Begin typing your search above and press return to search.

ਦਿੱਲੀ ਦੀ ਸਿਆਸਤ ’ਚ ਕਿਉਂ ਢਿੱਲੀ ਪਈ ਸਿੱਖਾਂ ਦੀ ਪਕੜ?

ਦਿੱਲੀ ਵਿਧਾਨ ਸਭਾ ਚੋਣਾਂ ਲਈ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਏ। ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਦੇ ਲਈ 5 ਫਰਵਰੀ ਨੂੰ ਵੋਟਾਂ ਪੈਣਗੀਆਂ, ਜਦਕਿ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਦਿੱਲੀ ਦੀ ਸੱਤਾ ’ਤੇ ਕਾਬਜ਼ ਹੋਣ ਲਈ ਸੱਤਾਧਾਰੀ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ ਤੋਂ ਇਲਾਵਾ ਕੁੱਝ ਸਿਆਸੀ ਪਾਰਟੀਆਂ ਚੋਣ ਅਖਾੜੇ ਵਿਚ ਕੁੱਦੀਆਂ ਹੋਈਆਂ ਨੇ। ਭਾਵੇਂ ਕਿ ਦਿੱਲੀ ਵਿਚ ਵੱਖ ਵੱਖ ਧਰਮਾਂ ਦੇ

ਦਿੱਲੀ ਦੀ ਸਿਆਸਤ ’ਚ ਕਿਉਂ ਢਿੱਲੀ ਪਈ ਸਿੱਖਾਂ ਦੀ ਪਕੜ?
X

Makhan shahBy : Makhan shah

  |  22 Jan 2025 5:18 PM IST

  • whatsapp
  • Telegram

ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ ਲਈ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਏ। ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਦੇ ਲਈ 5 ਫਰਵਰੀ ਨੂੰ ਵੋਟਾਂ ਪੈਣਗੀਆਂ, ਜਦਕਿ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਦਿੱਲੀ ਦੀ ਸੱਤਾ ’ਤੇ ਕਾਬਜ਼ ਹੋਣ ਲਈ ਸੱਤਾਧਾਰੀ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ ਤੋਂ ਇਲਾਵਾ ਕੁੱਝ ਸਿਆਸੀ ਪਾਰਟੀਆਂ ਚੋਣ ਅਖਾੜੇ ਵਿਚ ਕੁੱਦੀਆਂ ਹੋਈਆਂ ਨੇ। ਭਾਵੇਂ ਕਿ ਦਿੱਲੀ ਵਿਚ ਵੱਖ ਵੱਖ ਧਰਮਾਂ ਦੇ ਫਿਰਕਿਆਂ ਦੇ ਲੋਕ ਵਸੇ ਹੋਏ ਨੇ ਪਰ ਇੱਥੇ ਵਸਦੇ ਪੰਜਾਬੀਆਂ ਦੀ ਸਿਆਸੀ, ਸਮਾਜਿਕ ਅਤੇ ਧਾਰਮਿਕ ਖੇਤਰਾਂ ਵਿਚ ਅਹਿਮ ਭੂਮਿਕਾ ਰਹੀ ਐ।

ਸੀਐਮ ਦੀ ਕੁਰਸੀ ਤੋਂ ਇਲਾਵਾ ਕੈਬਨਿਟ ਮੰਤਰੀ ਤੱਕ ਦੇ ਅਹੁਦਿਆਂ ’ਤੇ ਪੰਜਾਬੀਆਂ ਦਾ ਕਬਜ਼ਾ ਰਿਹਾ ਏ ਪਰ ਪਿਛਲੇ ਇਕ ਦਹਾਕੇ ਤੋਂ ਪੰਜਾਬੀ ਭਾਈਚਾਰੇ ਦੀ ਪਕੜ ਇੱਥੇ ਖ਼ਤਮ ਹੁੰਦੀ ਜਾ ਰਹੀ ਐ, ਜਿਸ ਦੇ ਚਲਦਿਆਂ 2015 ਤੋਂ ਬਾਅਦ ਇੱਥੇ ਕੋਈ ਵੀ ਪੰਜਾਬੀ ਜਾਂ ਸਿੱਖ ਕੈਬਨਿਟ ਮੰਤਰੀ ਨਹੀਂ ਬਣ ਸਕਿਆ,,, ਬਲਕਿ ਹੁਣ ਤਾਂ ਇਹ ਹਾਲਾਤ ਬਣ ਚੁੱਕੇ ਨੇ ਕਿ ਸਿੱਖ ਆਗੂਆਂ ਨੂੰ ਹਾੜ੍ਹੇ ਕੱਢ ਕੇ ਵੀ ਟਿਕਟਾਂ ਨਹੀਂ ਮਿਲ ਰਹੀਆਂ।


ਦਿੱਲੀ ਵਿਚ ਇਸ ਸਮੇਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਏ। ਇਸ ਵਾਰ ਚੋਣਾਂ ਵਿਚ ਸਿੱਖ ਚਿਹਰਿਆਂ ਦੀ ਸਰਗਰਮੀ ਕੋਈ ਜ਼ਿਆਦਾ ਦਿਖਾਈ ਨਹੀਂ ਦੇ ਰਹੀ ਜੋ ਪਿਛਲੇ ਸਮੇਂ ਦੌਰਾਨ ਕਾਫ਼ੀ ਜ਼ਿਆਦਾ ਹੁੰਦੀ ਸੀ। ਪਿਛਲੇ ਦੋ ਦਹਾਕਿਆਂ ਤੋਂ ਦਿੱਲੀ ਦੀ ਸਿਆਸਤ ਵਿਚ ਪੰਜਾਬੀ ਭਾਈਚਾਰੇ ਦੀ ਪਕੜ ਢਿੱਲੀ ਹੁੰਦੀ ਜਾ ਰਹੀ ਐ। ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ 2020 ਤੋਂ ਲੈ ਕੇ ਕਿਤੇ ਦਿਖਾਈ ਨਹੀਂ ਦੇ ਰਿਹਾ, ਜਦਕਿ 2015 ਵਿਚ ਅਕਾਲੀ ਦਲ ਨੇ ਭਾਜਪਾ ਦੇ ਨਾਲ ਮਿਲ ਕੇ ਚੋਣ ਲੜੀ ਸੀ। ਇਕ ਜਾਣਕਾਰੀ ਅਨੁਸਾਰ ਕੋਈ ਸਮਾਂ ਸੀ ਜਦੋਂ ਦਿੱਲੀ ਦੀਆਂ ਚੋਣਾਂ ਵਿਚ ਪੰਜਾਬੀਆਂ ਜਾਂ ਸਿੱਖਾਂ ਦੀ ਅਹਿਮ ਭੂਮਿਕਾ ਹੁੰਦੀ ਸੀ।

ਸਾਬਕਾ ਸੀਐਮ ਸ਼ੀਲਾ ਦੀਕਸ਼ਤ ਦੇ ਕਾਰਜਕਾਲ ਦੀ ਗੱਲ ਕਰੀਏ ਤਾਂ ਉਹ 15 ਸਾਲ ਤੱਕ ਦਿੱਲੀ ਦੇ ਮੁੱਖ ਮੰਤਰੀ ਰਹੇ, ਉਨ੍ਹਾਂ ਦੀ ਕੈਬਨਿਟ ਵਿਚ ਤਿੰਨ ਮੰਤਰੀ ਪੰਜਾਬੀ ਭਾਈਚਾਰੇ ਨਾਲ ਸਬੰਧਤ ਸਨ, ਪਰ ਪਿਛਲੇ ਡੇਢ ਦਹਾਕੇ ਤੋਂ ਦਿੱਲੀ ਦੀ ਸਿਆਸਤ ਵਿਚ ਅਜਿਹਾ ਬਦਲਾਅ ਆਇਆ ਕਿ ਪਾਰਟੀਆਂ ਨੇ ਪੰਜਾਬੀ ਭਾਈਚਾਰੇ ਦੀ ਥਾਂ ਹਿੰਦੀ ਭਾਸ਼ੀ ਸੂਬਿਆਂ ਦੀ ਵੱਸੋਂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ, ਜਿਸ ਦੇ ਚਲਦਿਆਂ ਹੁਣ ਦਿੱਲੀ ਚੋਣਾਂ ਵਿਚ ਜਿੱਤ ਹਾਰ ਦਾ ਫ਼ੈਸਲਾ ਯੂਪੀ ਬਿਹਾਰ ਅਤੇ ਹੋਰ ਹਿੰਦੀ ਭਾਸ਼ੀ ਸੂਬਿਆਂ ਤੋਂ ਆਏ ਲੋਕਾਂ ਦੇ ਹੱਥ ਵਿਚ ਚਲਾ ਗਿਆ ਏ, ਜਦਕਿ ਪਹਿਲਾਂ ਇਹ ਸਿੱਖਾਂ ਦੇ ਹੱਥ ਵਿਚ ਹੁੰਦਾ ਸੀ।


ਸਿੱਖ ਰਾਜਨੀਤੀ ਨੂੰ ਨੇੜਿਓਂ ਤੱਕਣ ਵਾਲੇ ਸਿਆਸੀ ਮਾਹਿਰਾਂ ਦੇ ਅਨੁਸਾਰ ਕੌਮੀ ਰਾਜਧਾਨੀ ਵਿਚ ਪੰਜਾਬੀਆਂ ਦੀ ਅਹਿਮੀਅਤ ਘਟਣ ਦਾ ਕਾਰਨ ਪੰਜਾਬ ਦੇ ਖਾੜਕੂਵਾਦ ਨੂੰ ਵੀ ਦੱਸਿਆ ਜਾ ਰਿਹਾ ਏ। ਉਨ੍ਹਾਂ ਮੁਤਾਬਕ ਪੰਜਾਬ ਵਿਚਲਾ ਖਾੜਕੂਵਾਦ ਬੇਸ਼ੱਕ ਪੰਜਾਬ ਦੇ ਹਿੰਦੂ ਸਿੱਖਾਂ ਵਿਚ ਵੰਡੀਆਂ ਨਹੀਂ ਪਾ ਸਕਿਆ ਪਰ ਦਿੱਲੀ ਵਿਚ ਇਸ ਨੇ ਆਪਣਾ ਅਸਰ ਜ਼ਰੂਰ ਦਿਖਾ ਦਿੱਤਾ। ਇਸੇ ਕਾਰਨ ਦਿੱਲੀ ਵਿਚ ਸਿੱਖਾਂ ਦੀ ਪਕੜ ਕਮਜ਼ੋਰ ਹੁੰਦੀ ਚਲੀ ਗਈ। ਮੌਜੂਦਾ ਸਮੇਂ ਦਿੱਲੀ ਭਾਜਪਾ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਵੀ ਪੰਜਾਬੀ ਭਾਈਚਾਰੇ ਨਾਲ ਸਬੰਧਤ ਨੇ।

ਉਨ੍ਹਾਂ ਦਾ ਕਹਿਣਾ ਏ ਕਿ ਕੇਜਰੀਵਾਲ ਸਰਕਾਰ ਵਿਚ ਵੀ ਵੀ ਕਿਸੇ ਸਿੱਖ ਚਿਹਰੇ ਨੂੰ ਕੈਬਨਿਟ ਮੰਤਰੀ ਨਹੀਂ ਬਣਾਇਆ ਗਿਆ, ਇਸ ’ਤੇ ਕਾਫ਼ੀ ਰੌਲਾ ਰੱਪਾ ਵੀ ਪਾਇਆ ਗਿਆ ਪਰ ਫਿਰ ਵੀ ਕੋਈ ਅਸਰ ਨਹੀਂ ਹੋਇਆ। ਦਿੱਲੀ ਵਿਚ ਸਿੱਖਾਂ ਦੀ ਪਕੜ ਘੱਟ ਹੋਣ ਦਾ ਕਾਰਨ ਦੂਜੇ ਰਾਜਾਂ ਦੇ ਲੋਕਾਂ ਦੀ ਵਧ ਰਹੀ ਆਬਾਦੀ ਵੀ ਬਣੀ ਐ, ਜਿਸ ਕਰਕੇ ਸਿਆਸੀ ਪਾਰਟੀਆਂ ਹੁਣ ਪੰਜਾਬੀਆਂ ਦੀ ਥਾਂ ਉਨ੍ਹਾਂ ਲੋਕਾਂ ਨੂੰ ਹੀ ਜ਼ਿਆਦਾ ਤਰਜੀਹ ਦਿੰਦੀਆਂ ਨੇ।


ਦਿੱਲੀ ਦੀ ਸਿਆਸਤ ’ਤੇ ਪੰਜਾਬੀਆਂ ਦਾ ਕਾਫ਼ੀ ਬੋਲਬਾਲਾ ਰਹਿ ਚੁੱਕਿਆ ਏ। ਪਿਛਲੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਭਾਵੇਂ ਕੋਈ ਪਾਰਟੀ ਸੱਤਾ ਵਿਚ ਹੋਵੇ ਪਰ ਹਰ ਪਾਸੇ ਪੰਜਾਬੀ ਚਿਹਰੇ ਅਗਵਾਈ ਕਰਦੇ ਹੋਏ ਦਿਖਾਈ ਦਿੰਦੇ ਸੀ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਏ ਕਿ ਪੰਜਾਬੀ ਭਾਈਚਾਰੇ ਦੇ ਪੰਜ ਆਗੂ ਗੁਰਮੁੱਖ ਨਿਹਾਲ ਸਿੰਘ, ਮਦਨ ਲਾਲ ਖੁਰਾਣਾ, ਸਾਹਿਬ ਸਿੰਘ ਵਰਮਾ, ਸ਼ੀਲਾ ਦੀਕਸ਼ਤ ਅਤੇ ਸੁਸ਼ਮਾ ਸਵਰਾਜ ਦਿੱਲੀ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ। ਇਨ੍ਹਾਂ ਤੋਂ ਇਲਾਵਾ ਐਚਕੇਐਲ ਭਗਤ, ਜਗਪ੍ਰਵੇਸ਼ ਚੰਦਰ, ਵਿਜੇ ਕੁਮਾਰ ਮਲਹੋਤਰਾ, ਕੇਦਾਰ ਨਾਥ ਸਾਹਨੀ ਵਰਗੇ ਦਿੱਗਜ਼ ਆਗੂ ਵੀ ਪੰਜਾਬੀ ਭਾਈਚਾਰੇ ਨਾਲ ਸਬੰਧਤ ਸਨ, ਜਿਨ੍ਹਾਂ ਦੀ ਦਿੱਲੀ ਸਰਕਾਰ ਵਿਚ ਅਹਿਮ ਭੂਮਿਕਾ ਰਹੀ ਐ।

1993 ਦੀ ਗੱਲ ਕਰੀਏ ਤਾਂ ਉਸ ਸਮੇਂ ਪੰਜਾਬੀ ਭਾਈਚਾਰੇ ਨਾਲ ਸਬੰਧਤ 15 ਵਿਧਾਇਕ ਚੋਣ ਜਿੱਤੇ ਸੀ। ਪੰਜ ਸਾਲ ਬਾਅਦ 1998 ਵਿਚ ਇਹ ਗਿਣਤੀ ਵਧ ਕੇ 20 ਹੋ ਗਈ। ਸਾਲ 2003 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬੀ ਪਿਛੋਕੜ ਵਾਲੇ 17 ਆਗੂ ਵਿਧਾਇਕ ਬਣੇ ਸੀ, ਜਦਕਿ ਪੰਜ ਸਾਲ ਬਾਅਦ ਇਹ ਗਿਣਤੀ ਘੱਟ ਕੇ 13 ਰਹਿ ਗਈ ਸੀ। ਯਾਨੀ ਕਿ ਇਸ ਤੋਂ ਬਾਅਦ ਪੰਜਾਬੀ ਵਿਧਾਇਕਾਂ ਦੀ ਗਿਣਤੀ ਲਗਾਤਾਰ ਘਟਦੀ ਹੀ ਚਲੀ ਗਈ।

ਸਾਲ 2013 ਵਿਚ ਜਦੋਂ ਦਿੱਲੀ ਦੀ ਸਿਆਸਤ ਵਿਚ ਆਮ ਆਦਮੀ ਪਾਰਟੀ ਦੀ ਐਂਟਰੀ ਹੋਈ ਤਾਂ ਉਸ ਸਮੇਂ ਆਪ, ਕਾਂਗਰਸ ਅਤੇ ਭਾਜਪਾ ਤਿੰਨੇ ਪਾਰਟੀਆਂ ਵਿਚ ਪੰਜਾਬੀ ਪਿਛੋਕੜ ਵਾਲੇ 13 ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ ਸੀ ਪਰ ਸਾਲ 2015 ਵਿਚ ਇਹ ਗਿਣਤੀ ਸਿਰਫ਼ 9 ਹੀ ਰਹਿ ਗਈ। ਪੰਜ ਸਾਲ ਬਾਅਦ ਸਾਲ 2020 ਵਿਚ ਸਿਰਫ਼ ਛੇ ਪੰਜਾਬੀ ਉਮੀਦਵਾਰ ਹੀ ਦਿੱਲੀ ਵਿਚ ਵਿਧਾਇਕ ਬਣਨ ਵਿਚ ਕਾਮਯਾਬ ਹੋ ਸਕੇ।


ਕੁੱਝ ਹੋਰ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਦਿੱਲੀ ਦੇ ਸਿੱਖ ਅਤੇ ਪੰਜਾਬੀ ਵੋਟਰ ਕਿਸੇ ਇਕ ਪਾਰਟੀ ਦੀ ਥਾਂ ਵੱਖ-ਵੱਖ ਪਾਰਟੀਆਂ ਵਿਚ ਵੰਡਦੇ ਚਲੇ ਗਏ, ਜਿਸ ਕਾਰਨ ਉਨ੍ਹਾਂ ਦੀ ਸਿਆਸੀ ਅਹਿਮੀਅਤ ਵੀ ਘਟਦੀ ਚਲੀ ਗਈ। ਦਿੱਲੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਕਹਿਣਾ ਏ ਕਿ ਮੌਜੂਦਾ ਸਮੇਂ ਦਿੱਲੀ ਵਿਚ ਮਜ਼ਬੂਤ ਸਿੱਖ ਲੀਡਰਸ਼ਿਪ ਦੀ ਕਮੀ ਹੋ ਚੁੱਕੀ ਐ ਪਰ ਕੋਈ ਸਮਾਂ ਸੀ ਜਦੋਂ ਦੇਸ਼ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦਿੱਲੀ ਦੇ ਸਿੱਖ ਭਾਈਚਾਰੇ ਦੀ ਅਹਿਮੀਅਤ ਨੂੰ ਸਮਝਦੀਆਂ ਸੀ ਅਤੇ ਉਨ੍ਹਾਂ ਨੂੰ ਖ਼ੁਦ ਟਿਕਟਾਂ ਦਿੰਦੀਆਂ ਸੀ ਪਰ ਹੁਣ ਇਹ ਵਰਤਾਰਾ ਕਿਤੇ ਦਿਖਾਈ ਨਹੀਂ ਦਿੰਦਾ।

ਜੀਕੇ ਦਾ ਕਹਿਣਾ ਏ ਕਿ ਹੋਰ ਤਾਂ ਹੋਰ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਦਿੱਲੀ ਦੇ ਸਿੱਖ ਆਗੂਆਂ ਨੂੰ ਸੱਦ ਕੇ ਸਿੱਖਾਂ ਨਾਲ ਜੁੜੇ ਮੁੱਦਿਆਂਾ ’ਤੇ ਸਲਾਹ ਮਸ਼ਵਰਾ ਕਰਦੇ ਸੀ ਪਰ ਮੌਜੂਦਾ ਸਮੇਂ ਹਾਲਾਤ ਇਹ ਬਣ ਚੁੱਕੇ ਨੇ ਕਿ ਸਿੱਖਾਂ ਨੂੰ ਲੱਖ ਹਾੜ੍ਹੇ ਕੱਢਣ ’ਤੇ ਵੀ ਸਿਆਸੀ ਪਾਰਟੀਆਂ ਟਿਕਟਾਂ ਨਹੀਂ ਦਿੰਦੀਆਂ ਜਦਕਿ ਪਹਿਲਾਂ ਪਾਰਟੀਆਂ ਖ਼ੁਦ ਸਿੱਖ ਆਗੂਆਂ ਦੇ ਹਾੜ੍ਹੇ ਕੱਢਦੀਆਂ ਹੁੰਦੀਆਂ ਸੀ।


ਮੌਜੂਦਾ ਸਮੇਂ ਹੋ ਰਹੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਦੀ ਦਿੱਲੀ ਦੇ ਸਿੱਖਾਂ ਦਸ਼ਾ ਸਾਫ਼ ਦਿਖਾਈ ਦੇ ਰਹੀ ਐ। ਅਜਿਹਾ ਨਹੀਂ ਕਿ ਦਿੱਲੀ ਵਿਚ ਸਿੱਖਾਂ ਦੀ ਕਾਫ਼ੀ ਘੱਟ ਹੋ ਗਈ ਐ ਬਲਕਿ ਕਾਰਨ ਇਹ ਐ ਕਿ ਸਿੱਖਾਂ ਵਿਚਾਲੇ ਏਕਤਾ ਨਹੀਂ ਰਹੀ ਜਾਂ ਸਿਆਸੀ ਪਾਰਟੀਆਂ ਨੇ ਰਹਿਣ ਨਹੀਂ ਦਿੱਤੀ,,, ਗੱਲ ਲਗਭਗ ਇਕੋ ਜਿਹੀ ਐ,,, ਜਿਸ ਦੇ ਨਤੀਜੇ ਵਜੋਂ ਖੇਰੂੰ ਖੇਰੂੰ ਹੋਏ ਦਿੱਲੀ ਦੇ ਸਿੱਖਾਂ ਦੀ ਸਿਆਸੀ ਤੌਰ ’ਤੇ ਅਹਿਮੀਅਤ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘੱਟ ਹੋ ਗਈ ਐ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it