ਇਨੈਲੋ ਆਗੂ ਨਫ਼ੇ ਸਿੰਘ ਦਾ ਕਤਲ ਬਰਤਾਨੀਆ ‘ਚ ਬੈਠੇ ਗੈਂਗਸਟਰ ਦੇ ਇਸ਼ਾਰੇ ‘ਤੇ ਹੋਇਆ ?

ਨਵੀਂ ਦਿੱਲੀ : ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੀਨੀਅਰ ਆਗੂ ਦੇ ਦਿਲ ਦਹਿਲਾ ਦੇਣ ਵਾਲੇ ਕਤਲ ਪਿੱਛੇ ਬ੍ਰਿਟੇਨ ਸਥਿਤ ਗੈਂਗਸਟਰ ਦਾ ਹੱਥ ਹੋ ਸਕਦਾ ਹੈ ? ਪੁਲਿਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਫ਼ੇ ਸਿੰਘ ਰਾਠੀ ਦੇ ਸਨਸਨੀਖੇਜ਼ ਕਤਲ ਪਿੱਛੇ ਯੂਕੇ ਵਿੱਚ ਬੈਠੇ ਉਹੀ ਗੈਂਗਸਟਰ ਦਾ ਹੱਥ ਹੋ ਸਕਦਾ ਹੈ, ਜਿਸ ਨੇ ਪਿਛਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੇ ਸਿਆਸੀ ਕਤਲ ਕੀਤੇ ਹਨ। ਇਸ ਦੌਰਾਨ ਪੁਲਿਸ ਨੇ ਐਫਆਈਆਰ ਵਿੱਚ ਤਿੰਨ ਹੋਰ ਲੋਕਾਂ ਦੇ ਨਾਮ ਸ਼ਾਮਲ ਕੀਤੇ ਹਨ।

ਦੱਸ ਦੇਈਏ ਕਿ ਇਨੈਲੋ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਨਫ਼ੇ ਸਿੰਘ ਰਾਠੀ ਅਤੇ ਪਾਰਟੀ ਦੇ ਇੱਕ ਵਰਕਰ ਦੀ ਐਤਵਾਰ ਨੂੰ ਦਿੱਲੀ ਨੇੜੇ ਬਹਾਦਰਗੜ੍ਹ ਵਿੱਚ ਅਣਪਛਾਤੇ ਹਮਲਾਵਰਾਂ ਨੇ ਆਪਣੀ SUV ਉੱਤੇ ਅੰਨ੍ਹੇਵਾਹ ਗੋਲੀਬਾਰੀ ਕਰਕੇ ਹੱਤਿਆ ਕਰ ਦਿੱਤੀ ਸੀ। ਰਾਠੀ ਵੱਲੋਂ ਸੁਰੱਖਿਆ ਲਈ ਰੱਖੇ ਗਏ ਤਿੰਨ ਨਿੱਜੀ ਬੰਦੂਕਧਾਰੀ ਵੀ ਹਮਲੇ ਵਿੱਚ ਜ਼ਖ਼ਮੀ ਹੋ ਗਏ। ਹੁਣ ਪੁਲਿਸ ਇਸ ਕਤਲ ਪਿੱਛੇ ਅੰਤਰਰਾਸ਼ਟਰੀ ਸਾਜ਼ਿਸ਼ ਦੇ ਕੋਣ ਤੋਂ ਵੀ ਜਾਂਚ ਕਰ ਰਹੀ ਹੈ।

ਐਨਡੀਟੀਵੀ ਦੀ ਰਿਪੋਰਟ ਮੁਤਾਬਕ ਐਫਆਈਆਰ ਵਿੱਚ ਤਿੰਨ ਹੋਰ ਵਿਅਕਤੀਆਂ ਵਰਿੰਦਰ ਰਾਠੀ, ਸੰਦੀਪ ਰਾਠੀ ਅਤੇ ਰਾਜਪਾਲ ਸ਼ਰਮਾ ਦੇ ਨਾਂ ਸ਼ਾਮਲ ਕੀਤੇ ਗਏ ਹਨ। ਪੁਲਿਸ ਐਫਆਈਆਰ ਵਿੱਚ ਹੁਣ ਤੱਕ ਕੁੱਲ 15 ਲੋਕਾਂ ਦੇ ਨਾਮ ਦਰਜ ਕੀਤੇ ਗਏ ਹਨ। ਇਨ੍ਹਾਂ ‘ਚੋਂ 10 ਲੋਕਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ‘ਚ ਭਾਜਪਾ ਦੇ ਸਾਬਕਾ ਵਿਧਾਇਕ ਨਰੇਸ਼ ਕੌਸ਼ਿਕ ਵੀ ਸ਼ਾਮਲ ਹਨ। ਪੰਜ ਅਣਪਛਾਤੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲੀਸ ਸੂਤਰਾਂ ਅਨੁਸਾਰ ਤਿੰਨ ਨਵੇਂ ਸ਼ਾਮਲ ਹੋਏ ਵਿਅਕਤੀਆਂ ਵਿੱਚੋਂ ਦੋ ਦੇ ਸਿਆਸੀ ਸਬੰਧ ਹਨ।

ਪੁਲਿਸ ਸੂਤਰਾਂ ਦਾ ਮੰਨਣਾ ਹੈ ਕਿ ਰਾਠੀ ਦੇ ਕਤਲ ਵਿੱਚ ਬਰਤਾਨੀਆ ਦਾ ਇੱਕ ਬਦਨਾਮ ਗੈਂਗਸਟਰ ਸ਼ਾਮਲ ਹੋ ਸਕਦਾ ਹੈ। ਇਸ ਗੈਂਗਸਟਰ ਨੇ ਪਹਿਲਾਂ ਵੀ ਅਜਿਹੀਆਂ ਸਿਆਸੀ ਹੱਤਿਆਵਾਂ ਕੀਤੀਆਂ ਹਨ। ਕੁਝ ਮਹੀਨੇ ਪਹਿਲਾਂ ਇਸੇ ਗੈਂਗਸਟਰ ਦਾ ਨਾਂ ਦਿੱਲੀ ਵਿੱਚ ਇੱਕ ਭਾਜਪਾ ਆਗੂ ਦੇ ਕਤਲ ਵਿੱਚ ਵੀ ਸਾਹਮਣੇ ਆਇਆ ਸੀ। ਇਸ ਸਬੰਧ ਵਿਚ ਹਰਿਆਣਾ ਪੁਲਿਸ ਅੱਜ ਬ੍ਰਿਟੇਨ ਦੇ ਇਕ ਗੈਂਗਸਟਰ ਦੇ ਕਰੀਬੀ ਸਾਥੀ ਤੋਂ ਪੁੱਛਗਿੱਛ ਕਰੇਗੀ ਜੋ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹੈ।