ਪਿੰਡ ਬੱਲੋ ’ਚ ਹੋਇਆ ਸ਼ੁਭਕਰਨ ਦਾ ਅੰਤਿਮ ਸਸਕਾਰ
ਬਠਿੰਡਾ, 29 ਫਰਵਰੀ : ਕਿਸਾਨੀ ਅੰਦੋਲਨ ਦੌਰਾਨ ਖਨੌਰੀ ਬਾਰਡਰ ’ਤੇ ਗੋਲੀ ਲੱਗਣ ਨਾਲ ਸ਼ਹੀਦ ਹੋਏ ਸ਼ੁਭਕਰਨ ਸਿੰਘ ਦਾ ਅੱਜ ਉਸ ਦੇ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਬੱਲੋ ਵਿਖੇ ਪੂਰੇ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ ਸ਼ੁਭਕਰਨ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ਹੋਏ ਸਨ। ਪਰਿਵਾਰਕ ਮੈਂਬਰਾਂ ਦਾ […]
By : Makhan Shah
ਬਠਿੰਡਾ, 29 ਫਰਵਰੀ : ਕਿਸਾਨੀ ਅੰਦੋਲਨ ਦੌਰਾਨ ਖਨੌਰੀ ਬਾਰਡਰ ’ਤੇ ਗੋਲੀ ਲੱਗਣ ਨਾਲ ਸ਼ਹੀਦ ਹੋਏ ਸ਼ੁਭਕਰਨ ਸਿੰਘ ਦਾ ਅੱਜ ਉਸ ਦੇ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਬੱਲੋ ਵਿਖੇ ਪੂਰੇ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ ਸ਼ੁਭਕਰਨ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ਹੋਏ ਸਨ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਕਿਉਂਕਿ ਸ਼ੁਭਕਰਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ।
ਖਨੌਰੀ ਬਾਰਡਰ ’ਤੇ ਗੋਲੀ ਵੱਜਣ ਨਾਲ ਸ਼ਹੀਦ ਹੋਏ ਸ਼ੁਭਕਰਨ ਸਿੰਘ ਦਾ ਬਠਿੰਡਾ ਦੇ ਪਿੰਡ ਬੱਲੋ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਅੱਜ ਸਵੇਰੇ ਹੀ ਉਸ ਦੀ ਮ੍ਰਿਤਕ ਦੇਹ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਪਹਿਲਾਂ ਖਨੌਰੀ ਬਾਰਡਰ ’ਤੇ ਲਿਜਾਇਆ ਗਿਆ, ਜਿੱਥੇ ਕਿਸਾਨਾਂ ਵੱਲੋਂ ਸ਼ੁਭਕਰਨ ਦੀ ਮ੍ਰਿਤਕ ਦੇਹ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ, ਇਸ ਤੋਂ ਬਾਅਦ ਇਕ ਕਾਫ਼ਲੇ ਦੇ ਰੂਪ ਵਿਚ ਸ਼ੁਭਕਰਨ ਦੀ ਮ੍ਰਿਤਕ ਦੇਹ ਨੂੰ ਪਿੰਡ ਬੱਲੋ ਲਿਆਂਦਾ ਗਿਆ, ਜਿੱਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਸ਼ੁਭਕਰਨ ਬੇਸ਼ੱਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਪਰ ਮੌਜੂਦਾ ਸਮੇਂ ਉਹ ਪੂਰੇ ਪੰਜਾਬ ਦਾ ਪੁੱਤ ਬਣ ਚੁੱਕਿਆ ਏ, ਜਿਸ ਨੇ ਕਿਸਾਨੀ ਅੰਦੋਲਨ ਦੌਰਾਨ ਆਪਣੀ ਸ਼ਹਾਦਤ ਦਿੱਤੀ। ਉਨ੍ਹਾਂ ਆਖਿਆ ਕਿ ਸ਼ੁਭਕਰਨ ਦੀ ਸ਼ਹੀਦੀ ਨਾਲ ਸਰਕਾਰ ’ਤੇ ਵੱਡਾ ਦਬਾਅ ਬਣਿਆ ਏ, ਉਸੇ ਕਾਰਨ ਸਰਕਾਰ ਨੂੰ ਕਈ ਫ਼ੈਸਲੇ ਲੈਣ ਲਈ ਮਜਬੂਰਾ ਹੋਣਾ ਪਿਆ।
ਇਸੇ ਤਰ੍ਹਾਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਜਿਹੜੀਆਂ ਮੰਗਾਂ ਨੂੰ ਲੈਕੇ ਸ਼ੁਭਕਰਨ ਦੀ ਸ਼ਹਾਦਤ ਹੋਈ ਐ, ਉਨ੍ਹਾਂ ਮੰਗਾਂ ਨੂੰ ਲੈ ਕੇ ਅੰਦੋਲਨ ਅਜੇ ਵੀ ਜਾਰੀ ਐ ਅਤੇ 3 ਮਾਰਚ ਨੂੰ ਪਿੰਡ ਬੱਲੋ ਦੀ ਦਾਣਾ ਮੰਡੀ ਵਿਖੇ ਸ਼ੁਭਕਰਨ ਨੂੰ ਸ਼ਰਧਾਂਜਲੀ ਦੇਣ ਲਈ ਵੱਡਾ ਸਮਾਗਮ ਕਰਵਾਇਆ ਜਾਵੇਗਾ, ਸਾਰੇ ਕਿਸਾਨ ਇਸ ਵਿਚ ਜ਼ਰੂਰ ਪਹੁੰਚਣ।
ਉਧਰ ਜਦੋਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਸ਼ੁਭਕਰਨ ਦੀ ਮੌਤ ਬਹੁਤ ਹੀ ਮੰਦਭਾਗੀ ਘਟਨਾ ਏ ਪਰ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਮਿਲਣੀਆਂ ਚਾਹੀਦੀਆਂ ਨੇ। ਉਨ੍ਹਾਂ ਆਖਿਆ ਕਿ ਸਰਕਾਰ ਨੇ ਜ਼ੀਰੋ ਐਫਆਈਆਰ ਦਰਜ ਕਰਕੇ ਸਿਰਫ਼ ਰਸਮੀ ਕਾਰਵਾਈ ਕੀਤੀ ਐ, ਜੋ ਕਾਰਵਾਈ ਤੋਂ ਟਾਲਾ ਵੱਟਣ ਤੋਂ ਬਿਨਾਂ ਹੋਰ ਕੁੱਝ ਨਹੀਂ।
ਦੱਸ ਦਈਏ ਕਿ ਇਸ ਮੌਕੇ ਸੈਂਕੜੇ ਕਿਸਾਨਾਂ ਤੋਂ ਇਲਾਵਾ ਇਲਾਕੇ ਦੇ ਲੋਕ ਵੀ ਵੱਡੀ ਗਿਣਤੀ ਵਿਚ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੁੱਜੇ ਹੋਏ ਸਨ।