫਿਰ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਦਾ ਬਿਨਾਂ ਨਾਮ ਲਏ ਆਖਿਆ ਸੀ ਕਿ ਪਾਰਟੀ ਵਿਚ ਰਹਿ ਕੇ ਕੋਈ ਆਪਣੀ ਨਿੱਜੀ ਰਾਇ ਨਹੀਂ ਦੇ ਸਕਦਾ, ਜਿਸ ਨੇ ਆਪਣੀ ਨਿੱਜੀ ਰਾਇ ਦੇਣੀ ਐ, ਉਸ ਨੂੰ ਪਾਰਟੀ ਤੋਂ ਅਸਤੀਫ਼ਾ ਦੇਣਾ ਪਵੇਗਾ।
ਦੱਸ ਦਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਬਜਾਏ ਆਪਣੇ ਵੱਖਰਾ ਪ੍ਰਚਾਰ ਕੀਤਾ ਜਾ ਰਿਹਾ ਸੀ, ਇਸ ਵਾਰ ਫਿਰ ਨਵਜੋਤ ਸਿੱਧੂ ਕੁੱਝ ਅਜਿਹਾ ਹੀ ਕਰਦੇ ਦਿਖਾਈ ਦੇ ਰਹੇ ਨੇ ਪਰ ਦੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਤੱਕ ਕਾਂਗਰਸ ਵਿਚਲੀ ਇਹ ਗੁੱਟਬੰਦੀ ਖ਼ਤਮ ਹੁੰਦੀ ਐ ਜਾਂ ਨਹੀਂ।