ਰਾਘਵ ਚੱਢਾ ਨੂੰ ਖਾਲੀ ਕਰਨਾ ਪੈ ਸਕਦੈ ਸਰਕਾਰੀ ਬੰਗਲਾ
ਨਵੀਂ ਦਿੱਲੀ, 7 ਅਕਤੂਬਰ, ਨਿਰਮਲ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਦਿੱਲੀ ਵਿੱਚ ਅਲਾਟ ਕੀਤਾ ਗਿਆ ਟਾਈਪ-7 ਸਰਕਾਰੀ ਬੰਗਲਾ ਖਾਲੀ ਕਰਨਾ ਪੈ ਸਕਦਾ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸ਼ੁੱਕਰਵਾਰ (6 ਅਕਤੂਬਰ) ਨੂੰ ਆਪਣਾ ਉਹ ਅੰਤਰਿਮ ਹੁਕਮ ਵਾਪਸ ਲੈ ਲਿਆ, ਜਿਸ ਵਿੱਚ ਉਸ ਨੇ ਰਾਜ ਸਭਾ ਸਕੱਤਰੇਤ ਨੂੰ ਰਾਘਵ […]
By : Hamdard Tv Admin
ਨਵੀਂ ਦਿੱਲੀ, 7 ਅਕਤੂਬਰ, ਨਿਰਮਲ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਦਿੱਲੀ ਵਿੱਚ ਅਲਾਟ ਕੀਤਾ ਗਿਆ ਟਾਈਪ-7 ਸਰਕਾਰੀ ਬੰਗਲਾ ਖਾਲੀ ਕਰਨਾ ਪੈ ਸਕਦਾ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸ਼ੁੱਕਰਵਾਰ (6 ਅਕਤੂਬਰ) ਨੂੰ ਆਪਣਾ ਉਹ ਅੰਤਰਿਮ ਹੁਕਮ ਵਾਪਸ ਲੈ ਲਿਆ, ਜਿਸ ਵਿੱਚ ਉਸ ਨੇ ਰਾਜ ਸਭਾ ਸਕੱਤਰੇਤ ਨੂੰ ਰਾਘਵ ਚੱਢਾ ਤੋਂ ਬੰਗਲਾ ਖਾਲੀ ਨਾ ਕਰਨ ਦੇ ਨਿਰਦੇਸ਼ ਦਿੱਤੇ ਸਨ।
ਅਦਾਲਤ ਨੇ ਕਿਹਾ ਕਿ ਰਾਘਵ ਚੱਢਾ ਨੂੰ ਟਾਈਪ-7 ਬੰਗਲੇ ਵਿਚ ਰਹਿਣ ਦਾ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਸੀ। ਉਹ ਬੰਗਲੇ ਵਿੱਚ ਰਹਿਣ ਦੇ ਹੱਕ ਦਾ ਦਾਅਵਾ ਨਹੀਂ ਕਰ ਸਕਦੇ। 3 ਮਾਰਚ ਨੂੰ ਰਾਜ ਸਭਾ ਸਕੱਤਰੇਤ ਨੇ ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਦੇ ਟਾਈਪ-7 ਬੰਗਲੇ ਦੀ ਅਲਾਟਮੈਂਟ ਨੂੰ ਰੱਦ ਕਰਦਿਆਂ ਬੰਗਲਾ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਸੀ।
ਇਸ ਦੇ ਖਿਲਾਫ ਰਾਘਵ ਚੱਢਾ ਅਦਾਲਤ ਪਹੁੰਚੇ ਸਨ। ‘ਆਪ’ ਸਾਂਸਦ ਨੇ ਅਦਾਲਤ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਸੰਸਦ ਦੇ ਕਾਰਜਕਾਲ ’ਚ ਅਜੇ ਚਾਰ ਸਾਲ ਤੋਂ ਜ਼ਿਆਦਾ ਸਮਾਂ ਬਚਿਆ ਹੈ। ਅਜਿਹੇ ’ਚ ਉਨ੍ਹਾਂ ਨੂੰ ਬੰਗਲੇ ’ਚ ਰਹਿਣ ਦਾ ਅਧਿਕਾਰ ਹੈ। ਹਾਲਾਂਕਿ ਅਦਾਲਤ ਨੇ ਉਸ ਦੇ ਦਾਅਵੇ ਨੂੰ ਰੱਦ ਕਰ ਦਿੱਤਾ।
ਅਦਾਲਤ ਦੇ ਹੁਕਮਾਂ ਤੋਂ ਬਾਅਦ ਰਾਘਵ ਚੱਢਾ ਨੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਰਾਜ ਸਭਾ ਦੇ 70 ਸਾਲਾਂ ਤੋਂ ਵੱਧ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਰਾਜ ਸਭਾ ਮੈਂਬਰ ਨੂੰ ਉਸ ਦੇ ਅਲਾਟ ਕੀਤੇ ਨਿਵਾਸ ਤੋਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ‘ਆਪ’ ਸੰਸਦ ਮੈਂਬਰ ਨੇ ਭਾਜਪਾ ’ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ।
ਦਰਅਸਲ, ਰਾਘਵ ਚੱਢਾ ਨੂੰ 6 ਜੁਲਾਈ 2022 ਨੂੰ ਪੰਡਾਰਾ ਪਾਰਕ, ਦਿੱਲੀ ਵਿੱਚ ਸਥਿਤ ਟਾਈਪ-6 ਬੰਗਲਾ ਨੰਬਰ ਸੀ-1/12 ਅਲਾਟ ਕੀਤਾ ਗਿਆ ਸੀ। ‘ਆਪ’ ਸੰਸਦ ਮੈਂਬਰ ਨੇ 29 ਅਗਸਤ 2022 ਨੂੰ ਰਾਜ ਸਭਾ ਦੇ ਚੇਅਰਮੈਨ ਨੂੰ ਟਾਈਪ-7 ਬੰਗਲਾ ਅਲਾਟ ਕਰਨ ਦੀ ਬੇਨਤੀ ਕੀਤੀ ਸੀ।
‘ਆਪ’ ਸੰਸਦ ਮੈਂਬਰ ਨੂੰ 3 ਸਤੰਬਰ 2022 ਨੂੰ ਰਾਜ ਸਭਾ ਕੋਟੇ ਤੋਂ ਪੰਡਾਰਾ ਰੋਡ ’ਤੇ ਟਾਈਪ-7 ਬੰਗਲਾ ਨੰਬਰ ਏਬੀ-5 ਅਲਾਟ ਕੀਤਾ ਗਿਆ ਸੀ। ਰਾਘਵ ਚੱਢਾ 9 ਨਵੰਬਰ 2022 ਨੂੰ ਇਸ ਬੰਗਲੇ ਵਿੱਚ ਸ਼ਿਫਟ ਹੋ ਗਏ ਸਨ।
ਰਾਜ ਸਭਾ ਸਕੱਤਰੇਤ ਨੇ ‘ਆਪ’ ਸਾਂਸਦ ਰਾਘਵ ਚੱਢਾ ਨੂੰ ਟਾਈਪ-7 ਬੰਗਲੇ ਲਈ ਅਯੋਗ ਕਰਾਰ ਦਿੱਤਾ ਸੀ। ਸਕੱਤਰੇਤ ਨੇ ਅਦਾਲਤ ਨੂੰ ਦੱਸਿਆ ਕਿ ਪਹਿਲੀ ਵਾਰ ਚੁਣੇ ਗਏ ਸੰਸਦ ਮੈਂਬਰਾਂ ਨੂੰ ਟਾਈਪ-6 ਬੰਗਲੇ ਅਲਾਟ ਕੀਤੇ ਜਾਂਦੇ ਹਨ।
ਟਾਈਪ-7 ਬੰਗਲੇ ’ਚ ਰਹਿਣ ਦਾ ਅਧਿਕਾਰ ਉਨ੍ਹਾਂ ਸੰਸਦ ਮੈਂਬਰਾਂ ਨੂੰ ਦਿੱਤਾ ਗਿਆ ਹੈ ਜੋ ਸਾਬਕਾ ਕੇਂਦਰੀ ਕੈਬਨਿਟ ਮੰਤਰੀ, ਸਾਬਕਾ ਰਾਜਪਾਲ, ਸਾਬਕਾ ਮੁੱਖ ਮੰਤਰੀ ਜਾਂ ਸਾਬਕਾ ਲੋਕ ਸਭਾ ਸਪੀਕਰ ਰਹਿ ਚੁੱਕੇ ਹਨ। ਭਾਜਪਾ ਦੇ ਸੰਸਦ ਮੈਂਬਰ ਰਾਧਾ ਮੋਹਨ ਦਾਸ ਨੂੰ ਵੀ ਟਾਈਪ-7 ਬੰਗਲੇ ਤੋਂ ਟਾਈਪ-5 ਬੰਗਲੇ ਭੇਜ ਦਿੱਤਾ ਗਿਆ।
ਹਾਲਾਂਕਿ, ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਤੋਂ ਪਹਿਲਾਂ ਭਾਜਪਾ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ, ਰਾਕੇਸ਼ ਸਿਨਹਾ, ਬਸਪਾ ਸੰਸਦ ਮੈਂਬਰ ਦਾਨਿਸ਼ ਅਲੀ ਅਤੇ ਭਾਜਪਾ ਦੀ ਸਾਬਕਾ ਸੰਸਦ ਰੂਪਾ ਗਾਂਗੁਲੀ ਨੂੰ ਵੀ ਟਾਈਪ-7 ਬੰਗਲਾ ਅਲਾਟ ਕੀਤਾ ਗਿਆ ਸੀ। ਇਹ ਸਾਰੇ ਪਹਿਲੀ ਵਾਰ ਚੁਣੇ ਗਏ ਸੰਸਦ ਮੈਂਬਰ ਸਨ।