ਜੇ ਸਿੱਖ ਨਾ ਹੁੰਦੇ ਤਾਂ ਨਹੀਂ ਹੋਣਾ ਸੀ ਭਾਰਤ ਆਜ਼ਾਦ? ਜਾਣੋ, ਮਹਾਨ ਇਤਿਹਾਸ
ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਲਈ ਆਜ਼ਾਦੀ ਪ੍ਰਵਾਨਿਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਪਰ ਦੇਸ਼ ਦੀ ਆਬਾਦੀ ਦਾ ਮਹਿਜ਼ ਡੇਢ ਫ਼ੀਸਦੀ ਹਿੱਸਾ ਹੋਣ ਦੇ ਬਾਵਜੂਦ ਸਿੱਖਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਦਾ ਇਤਿਹਾਸ ਵਿਲੱਖਣ ਐ ਜੋ ਸ਼ਾਇਦ ਹੀ ਕਿਤੇ ਹੋਰ ਦੇਖਣ ਨੂੰ ਮਿਲਦਾ ਹੋਵੇ।

By : Makhan shah
ਚੰਡੀਗੜ੍ਹ : ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਲਈ ਆਜ਼ਾਦੀ ਪ੍ਰਵਾਨਿਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਪਰ ਦੇਸ਼ ਦੀ ਆਬਾਦੀ ਦਾ ਮਹਿਜ਼ ਡੇਢ ਫ਼ੀਸਦੀ ਹਿੱਸਾ ਹੋਣ ਦੇ ਬਾਵਜੂਦ ਸਿੱਖਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਦਾ ਇਤਿਹਾਸ ਵਿਲੱਖਣ ਐ ਜੋ ਸ਼ਾਇਦ ਹੀ ਕਿਤੇ ਹੋਰ ਦੇਖਣ ਨੂੰ ਮਿਲਦਾ ਹੋਵੇ। ਸੋ ਆਓ ਤੁਹਾਨੂੰ ਆਜ਼ਾਦੀ ਦਿਹਾੜੇ ਮੌਕੇ ਸਿੱਖਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਦੇ ਇਤਿਹਾਸ ਤੋਂ ਜਾਣੂ ਕਰਵਾਓਨੇ ਆਂ, ਜਿਨ੍ਹਾਂ ਬਾਰੇ ਜਾਣ ਕੇ ਹਰ ਸਿੱਖ ਦਾ ਸਿਰ ਫ਼ਖ਼ਰ ਨਾਲ ਉਚਾ ਹੋ ਜਾਂਦੈ।
ਦੇਸ਼ ਦੀ ਆਜ਼ਾਦੀ ਲਈ ਭਾਵੇਂ ਲੱਖਾਂ ਹੀ ਯੋਧਿਆਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਪਰ ਇਸ ਵਿਚ ਸਿੱਖਾਂ ਦਾ ਸਭ ਤੋਂ ਵੱਡਾ ਯੋਗਦਾਨ ਸੀ। ਅਜ਼ਾਦੀ ਦੀ ਲੜਾਈ ਦੌਰਾਨ ਫਾਂਸੀ ਦਾ ਰੱਸੇ ਚੁੰਮਣ ਵਾਲੇ 7 ਜਣਿਆਂ ਵਿਚੋਂ 6 ਮਰਜੀਵੜੇ ਸਰਦਾਰ ਕਰਤਾਰ ਸਿੰਘ ਸਰਾਭਾ, ਭਾਈ ਬਖ਼ਸ਼ੀਸ਼ ਸਿੰਘ ਗਿੱਲਵਾਲੀ, ਸਰਦਾਰ ਜਗਤ ਸਿੰਘ, ਸਰਦਾਰ ਸੁਰ ਸਿੰਘ, ਸਰਦਾਰ ਸਰੈਣ ਸਿੰਘ ਗਿੱਲਵਾਲੀ ਅਤੇ ਭਾਈ ਹਰਨਾਮ ਸਿੰਘ ਪੱਟੀ ਗੁਰਾਇਆ ਸਿੱਖ ਕੌਮ ਨਾਲ ਸਬੰਧਤ ਸਨ।
ਜੇਕਰ ਇਹ ਕਹਿ ਲਿਆ ਜਾਵੇ ਕਿ 1200 ਸਾਲਾਂ ਤੋਂ ਵੱਖ ਵੱਖ ਵਿਦੇਸ਼ਾਂ ਹਾਕਮਾਂ ਦਾ ਗ਼ੁਲਾਮ ਬਣੇ ਰਹੇ ਭਾਰਤ ਵਰਸ਼ ਦੀ ਆਜ਼ਾਦੀ ਦੀ ਲਹਿਰ ਪੰਜਾਬ ਦੀ ਧਰਤੀ ਤੋਂ ਉਠੀ ਸੀ, ਤਾਂ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗਾ। 15ਵੀਂ ਸਦੀ ਵਿਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਹਾਕਮਾਂ ਨੂੰ ‘‘ਰਾਜੇ ਸੀਂਹ ਮੁਕੱਦਮ ਕੁੱਤੇ, ਜਾਇ ਜਗਾਇਨ ਬੈਠੇ ਸੁੱਤੇ॥’’ ਆਖਦਿਆਂ ਬਾਬਰ ਵਰਗੇ ਜ਼ਾਲਮ ਹਾਕਮਾਂ ਵਿਰੁੱਧ ਬਗ਼ਾਵਤ ਦਾ ਹੋਕਾ ਦੇ ਦਿੱਤਾ ਸੀ। ਇਕ ਪ੍ਰਸਿੱਧ ਸ਼ਾਇਰ ਇਕਬਾਲ ਨੇ ਇਸ ਹਕੀਕਤ ਨੂੰ ਆਪਣੇ ਸ਼ਬਦਾਂ ਵਿਚ ਖ਼ੂਬ ਬਿਆਨ ਕੀਤਾ ਏ।
ਫਿਰ ਉਠੀ ਆਖ਼ਰ ਸਦਾਅ ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦ ਏ ਕਾਮਿਲ ਨੇ ਜਗਾਇਆ ਖ਼ਾਬ ਸੇ।
ਦੇਖਿਆ ਜਾਵੇ ਤਾਂ ਮੁਗ਼ਲਾਂ ਪਿੱਛੋਂ ਭਾਰਤ ਦੀ ਆਜ਼ਾਦੀ ਖੋਹਣ ਵਾਲੇ ਦੁਨੀਆ ਦੇ ਸਭ ਤੋਂ ਵੱਧ ਸ਼ਾਤਰ ਅੰਗਰੇਜ਼ ਹੀ ਸਨ। ਜਦੋਂ ਅੰਗਰੇਜ਼ਾਂ ਨੇ ਹਾਲੇ ਪੰਜਾਬ ਵਿਚ ਆਪਣੇ ਪੈਰ ਵੀ ਨਹੀਂ ਜਮਾਏ ਸੀ ਕਿ ਨੌਰੰਗਾਬਾਦ ਦੇ ਬਾਬਾ ਮਹਾਰਾਜ ਸਿੰਘ ਨੇ 1847 ਵਿਚ ਅੰਗਰੇਜ਼ਾਂ ਵਿਰੁੱਧ ਵਿਦਰੋਹ ਦਾ ਝੰਡਾ ਬੁਲੰਦ ਕਰ ਦਿੱਤਾ ਸੀ, ਜਿਨ੍ਹਾਂ ਨੂੰ ਉਸ ਸਮੇਂ ਦੀ ਹਕੂਮਤ ਨੇ ਗ੍ਰਿਫ਼ਤਾਰ ਕਰਕੇ ਸਿੰਘਾਪੁਰ ਦੀ ਜੇਲ੍ਹ ਭੇਜ ਦਿੱਤਾ ਸੀ, ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਸ ਤੋਂ ਇਲਾਵਾ ਸਰਦਾਰ ਅਤਰ ਸਿੰਘ ਅਟਾਰੀ ਵਾਲੇ ਵੀ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਦਾ ਬਿਗੁਲ ਵਜਾਇਆ ਸੀ, ਪਰ ਉਨ੍ਹਾਂ ਦੀ ਵੀ ਕੋਈ ਵਾਹ ਨਾ ਚੱਲ ਸਕੀ। ਆਖ਼ਰਕਾਰ 1849 ਨੂੰ ਅੰਗਰੇਜ਼ਾਂ ਨੇ ਪੰਜਾਬ ਸਮੇਤ ਪੂਰੇ ਭਾਰਤ ’ਤੇ ਆਪਣਾ ਕਬਜ਼ਾ ਜਮਾ ਲਿਆ।
ਅੰਗਰੇਜ਼ਾਂ ਦੇ ਰਾਜ ਸਮੇਂ ਸਭ ਤੋਂ ਪਹਿਲਾ ਸ਼ਾਂਤਮਈ ਅੰਦੋਲਨ ਪੰਜਾਬ ਤੋਂ ਹੀ 1869 ਵਿਚ ਬਾਬਾ ਰਾਮ ਸਿੰਘ ਨਾਮਧਾਰੀ ਨੇ ਆਰੰਭ ਕੀਤਾ ਸੀ। ਉਹ ਬਾਬਾ ਰਾਮ ਸਿੰਘ ਜੀ ਹੀ ਸਨ, ਜਿਨ੍ਹਾਂ ਨੇ ਮਹਾਤਮਾ ਗਾਂਧੀ ਦੀ ਨਾ ਮਿਲਵਰਤਨ ਲਹਿਰ ਤੋਂ ਅੱਧੀ ਸਦੀ ਪਹਿਲਾਂ ਹੀ ਅੰਗਰੇਜ਼ੀ ਜ਼ੁਬਾਨ, ਅੰਗਰੇਜ਼ੀ ਲਿਬਾਸ, ਫਿਰੰਗੀਆਂ ਦੀ ਨੌਕਰੀ ਅਤੇ ਹੋਰ ਸਹੂਲਤਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਅੰਗਰੇਜ਼ਾਂ ਨੇ ਜਨਵਰੀ 1872 ਵਿਚ 66 ਨਾਮਧਾਰੀ ਸੂਰਬੀਰਾਂ ਨੂੰ ਮਲੇਰਕੋਟਲੇ ਵਿਚ ਤੋਪਾਂ ਨਾਲ ਉਡਾ ਦਿੱਤਾ ਜਦਕਿ ਬਾਬਾ ਰਾਮ ਸਿੰਘ ਜੀ ਅਤੇ ਉਨ੍ਹਾਂ ਦੇ 12 ਸਾਥੀਆਂ ਨੂੰ ਦੇਸ਼ ਨਿਕਾਲਾ ਦਿੰਦਿਆਂ ਬਰਮਾ ਭੇਜ ਦਿੱਤਾ ਗਿਆ ਸੀ।
ਅੰਗਰੇਜ਼ ਸਰਕਾਰ ਦੇ ਖ਼ੁਫ਼ੀਆ ਰਿਕਾਰਡ ਅਨੁਸਾਰ 1907 ਤੋਂ 1917 ਤੱਕ ਭਾਰਤ ਵਿਚ ਫਾਂਸੀ ’ਤੇ ਚਾੜ੍ਹੇ ਗਏ ਕੁੱਲ 47 ਸ਼ਹੀਦਾਂ ਵਿਚੋਂ 38 ਸਿੱਖ ਸਨ ਜਦਕਿ ਉਮਰਕੈਦ ਕੱਟਣ ਵਾਲੇ 30 ਆਜ਼ਾਦੀ ਘੁਲਾਟੀਆਂ ਵਿਚੋਂ 27 ਸਿੱਖ ਸਨ। ਇਸੇ ਤਰ੍ਹਾਂ ਉਮਰਕੈਦ ਅਤੇ ਜਾਇਦਾਦ ਜ਼ਬਤ ਕਰਨ ਦੀਆਂ ਸਜ਼ਾਵਾਂ ਦਾ ਸਾਹਮਣਾ ਕਰਨ ਵਾਲੇ ਕੁੱਲ 38 ਯੋਧਿਆਂ ਵਿਚੋਂ 31 ਸਿੱਖ ਸਨ। ਜੇਕਰ ਕਾਲੇ ਪਾਣੀ ਦੀ ਸਜ਼ਾ ਭੁਗਤਣ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੰਗਰੇਜ਼ ਹਕੂਮਤ ਨੇ ਕੁੱਲ 29 ਅਜ਼ਾਦੀ ਪ੍ਰਵਾਨਿਆਂ ਨੂੰ ਇਹ ਖ਼ੌਫਨਾਕ ਸਜ਼ਾ ਸੁਣਾਈ, ਜਿਨ੍ਹਾਂ ਵਿਚੋਂ 26 ਸਿੱਖ ਸਨ। ਇਸ ਤੋਂ ਇਲਾਵਾ ਅੰਗਰੇਜ਼ਾਂ ਵਿਚੋਂ 47 ਜਣਿਆਂ ਨੂੰ ਕਾਫ਼ੀ ਸਖ਼ਤ ਸਜ਼ਾਵਾਂ ਸੁਣਾਈਆਂ ਗਈਆਂ ਸੀ, ਜਿਨ੍ਹਾਂ ਵਿਚੋਂ ਵੀ 38 ਸਿੱਖ ਸਨ।
ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਦੇਸ਼ ਦੇ ਆਜ਼ਾਦ ਹੋਣ ਤੱਕ ਅੰਗਰੇਜ਼ ਹਕੂਮਤ ਵਿਰੁੱਧ ਵਿੱਢੀ ਗਈ ਜੰਗ ਦੌਰਾਨ ਕੁੱਲ 121 ਸ਼ਹੀਦਾਂ ਨੇ ਫਾਂਸੀ ਦੇ ਰੱਸੇ ਚੁੰਮੇ, ਜਿਨ੍ਹਾਂ ਵਿਚੋਂ 93 ਸਿੱਖ ਸਨ। ਉਮਰ ਕੈਦ ਕੱਟਣ ਵਾਲੇ ਕੁੱਲ 2646 ਆਜ਼ਾਦੀ ਘੁਲਾਟੀਆਂ ਵਿਚੋਂ 2147 ਸਿੱਖ ਸਨ। ਇਸੇ ਤਰ੍ਹਾਂ ਜੇਕਰ ਜਲਿਆਂਵਾਲੇ ਬਾਗ਼ ਦੇ ਸਾਕੇ ਦੀ ਗੱਲ ਕੀਤੀ ਜਾਵੇ ਤਾਂ ਉਥੇ ਸ਼ਹੀਦ ਹੋਏ ਕੁੱਲ 1300 ਸ਼ਹੀਦਾਂ ਵਿਚੋਂ 799 ਸਿੱਖ ਸਨ।
ਬਜਬਜ ਘਾਟ ਦੇ ਸਾਕੇ ਵਿਚ ਸ਼ਹੀਦ ਹੋਣ ਵਾਲੇ 113 ਵਿਚੋਂ ਵੀ 67 ਸਿੱਖ ਸ਼ਾਮਲ ਸਨ ਜਦਕਿ ਕੂਕਾ ਲਹਿਰ ਦੌਰਾਨ ਸ਼ਹੀਦੀ ਪਾਉਣ ਵਾਲੇ 91 ਦੇ 91 ਹੀ ਸਿੱਖ ਸਨ। ਜੇਕਰ ਅਕਾਲੀ ਲਹਿਰ ਦੀ ਗੱਲ ਕੀਤੀ ਜਾਵੇ ਤਾਂ ਇਸ ਲਹਿਰ ਦੌਰਾਨ ਸ਼ਹੀਦ ਹੋਣ ਵਾਲੇ ਵੀ 500 ਸਿੱਖ ਹੀ ਸਨ। ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਮੌਲਾਨਾ ਆਜ਼ਾਦ ਵੱਲੋਂ ਵੀ ਕੀਤੀ ਗਈ ਸੀ। ਜੇਕਰ ਭਾਰਤ ਦੀ ਆਜ਼ਾਦੀ ਵਿਚ ਸਮੂਹ ਪੰਜਾਬੀਆਂ ਦੀ ਦੇਣ ਦਾ ਮੁਲਾਂਕਣ ਕੀਤਾ ਜਾਵੇ ਤਾਂ ਇਹ 90 ਫ਼ੀਸਦੀ ਦੇ ਲਗਭਗ ਬਣਦਾ ਏ।
14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕਰਕੇ ਭਾਵੇਂ ਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਰਾਹੀਂ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਦਾ ਬੀੜਾ ਚੁੱਕਿਆ ਸੀ ਪਰ ਇਸ ਸੰਘਰਸ਼ ਦੀ ਅੰਤਰ ਭਾਵਨਾ ਵੀ ਦੇਸ਼ ਦੀ ਆਜ਼ਾਦੀ ਨਾਲ ਜੁੜੀ ਹੋਈ ਸੀ। ਜਨਵਰੀ 1922 ਵਿਚ ਚਾਬੀਆਂ ਦੇ ਮੋਰਚੇ ਦੀ ਜਿੱਤ ਨੂੰ ਮਹਾਤਮਾ ਗਾਂਧੀ ਨੇ ਆਜ਼ਾਦੀ ਲਈ ਵਿੱਢੀ ਲੜਾਈ ਦੀ ਪਹਿਲੀ ਜਿੱਤ ਦੱਸਿਆ ਸੀ। ਇਸੇ ਤਰ੍ਹਾਂ ਆਜ਼ਾਦ ਹਿੰਦ ਫ਼ੌਜ ਨੂੰ ਕਾਇਮ ਕਰਨ ਵਾਲਾ ਜਨਰਲ ਮੋਹਨ ਸਿੰਘ ਵੀ ਸਿੱਖ ਸੀ ਅਤੇ ਇਸ ਫ਼ੌਜ ਵਿਚ ਸ਼ਾਮਲ ਹੋਣ ਵਾਲੇ 42 ਹਜ਼ਾਰ ਫ਼ੌਜੀਆਂ ਵਿਚੋਂ 28 ਹਜ਼ਾਰ ਸਿੱਖ ਸਨ।
ਸੋ ਭਾਰਤ ਦੀ ਆਜ਼ਾਦੀ ਦਾ ਕੋਈ ਵੀ ਅਜਿਹਾ ਸੰਘਰਸ਼ ਜਾਂ ਲਹਿਰ ਨਹੀਂ, ਜਿੱਥੇ ਪੰਜਾਬੀਆਂ ਖ਼ਾਸ ਕਰ ਸਿੱਖਾਂ ਨੇ ਬਾਕੀ ਕੌਮਾਂ ਨਾਲੋਂ ਅੱਗੇ ਵਧ ਕੇ ਹਿੱਸਾ ਨਾ ਪਾਇਆ ਹੋਵੇ ਪਰ ਦੇਸ਼ ਦੇ ਆਜ਼ਾਦ ਹੋਣ ’ਤੇ ਭਾਰਤ-ਪਾਕਿਸਤਾਨ ਵੰਡ ਦਾ ਸਭ ਤੋਂ ਵੱਧ ਸੰਤਾਪ ਵੀ ਪੰਜਾਬ ਤੇ ਸਿੱਖਾਂ ਨੂੰ ਹੀ ਭੋਗਣਾ ਪਿਆ। ਜੋ ਹਰੀਆਂ ਭਰੀਆਂ ਬਾਰਾਂ ਸਿੱਖ ਕਿਸਾਨਾਂ ਨੇ ਆਪਣੇ ਖ਼ੂਨ ਪਸੀਨੇ ਨਾਲ ਵਸਾਈਆਂ ਸਨ, ਉਨ੍ਹਾਂ ਨੂੰ ਛੱਡਣਾ ਪਿਆ ਅਤੇ ਆਪਣੇ ਹੋਰ ਕੀਮਤੀ ਸਰਮਾਏ ਦੀ ਵੀ ਆਹੂਤੀ ਦੇਣੀ ਪਈ। ਇਸ ਤੋਂ ਇਲਾਵਾ ਸਿੱਖਾਂ ਦੇ ਕਈ ਪਵਿੱਤਰ ਗੁਰਧਾਮ ਵੀ ਉਨ੍ਹਾਂ ਤੋਂ ਵਿੱਛੜ ਗਏ। ਦੇਸ਼ ਲਈ ਇੰਨੀਆਂ ਕੁਰਬਾਨੀਆਂ ਕਰਨ ਦੇ ਬਾਵਜੂਦ ਅੱਜ ਸਿੱਖਾਂ ਨੂੰ ਬੇਗ਼ਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹੈ,
ਪ੍ਰੀਖਿਆ ਦੇਣ ਸਮੇਂ ਸਿੱਖ ਬੱਚਿਆਂ ਦੇ ਕੱਕਾਰ ਲੁਹਾਏ ਜਾ ਰਹੇ ਨੇ, ਦਸਤਾਰਾਂ ਦੀ ਬੇਅਦਬੀ ਕੀਤੀ ਜਾ ਰਹੀ ਐ। 84 ਵਿਚ ਸਿੱਖਾਂ ਨੂੰ ਇੰਝ ਕੋਹ-ਕੋਹ ਕੇ ਮਾਰਿਆ ਗਿਆ, ਜਿਵੇਂ ਉਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾ ਕੇ ਕੋਈ ਬਜ਼ਰ ਗੁਨਾਹ ਕੀਤਾ ਹੋਵੇ ਅਤੇ ਗੁਨਾਹਗਾਰਾਂ ਨੂੰ ਅਜੇ ਤੱਕ ਸਜ਼ਾ ਨਹੀਂ ਦਿੱਤੀ ਗਈ। ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕੀਤਾ ਗਿਆ, ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਨੇ। ਪਤਾ ਨਹੀਂ ਸਿੱਖਾਂ ਨੂੰ ਕਦੋਂ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਦਾ ਅਸਲ ਮੁੱਲ ਮਿਲੇਗਾ?
ਸੋ ਤੁਹਾਡਾ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ


