ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਹਰ ਹਾਲਤ 'ਚ ਪੂਰੇ ਹੋਣਗੇ :ਭਰਤੀ ਕਮੇਟੀ
ਭਰਤੀ ਕਮੇਟੀ ਦੇ ਸਾਰੇ ਮੈਂਬਰਾਂ ਵੱਲੋਂ ਸਾਝੇ ਤੌਰ ਤੇ ਸਤਿਕਾਰਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਦਿੱਤੀ ਸੇਵਾ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਪਾਸੋਂ ਮਿਲੀ ਸੰਗਤੀ ਹੁਕਮਾਂ ਨੂੰ ਹਰ ਹੀਲੇ ਨੇਪਰੇ ਚਾੜ੍ਹਿਆ ਜਾਵੇਗਾ

ਚੰਡੀਗੜ੍ਹ : ਭਰਤੀ ਕਮੇਟੀ ਦੇ ਸਾਰੇ ਮੈਂਬਰਾਂ ਵੱਲੋਂ ਸਾਝੇ ਤੌਰ ਤੇ ਸਤਿਕਾਰਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਦਿੱਤੀ ਸੇਵਾ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਪਾਸੋਂ ਮਿਲੀ ਸੰਗਤੀ ਹੁਕਮਾਂ ਨੂੰ ਹਰ ਹੀਲੇ ਨੇਪਰੇ ਚਾੜ੍ਹਿਆ ਜਾਵੇਗਾ, ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਜਿਹੜੇ ਹੁਕਮ ਹੋਏ ਸਨ, ਜਿਨ੍ਹਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਹਿਤ ਨਵੀਂ ਭਰਤੀ ਕਰਨ ਲਈ ਸੱਤ ਮੈਂਬਰੀ ਭਰਤੀ ਕਮੇਟੀ ਨੂੰ ਬਣਾਇਆ ਗਿਆ ਸੀ, ਕਮੇਟੀ ਦੇ ਕਾਰਜਸ਼ੀਲ ਪੰਜ ਮੈਬਰਾਂ ਜਥੇ: ਸੰਤਾ ਸਿੰਘ ਉਮੈਦਪੁਰੀ, ਮਨਪ੍ਰੀਤ ਸਿੰਘ ਇਯਾਲੀ, ਇਕਬਾਲ ਸਿੰਘ ਝੂੰਦਾ, ਜਥੇ: ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਸਤਵੰਤ ਕੌਰ ਵਲੋ ਜਾਰੀ ਬਿਆਨ ਵਿੱਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ਸੀਲ ਤੇ ਹੋਏ ਹਰ ਹੁਕਮ ਨੂੰ ਮੰਨਣਾ ਹਰ ਸਿੱਖ ਦਾ ਨਾ ਸਿਰਫ ਫਰਜ ਹੈ ਸਗੋ ਇਸ ਤੇ ਪਹਿਰਾ ਦੇਣਾ ਵੀ ਨੈਤਿਕ ਜ਼ਿੰਮੇਵਾਰੀ ਹੈ।
ਭਰਤੀ ਕਮੇਟੀ ਦੇ ਮੈਬਰਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਭਰਤੀ ਕਮੇਟੀ ਦੀ ਭੂਮਿਕਾ ਅਤੇ ਕਾਰਜ ਨੂੰ ਲੈਕੇ ਮੀਟਿੰਗਾਂ ਦਾ ਦੌਰ ਵੀ ਚੱਲਿਆ ਜਿਸ ਤੇ ਆਮ ਅਤੇ ਸਾਂਝਾ ਰਾਇ ਬਣਾਉਣ ਦੀ ਕੋਸ਼ਿਸ਼ ਰਹੀ, ਜਿਸ ਦੀ ਪੂਰੀ ਰਿਪੋਰਟ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਗਈ ਸੀ। ਉਸੇ ਰਿਪੋਰਟ ਦੇ ਆਧਾਰ ਤੇ ਅੱਜ ਸਿੰਘ ਸਾਹਿਬ ਵਲੋ ਹੁਕਮ ਸੁਣਾਏ ਗਏ ਹਨ, ਜਿਹਨਾਂ ਵਿੱਚ ਮੁੱਖ ਤੌਰ ਤੇ ਭਰਤੀ ਕਰਨ ਦੇ ਹੁਕਮ ਹਨ, ਓਹਨਾ ਨੂੰ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ।
ਜਾਰੀ ਬਿਆਨ ਵਿੱਚ ਮੈਬਰਾਂ ਨੇ ਕਿਹਾ ਕਿ ਭਰਤੀ ਕਮੇਟੀ ਪੂਰਨ ਇਮਾਨਦਾਰੀ, ਸਮਰਪਿਤ ਭਾਵਨਾ ਅਤੇ ਸਮੁੱਚੀਆਂ ਪੰਥਕ ਧਿਰਾਂ ਨੂੰ ਇਕੱਠਾ ਕਰਕੇ ਅਕਾਲੀ ਵਰਕਰਾਂ ਦੀ ਇੱਛਾ ਦੀ ਤਰਜਮਾਨੀ ਕਰੇਗੀ ਅਤੇ ਹਰ ਪਿੰਡ ਹਰ ਕਸਬੇ ਤੱਕ ਪਹੁੰਚ ਕਰਕੇ ਵੱਡੀ ਪੱਧਰ ਤੇ ਭਰਤੀ ਕਰੇਗੀ।
ਜਾਰੀ ਬਿਆਨ ਵਿੱਚ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਭਰਤੀ ਦੀ ਅਗਲੀ ਰੂਪ ਰੇਖਾ ਉਲੀਕਣ ਲਈ ਮੰਗਲਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਉਪਰੰਤ ਅਹਿਮ ਮੀਟਿੰਗ ਸ੍ਰੀ ਅਮ੍ਰਿਤਸਰ ਸਾਹਿਬ ਰੱਖੀ ਗਈ ਹੈ, ਜਿਸ ਵਿੱਚ ਪੂਰਾ ਖਾਕਾ ਤਿਆਰ ਕਰਨ ਦੀ ਪਹਿਲਕਦਮੀ ਹੋਏਗੀ।
ਇਸ ਦੇ ਨਾਲ ਹੀ ਭਰਤੀ ਕਮੇਟੀ ਮੈਬਰਾਂ ਨੇ ਵੱਖ-ਵੱਖ ਪੰਥਕ ਧਿਰਾਂ, ਸਮੁੱਚੀਆਂ ਪੰਥਕ ਸੰਸਥਾਵਾਂ, ਦਲ ਪੰਥਾਂ, ਟਕਸਾਲਾਂ ਸੰਪਰਦਾਵਾਂ ਆਦਿ ਦੇ ਸਮੂਹ ਅਕਾਲੀ ਵਰਕਰਾਂ ਨੂੰ, ਹਰ ਵਰਗ ਦੇ ਸਮੁੱਚੇ ਪੰਜਾਬ ਹਿਤੈਸ਼ੀਆਂ ਨੂੰ ਵੀ ਅਪੀਲ ਵੀ ਕੀਤੀ ਕਿ, ਉਹ ਭਾਈਚਾਰਕ ਸਾਝ ਤੇ ਪਹਿਰਾ ਦੇਣ ਲਈ ਪੰਜਾਬ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦੀ ਤਾਕਤ ਅਤੇ ਸਮਰੱਥਾ ਮੁੱੜ ਸੁਰਜੀਤ ਕਰਨ ਲਈ, ਭਰਤੀ ਕਮੇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦੀ ਕਿ੍ਰਪਾਲਤਾ ਕਰਨ।