ਰਾਸ਼ਟਰਪਤੀ ਬਣੇ ਤਾਂ ਐਚ-1ਬੀ ਵੀਜ਼ਾ ਖਤਮ ਕਰਨਗੇ ਰਾਮਾਸਵਾਮੀ
ਵਾਸ਼ਿੰਗਟਨ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜਨ ਦੇ ਇੱਛਕ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਇਕ ਵਿਵਾਦਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਸੱਤਾ ਵਿਚ ਆਉਣ ’ਤੇ ਉਹ ਐਚ-1ਬੀ ਵੀਜ਼ਾ ਖਤਮ ਕਰ ਦੇਣਗੇ। ਰਾਮਾਸਵਾਮੀ ਨੇ ਐਚ-1ਬੀ ਵੀਜ਼ਾ ਨੂੰ ਬੰਧੂਆ ਮਜ਼ਦੂਰੀ ਅਤੇ ਗੁਲਾਮੀ ਦਾ ਪ੍ਰਤੀਕ ਦੱਸਿਆ ਪਰ ਹੈਰਾਨੀ ਇਸ ਗੱਲ ਦੀ ਹੈ […]
By : Hamdard Tv Admin
ਵਾਸ਼ਿੰਗਟਨ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜਨ ਦੇ ਇੱਛਕ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਇਕ ਵਿਵਾਦਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਸੱਤਾ ਵਿਚ ਆਉਣ ’ਤੇ ਉਹ ਐਚ-1ਬੀ ਵੀਜ਼ਾ ਖਤਮ ਕਰ ਦੇਣਗੇ। ਰਾਮਾਸਵਾਮੀ ਨੇ ਐਚ-1ਬੀ ਵੀਜ਼ਾ ਨੂੰ ਬੰਧੂਆ ਮਜ਼ਦੂਰੀ ਅਤੇ ਗੁਲਾਮੀ ਦਾ ਪ੍ਰਤੀਕ ਦੱਸਿਆ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਰਾਮਾਸਵਾਮੀ ਨੇ ਖੁਦ 29 ਵਾਰ ਐਚ-1ਬੀ ਵੀਜ਼ਾ ਦੀ ਵਰਤੋਂ ਕਰ ਚੁੱਕੇ ਹਨ।
ਵਿਵੇਕ ਰਾਮਾਸਵਾਮੀ ਦਾ ਕਹਿਣਾ ਸੀ ਕਿ ਰਾਸ਼ਟਰਪਤੀ ਬਣਨ ਦੀ ਸੂਰਤ ਵਿਚ ਉਹ ਨਵਾਂ ਵੀਜ਼ਾ ਸਿਸਟਮ ਲੈ ਕੇ ਆਉਣਗੇ। ਆਪਣੀ ਉਮਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿਰਫ 38 ਸਾਲ ਦਾ ਹੋਣ ਕਾਰਨ ਕੁਝ ਲੋਕ ਸੋਚ ਰਹੇ ਕਿ ਐਨੀ ਛੋਟੀ ਉਮਰ ਵਾਲਾ ਰਾਸ਼ਟਰਪਤੀ ਨਹੀਂ ਹੋਣਾ ਚਾਹੀਦਾ ਪਰ ਅਸਲੀਅਤ ਇਹ ਹੈ ਕਿ ਲੋਕ ਮੇਰੀ ਚੜ੍ਹਤ ਤੋਂ ਸੜ ਰਹੇ ਹਨ।
ਰਾਮਾਸਵਾਮੀ ਨੇ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਥੌਮਸ ਜੈਫਰਸਨ ਦੀ ਉਮਰ ਸਿਰਫ 33 ਸਾਲ ਸੀ ਜਦੋਂ ਉਨ੍ਹਾਂ ਨੇ ਅਮਰੀਕਾ ਦੀ ਆਜ਼ਾਦੀ ਦਾ ਐਲਾਨਾਮਾ ਲਿਖਿਆ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਕੁਝ ਹਫਤਿਆਂ ਦੌਰਾਨ ਰਾਮਾਸਵਾਮੀ ਦੀ ਮਕਬੂਲੀਅਤ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਗਸਤ ਦੀ ਕਾਰਗੁਜ਼ਾਰੀ ਮਗਰੋਂ ਉਨ੍ਹਾਂ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 12 ਫੀ ਸਦੀ ਵਧ ਗਈ।
ਰਿਪਬਲਿਕਨ ਪਾਰਟੀ ਦੇ ਸੰਭਾਵਤ ਉਮੀਦਵਾਰਾਂ ਦਰਮਿਆਨ ਹੋਈ ਪਹਿਲੀ ਬਹਿਸ ਵਿਚ ਵੀ ਉਨ੍ਹਾਂ ਨੂੰ ਪਸੰਦ ਕੀਤਾ ਗਿਆ ਪਰ ਇਸ ਦੇ ਨਾਲ ਹੀ ਉਨ੍ਹਾਂ ਦੇ ਵਿਰੋਧੀਆਂ ਅਤੇ ਨੁਕਤਾਚੀਨੀ ਕਰਨ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਰਾਮਾਸਵਾਮੀ ਵੱਲੋਂ ਇੰਮੀਗ੍ਰੇਸ਼ਨ ਪ੍ਰਣਾਲੀ ਨਾਲ ਸਬੰਧਤ ਤਾਜ਼ਾ ਟਿੱਪਣੀ ਸਿੱਧੇ ਤੌਰ ’ਤੇ ਭਾਰਤੀਆਂ ਨੂੰ ਪ੍ਰਭਾਵਤ ਕਰਦੀ ਹੈ ਕਿਉਂਕਿ ਐਚ-1ਬੀ ਸ਼੍ਰੇਣੀ ਵਿਚ ਜ਼ਿਆਦਾਤਰ ਵੀਜ਼ੇ ਭਾਰਤੀਆਂ ਦੇ ਹਿੱਸੇ ਆਉਂਦੇ ਹਨ।
ਅਮਰੀਕੀ ਰਸਾਲੇ ਪੌਲਿਟੀਕੋ ਵਿਚ ਪ੍ਰਕਾਸ਼ਤ ਜਾਣਕਾਰੀ ਮੁਤਾਬਕ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਰਾਮਾਸਵਾਮੀ ਦੀ ਕੰਪਨੀ ਵਿਚ ਮੁਲਾਜ਼ਮਾਂ ਦੀ ਭਰਤੀ ਵਾਸਤੇ 29 ਵਾਰ ਐਚ-1ਬੀ ਵੀਜ਼ਾ ਨੂੰ ਪ੍ਰਵਾਨਗੀ ਦਿਤੀ ਗਈ ਅਤੇ ਹੁਣ ਉਹ ਇਸ ਨੂੰ ਮੰਦਾ-ਚੰਗਾ ਦੱਸ ਰਹੇ ਹਨ। ਵਿਵੇਕ ਰਾਮਾਸਵਾਮੀ ਨੇ ਦਲੀਲ ਦਿਤੀ ਕਿ ਐਚ-1ਬੀ ਲੈਣ ਵਾਲਿਆਂ ਦੇ ਪਰਵਾਰਕ ਮੈਂਬਰਾਂ ਦਾ ਕੋਈ ਮੈਰਿਟ ਬੇਸ ਨਹੀਂ ਹੁੰਦਾ ਅਤੇ ਉਹ ਅਮਰੀਕਾ ਦੇ ਵਿਕਾਸ ਵਿਚ ਕੋਈ ਯੋਗਦਾਨ ਨਹੀਂ ਪਾਉਂਦੇ।
ਆਪਣੇ ਮਾਪਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 40 ਸਾਲ ਪਹਿਲਾਂ ਮੇਰੇ ਮਾਤਾ-ਪਿਤਾ ਅਮਰੀਕਾ ਆਏ ਸਨ ਅਤੇ ਉਸ ਵੇਲੇ ਉਨ੍ਹਾਂ ਕੋਲ ਪੈਸੇ ਨਹੀਂ ਸਨ ਪਰ ਮੈਂ ਅਰਬਾਂ ਡਾਲਰ ਵਾਲੀਆਂ ਕੰਪਨੀਆਂ ਖੜ੍ਹੀਆਂ ਕੀਤੀਆਂ। ਰਾਮਾਸਵਾਮੀ ਨੇ ਆਖਿਆ ਕਿ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਵੀ ਐਚ-1ਬੀ ਦਾ ਵਿਰੋਧ ਕਰ ਚੁੱਕੇ ਹਨ ਪਰ ਟਰੰਪ ਦੀਆਂ ਕੰਪਨੀਆਂ ਵਿਚ ਐਚ-1ਬੀ ਵੀਜ਼ਾ ’ਤੇ ਅਮਰੀਕਾ ਆਏ ਸੈਂਕੜੇ ਮੁਲਾਜ਼ਮ ਕੰਮ ਕਰਦੇ ਹਨ।