ਅਮਰੀਕਾ ਵਿੱਚ ਸ਼ੌਪਿੰਗ ਮੌਲ ਦੇ ਬਾਹਰ ਗੋਲੀਬਾਰੀ, 3 ਲੋਕਾਂ ਦੀ ਮੌਤ
ਅਟਲਾਂਟਾ, 24 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਅੱਜ ਫਿਰ ਜੌਰਜੀਆ ਦੀ ਰਾਜਧਾਨੀ ਅਟਲਾਂਟਾ ਦੇ ਇੱਕ ਸ਼ੌਪਿੰਗ ਮੌਲ ਦੇ ਬਾਹਰ ਗੋਲੀਆਂ ਚੱਲੀਆਂ, ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਦਿਨ-ਦਿਹਾੜੇ ਹੋਈ ਇਸ ਵਾਰਦਾਤ ਮਗਰੋਂ ਇਲਾਕੇ ਵਿੱਚ ਸੰਨਾਟਾ ਪਸਰ ਗਿਆ। ਰਿਪੋਰਟ ਮੁਤਾਬਕ ਪੁਲਿਸ ਨੂੰ ਸਾਊਥ ਵੈਸਟ […]
By : Hamdard Tv Admin
ਅਟਲਾਂਟਾ, 24 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਅੱਜ ਫਿਰ ਜੌਰਜੀਆ ਦੀ ਰਾਜਧਾਨੀ ਅਟਲਾਂਟਾ ਦੇ ਇੱਕ ਸ਼ੌਪਿੰਗ ਮੌਲ ਦੇ ਬਾਹਰ ਗੋਲੀਆਂ ਚੱਲੀਆਂ, ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਦਿਨ-ਦਿਹਾੜੇ ਹੋਈ ਇਸ ਵਾਰਦਾਤ ਮਗਰੋਂ ਇਲਾਕੇ ਵਿੱਚ ਸੰਨਾਟਾ ਪਸਰ ਗਿਆ।
ਰਿਪੋਰਟ ਮੁਤਾਬਕ ਪੁਲਿਸ ਨੂੰ ਸਾਊਥ ਵੈਸਟ ਅਟਲਾਂਟਾ ਦੀ ਇਵਾਂਸ ਸਟਰੀਟ ’ਤੇ ਗੋਲੀਬਾਰੀ ਹੋਣ ਸਬੰਧੀ ਸੂਚਨਾ ਮਿਲੀ ਸੀ। ਜਦੋਂ ਹੋਮੀਸਾਈਡ ਵਿਭਾਗ ਦੀ ਟੀਮ ਮੌਕੇ ’ਤੇ ਪੁੱਜੀ ਤਾਂ ਉੱਥੇ ਗੋਲੀ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਚੁੱਕੀ ਸੀ, ਜਦਕਿ ਇੱਕ ਗੰਭੀਰ ਜ਼ਖਮੀ ਸੀ, ਜਦੋਂ ਉਸ ਨੇ ਹਸਪਤਾਲ ਲਿਜਾਇਆ ਗਿਆ ਤਾਂ ਉਹ ਵੀ ਦਮ ਤੋੜ ਗਿਆ।
ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਕਿ ਮਾਰੇ ਗਏ ਤਿੰਨ ਲੋਕਾਂ ਕੋਲ 2 ਵਿਅਕਤੀ ਆਏ ਸੀ, ਜਿਨ੍ਹਾਂ ਨੇ ਆਉਂਦਿਆਂ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਾਲਾਂਕਿ ਇੱਕ ਵਿਅਕਤੀ ਨੇ ਆਪਣੀ ਪਸਤੌਲ ਨਾਲ ਜਵਾਬੀ ਕਾਰਵਾਈ ਵੀ ਕੀਤੀ, ਪਰ ਉਸ ਦਾ ਬਸ ਨਹੀਂ ਚੱਲਿਆ।
ਜਾਂਚਕਰਤਾ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਸਥਾਨ ਤੋਂ ਤਿੰਨ ਲੋਕ ਮਿਲੇ, ਜਿਨ੍ਹਾਂ ਨੂੰ ਗੋਲੀ ਲੱਗੀ ਹੋਈ ਸੀ। ਉਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਸੀ, ਜਦਕਿ ਤੀਜੇ ਨੂੰ ਗਰੈਡੀ ਮੈਮੋਰੀਅਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਗੋਲੀਬਾਰੀ ਵਿੱਚ ਸਿਰਫ਼ ਤਿੰਨ ਲੋਕ ਹੀ ਸ਼ਾਮਲ ਸਨ। ਤਿੰਨਾਂ ਵਿੱਚੋਂ ਇੱਕ ਦੀ ਉਮਰ 17 ਸਾਲ, ਦੂਜੇ ਦੀ 20 ਸਾਲ ਤੇ ਤੀਜੇ ਦੀ 30 ਸਾਲ ਉਮਰ ਦੱਸੀ ਜਾ ਰਹੀ ਹੈ, ਪਰ ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ।
ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਲਈ ਉਨ੍ਹਾਂ ਨੂੰ ਪਤਾ ਹੈ ਕਿ ਘਟਨਾ ਸਥਾਨ ’ਤੇ ਆਖਰ ਕੀ ਹੋਇਆ ਸੀ। ਇਸ ਲਈ ਇਸ ਵਾਰਦਾਤ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਦੱਸ ਦੇਈਏ ਕਿ ਅਮਰੀਕੀ ਸਮਾਜ ਵਿੱਚ ਬੰਦੂਕ ਸੱਭਿਆਚਾਰ ਹੋਣ ਦੇ ਚਲਦਿਆਂ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਨੂੰ ਲੈ ਕੇ ਦੇਸ਼ ਭਰ ਵਿੱਚ ਬਹਿਸ ਵੀ ਛਿੜੀ ਰਹਿੰਦੀ ਹੈ। ਇਸ ਦੇਸ਼ ਵਿੱਚ ਲਗਭਗ ਇੱਕ ਤਿਹਾਈ ਬਾਲਗਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਨਿੱਜੀ ਤੌਰ ’ਤੇ ਬੰਦੂਕ ਹੈ। ਇੱਕ ਖੋਜ ਮੁਤਾਬਕ ਲਗਭਗ 10 ਵਿੱਚੋਂ 4 ਅਮਰੀਕੀ ਬਾਲਗਾਂ ਦਾ ਕਹਿਣਾ ਹੈ ਕਿ ਉਹ ਘਰ ਵਿੱਚ ਬੰਦੂਕ ਰੱਖਦੇ ਹਨ। ਇਨ੍ਹਾਂ ਵਿੱਚੋਂ 32 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪਰਸਨਲ ਬੰਦੂਕ ਹੈ।
ਅਮਰੀਕਾ ਵਿੱਚ ਹਿਸਪੈਨਿਕ ਲੋਕਾਂ ਕੋਲ 20 ਫੀਸਦੀ, ਏਸ਼ੀਆਈ ਕੋਲ 10 ਫੀਸਦੀ ਅਤੇ ਗੋਰਿਆਂ ਕੋਲ 38 ਫੀਸਦੀ ਬੰਦੂਕਾਂ ਹਨ। ਇਸ ਦੇ ਚਲਦਿਆਂ ਬੱਚੇ ਵੀ ਬੰਦੂਕਾਂ ਚੱਕੀ ਫਿਰਦੇ ਨੇ। ਜ਼ਿਆਦਾਤਰ ਸਟੋਰਾਂ ਵਿੱਚ ਕੰਮ ਕਰਦੇ ਭਾਰਤੀ ਲੋਕ ਗੋਲੀਬਾਰੀ ਦਾ ਸ਼ਿਕਾਰ ਬਣ ਰਹੇ ਨੇ। ਜਿਵੇਂ ਹੀ ਕੋਈ ਲੁਟੇਰਾ ਸਟੋਰ ਲੁੱਟਣ ਆਉਂਦਾ ਹੈ ਤਾਂ ਉਹ ਸਟੋਰ ਵਿੱਚ ਮੌਜੂਦ ਲੋਕਾਂ ’ਤੇ ਗੋਲੀਆਂ ਚਲਾ ਦਿੰਦਾ ਹੈ, ਭਾਵੇਂ ਸਟੋਰ ਵਾਲੇ ਸਾਰੀ ਨਕਦੀ ਜਾਂ ਹੋਰ ਸਾਮਾਨ ਵੀ ਉਸ ਨੂੰ ਦੇ ਦੇਣ, ਫਿਰ ਵੀ ਉਹ ਜਾਂਦਾ-ਜਾਂਦਾ ਉਨ੍ਹਾਂ ਦੀ ਜਾਨ ਲੈ ਲੈਂਦਾ ਹੈ। ਅਮਰੀਕੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗੋਲੀਬਾਰੀ ਦੀਆਂ ਵਧ ਰਹੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਜਲਦ ਤੋਂ ਜਲਦ ਕਦਮ ਚੁੱਕੇ ਤਾਂ ਜੋ ਅਜਾਈਂ ਜਾ ਰਹੀਆਂ ਜਾਨਾਂ ਨੂੰ ਬਚਾਇਆ ਜਾ ਸਕੇ।