ਸੰਗਰੂਰ ’ਚ ਦੋ ਸਾਢੂਆਂ ਵਿਚਾਲੇ ਫਸਣਗੇ ਕੁੰਡੀਆਂ ਦੇ ਸਿੰਗ!
ਚੰਡੀਗੜ੍ਹ (SHAH ): ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਪੂਰੇ ਐਕਸ਼ਨ ਮੋਡ ਵਿਚ ਦਿਖਾਈ ਦੇ ਰਹੀਆਂ ਨੇ ਕਿਉਂਕਿ ਕਿਸੇ ਸਮੇਂ ਵੀ ਲੋਕ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਹੋ ਸਕਦਾ ਏ। ਚੋਣਾਂ ਨੂੰ ਲੈ ਕੇ ਜੋੜ ਤੋੜ ਦੀ ਰਾਜਨੀਤੀ ਵੀ ਸ਼ੁਰੂ ਹੋ ਚੁੱਕੀ ਐ। ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦਾ ਸ਼੍ਰੋਮਣੀ ਅਕਾਲੀ […]
By : Makhan Shah
ਚੰਡੀਗੜ੍ਹ (SHAH ): ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਪੂਰੇ ਐਕਸ਼ਨ ਮੋਡ ਵਿਚ ਦਿਖਾਈ ਦੇ ਰਹੀਆਂ ਨੇ ਕਿਉਂਕਿ ਕਿਸੇ ਸਮੇਂ ਵੀ ਲੋਕ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਹੋ ਸਕਦਾ ਏ। ਚੋਣਾਂ ਨੂੰ ਲੈ ਕੇ ਜੋੜ ਤੋੜ ਦੀ ਰਾਜਨੀਤੀ ਵੀ ਸ਼ੁਰੂ ਹੋ ਚੁੱਕੀ ਐ। ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵਾਂ ਹੋ ਚੁੱਕਿਆ ਏ ਅਤੇ ਹੁਣ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਵੀ ਜਲਦ ਜੱਫੀਆਂ ਪੈਣ ਵਾਲੀਆਂ ਨੇ।
ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਕੁੱਝ ਸੀਟਾਂ ’ਤੇ ਬਹੁਤ ਹੀ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲਣਗੇ, ਜਿਨ੍ਹਾਂ ਵਿਚੋਂ ਇਕ ਸੰਗਰੂਰ ਦੀ ਲੋਕ ਸਭਾ ਸੀਟ ਵੀ ਸ਼ਾਮਲ ਐ, ਜਿੱਥੇ ਚੋਣਾਂ ਦੌਰਾਨ ਦੋ ਸਾਢੂਆਂ ਵਿਚਾਲੇ ਜ਼ਬਰਦਸਤ ਟੱਕਰ ਹੋ ਸਕਦੀ ਐ।
ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਅਖਾੜਾ ਲਗਭਗ ਪੂਰੀ ਤਰ੍ਹਾਂ ਭਖ ਚੁੱਕਿਆ ਏ, ਜਦਕਿ ਅਗਲੇ ਕੁੱਝ ਦਿਨਾਂ ਬਾਅਦ ਲੋਕ ਸਭਾ ਚੋਣਾਂ ਦੀਆਂ ਤਰੀਕਾ ਦਾ ਐਲਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਐ। ਮੌਜੂਦਾ ਸਮੇਂ ਹਰ ਪਾਰਟੀ ਵੱਲੋਂ ਆਪੋ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਨੇ, ਜਿਸ ਦੇ ਲਈ ਰਾਜਨੀਤਕ ਪਾਰਟੀਆਂ ਵੱਲੋਂ ਸਿਆਸੀ ਜੋੜ ਤੋੜ ਵੀ ਕੀਤਾ ਜਾ ਰਿਹਾ ਏ।
ਮੌਜੂਦਾ ਸਮੇਂ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵਾਂ ਇਸ ਦੀ ਤਾਜ਼ਾ ਮਿਸਾਲ ਐ, ਇਸ ਤੋਂ ਬਾਅਦ ਹੁਣ ਅਕਾਲੀ ਭਾਜਪਾ ਦੇ ਵਿਚਾਲੇ ਗਠਜੋੜ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਏ, ਜਿਸ ਦਾ ਐਲਾਨ ਕਿਸੇ ਸਮੇਂ ਵੀ ਹੋ ਸਕਦਾ ਏ। ਆਮ ਆਦਮੀ ਪਾਰਟੀ ਵੱਲੋਂ ਵੀ ਇਸ ਵਾਰ 13 ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਏ, ਜਿਸ ਦੇ ਲਈ ਉਸ ਵੱਲੋਂ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਜਾ ਰਹੀ ਐ।
ਇਨ੍ਹਾਂ ਲੋਕ ਸਭਾ ਸੀਟਾਂ ’ਤੇ ਅਜਿਹੇ ਉਮੀਦਵਾਰ ਉਤਾਰੇ ਜਾਣਗੇ, ਜਿਨ੍ਹਾਂ ਵਿਚ ਪਹਿਲਾਂ ਹੀ ਲੋਕਾਂ ਵਿਚ ਹਰਮਨਪਿਆਰਤਾ ਬਣੀ ਹੋਵੇ। ਅਜਿਹੇ ਵਿਚ ਇਕ ਵਾਰ ਫਿਰ ਤੋਂ ਲੋਕਾਂ ਦੀਆਂ ਨਜ਼ਰਾਂ ਸੰਗਰੂਰ ਸੀਟ ’ਤੇ ਟਿਕੀਆਂ ਹੋਈਆਂ ਨੇ, ਜਿੱਥੇ ਇਸ ਵਾਰ ਫਿਰ ਤੋਂ ਕਾਂਟੇ ਦੀ ਟੱਕਰ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਦਰਅਸਲ ਖ਼ਬਰਾਂ ਇਹ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਸੀਟ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਉਮੀਦਵਾਰ ਬਣਾਇਆ ਜਾਣਾ ਲਗਭਗ ਤੈਅ ਮੰਨਿਆ ਜਾ ਰਿਹਾ ਏ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਬਹੁਤ ਹੀ ਮਿਠ ਬੋਲੜੇ ਸੁਭਾਅ ਦੇ ਮਾਲਕ ਨੇ ਅਤੇ ਉਹ ਇਲਾਕੇ ਦੇ ਲੋਕਾਂ ਦੇ ਦੁੱਖ ਸੁੱਖ ਵਿਚ ਸ਼ਾਮਲ ਹੁੰਦੇ ਨੇ, ਉਨ੍ਹਾਂ ਦਾ ਇਲਾਕੇ ਵਿਚ ਚੰਗਾ ਆਧਾਰ ਐ।
ਅਸਲ ਵਿਚ ਆਮ ਆਦਮੀ ਪਾਰਟੀ ਇਸ ਵਾਰ ਲੋਕ ਸਭਾ ਚੋਣਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ, ਜਿਸ ਕਰਕੇ ਉਹ ਆਪਣੇ ਹੈਵੀਵੇਟ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਤਿਆਰੀ ਕਰ ਰਹੀ ਐ ਤਾਂ ਜੋ ਜਿੱਤ ਪਾਰਟੀ ਦੀ ਝੋਲੀ ਪੈ ਸਕੇ। ਉਂਝ ਖ਼ਬਰਾਂ ਇਹ ਵੀ ਆ ਰਹੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪੱਕੇ ਮਿੱਤਰ ਫਿਲਮ ਅਦਾਕਾਰ ਕਰਮਜੀਤ ਅਨਮੋਲ ਨੂੰ ਚੋਣ ਮੈਦਾਨ ਵਿਚ ਉਤਾਰ ਸਕਦੇ ਨੇ ਪਰ ਇਨ੍ਹਾਂ ਖਬਰਾਂ ਵਿਚ ਜ਼ਿਆਦਾ ਵਜ਼ਨ ਨਹੀਂ ਲਗਦਾ ਕਿਉਂਕਿ ਪਿਛਲੀ ਵਾਰ ਵੀ ਕਰਮਜੀਤ ਅਨਮੋਲ ਦੇ ਨਾਂਅ ਦੀ ਚਰਚਾ ਛਿੜੀ ਸੀ ਪਰ ਉਨ੍ਹਾਂ ਨੇ ਸਿਆਸਤ ਵਿਚ ਆਉਣ ਤੋਂ ਕੋਰਾ ਇਨਕਾਰ ਕਰ ਦਿੱਤਾ ਸੀ।
ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਸ ਦੇ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਤੋਂ ਲੋਕ ਸਭਾ ਦੇ ਉਮੀਦਵਾਰ ਹੋ ਸਕਦੇ ਨੇ। ਹਾਲਾਂਕਿ ਉਨ੍ਹਾਂ ਨੇ ਫਿਲਹਾਲ ਅਜਿਹੀ ਕਿਸੇ ਗੱਲ ਤੋਂ ਇਨਕਾਰ ਕੀਤਾ ਏ ਪਰ ਅੰਦਰੂਨੀ ਖ਼ਬਰਾਂ ਇਹੀ ਆ ਰਹੀਆਂ ਨੇ ਕਿ ਅਕਾਲੀ ਦਲ ਵੱਲੋਂ ਪਰਮਿੰਦਰ ਢੀਂਡਸਾ ਦੇ ਨਾਂਅ ’ਤੇ ਮੋਹਰ ਲੱਗਣੀ ਲਗਭਗ ਤੈਅ ਐ।
ਪਰਮਿੰਦਰ ਢੀਂਡਸਾ ਬਹੁਤ ਹੀ ਨਿਮਰ ਸੁਭਾਅ ਦੇ ਮਾਲਕ ਨੇ ਅਤੇ ਉਹ ਪੰਜਾਬ ਦੇ ਵਿੱਤ ਮੰਤਰੀ ਵੀ ਰਹਿ ਚੁੱਕੇ ਨੇ, ਜਿਸ ਕਰਕੇ ਉਨ੍ਹਾਂ ਦੀ ਕਾਬਲੀਅਤ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਫਿਰ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਵੀ ਲੋਕ ਸਭਾ ਦੇ ਸਾਂਸਦ ਰਹਿ ਚੁੱਕੇ ਨੇ ਅਤੇ ਉਨ੍ਹਾਂ ਦਾ ਨਾਮ ਟਕਸਾਲੀ ਅਕਾਲੀ ਆਗੂਆਂ ਵਿਚ ਸ਼ੁਮਾਰ ਹੁੰਦਾ ਏ। ਮੌਜੂਦਾ ਸਮੇਂ ਉਹ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਨੇ, ਜਿਸ ਕਰਕੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਵੀ ਬਣਾਇਆ ਗਿਆ ਏ।
ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਤੇ ਦਿਨੀਂ ਆਪਣੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵਾਂ ਕਰ ਦਿੱਤਾ ਗਿਆ ਏ, ਜਿਸ ਨਾਲ ਅਕਾਲੀ ਦਲ ਨੂੰ ਥੋੜ੍ਹੀ ਬਹੁਤ ਮਜ਼ਬੂਤੀ ਜ਼ਰੂਰ ਮਿਲੀ ਐ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਜੇਕਰ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਹੋ ਗਿਆ ਤਾਂ ਅਕਾਲੀ ਦਲ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲ ਜਾਵੇਗੀ। ਜੇਕਰ ਅਕਾਲੀ ਦਲ ਨੇ ਪਰਮਿੰਦਰ ਢੀਂਡਸਾ ਨੂੰ ਉਮੀਦਵਾਰ ਬਣਾਇਆ ਤਾਂ ਉਨ੍ਹਾਂ ਦੀ ਟੱਕਰ ਗੁਰਮੀਤ ਸਿੰਘ ਮੀਤ ਹੇਅਰ ਦੇ ਨਾਲ ਹੋਵੇਗੀ, ਸੰਗਰੂਰ ਤੋਂ ਜਿਨ੍ਹਾਂ ਦੇ ਨਾਂਅ ਦੀ ਚਰਚਾ ਕਾਫ਼ੀ ਜ਼ੋਰਾਂ ਸ਼ੋਰਾਂ ’ਤੇ ਚੱਲ ਰਹੀ ਐ।
ਜੇਕਰ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਮੀਤ ਹੇਅਰ ਅਤੇ ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਇਹ ਟੱਕਰ ਬਹੁਤ ਹੀ ਰੋਮਾਂਚਕ ਹੋਵੇਗੀ ਕਿਉਂਕਿ ਪਰਮਿੰਦਰ ਢੀਂਡਸਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਇਕ ਦੂਜੇ ਦੇ ਸਾਢੂ ਨੇ।
ਦਰਅਸਲ ਮੀਤ ਹੇਅਰ ਦਾ ਥੋੜ੍ਹਾ ਸਮਾਂ ਪਹਿਲਾਂ ਹੀ ਵਿਆਹ ਹੋਇਆ ਏ, ਉਨ੍ਹਾਂ ਦੀ ਧਰਮ ਪਤਨੀ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਆਪਸੀ ਰਿਸ਼ਤੇਦਾਰੀ ਵਿਚ ਭੈਣਾਂ ਲਗਦੀਆਂ ਨੇ, ਜਿਸ ਕਰਕੇ ਪਰਮਿੰਦਰ ਢੀਂਡਸਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਰਿਸ਼ਤੇਦਾਰੀ ਵਿਚ ਸਾਢੂ ਸਾਢੂ ਹੋਏ। ਯਾਨੀ ਕਿ ਇਸ ਵਾਰ ਸੰਗਰੂਰ ਸੀਟ ’ਤੇ ਦੋ ਸਾਢੂਆਂ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲ ਸਕਦੀ ਐ।
ਇਹ ਵੀ ਜਾਣਕਾਰੀ ਮਿਲ ਰਹੀ ਐ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ਮੀਨੀ ਸਰਵੇਖਣ ਕਰਵਾਇਆ ਜਾ ਰਿਹਾ ਏ, ਜਿਸ ਤੋਂ ਬਾਅਦ ਹੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਖ਼ਬਰਾਂ ਇਹ ਵੀ ਮਿਲ ਰਹੀਆਂ ਨੇ ਕਿ ਸੰਗਰੂਰ ਤੋਂ ਇਲਾਵਾ ਹੋਰ ਕਈ ਸੀਟਾਂ ’ਤੇ ਆਪ ਵੱਲੋਂ ਪੰਜਾਬ ਸਰਕਾਰ ਵਿਚ ਮੌਜੂਦ ਕੁੱਝ ਮੰਤਰੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਏ ਤਾਂ ਜੋ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ।
ਜੇਕਰ ਪੰਜਾਬ ਦੇ ਸਰਕਾਰ ਦੇ ਮੰਤਰੀ ਲੋਕ ਸਭਾ ਦੀ ਚੋਣ ਜਿੱਤ ਜਾਂਦੇ ਨੇ ਤਾਂ ਕੁੱਝ ਵਿਧਾਇਕਾਂ ਨੂੰ ਮੰਤਰੀ ਬਣਨ ਦਾ ਮੌਕਾ ਮਿਲ ਸਕਦਾ ਏ। ਉਂਝ ਕੁੱਝ ਲੋਕ ਇਹ ਵੀ ਆਖ ਰਹੇ ਨੇ ਕਿ ਲੋਕ ਸਭਾ ਚੋਣਾਂ ਵਿਚ ਕੁੱਝ ਮੰਤਰੀਆਂ ਨੂੰ ਇਸ ਕਰਕੇ ਉਤਾਰਿਆ ਜਾ ਰਿਹਾ ਏ ਤਾਂ ਜੋ ਉਨ੍ਹਾਂ ਨੂੰ ਪੰਜਾਬ ਸਰਕਾਰ ਵਿਚੋਂ ਬਾਹਰ ਕੀਤਾ ਜਾ ਸਕੇ।
ਇਹ ਵੀ ਸੁਣਨ ਵਿਚ ਆ ਰਿਹਾ ਏ ਕਿ ਕੁੱਝ ਮੰਤਰੀ ਤਾਂ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਰਹੇ ਨੇ, ਪਰ ਜੇਕਰ ਹਾਈਕਮਾਨ ਦੇ ਆਦੇਸ਼ਾਂ ’ਤੇ ਕਿਸੇ ਮੰਤਰੀ ਨੇ ਚੋਣ ਲੜਨ ਤੋਂ ਇਨਕਾਰ ਕੀਤਾ ਤਾਂ ਹੋ ਸਕਦਾ ਏ ਕਿ ਅਗਲੇ ਸਮੇਂ ਦੌਰਾਨ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਮੰਤਰੀ ਮੰਡਲ ਵਿਚੋਂ ਵੀ ਬਾਹਰ ਕਰ ਦਿੱਤਾ ਜਾਵੇ।
ਖ਼ੈਰ,,, ਇਹ ਤਾਂ ਲੋਕਾਂ ਦੀਆਂ ਕਿਆਸ ਅਰਾਈਆਂ ਨੇ, ਪਰ ਅਸਲ ਸੱਚਾਈ ਦਾ ਉਦੋਂ ਹੀ ਪਤਾ ਚੱਲੇਗਾ ਜਦੋਂ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ