ਕੌਣ ਜਿੱਤੂ ਲੁਧਿਆਣਾ ਜ਼ਿਮਨੀ ਚੋਣ? ਦੇਖੋ, ਕੀ ਕਹਿੰਦੀ ਅੰਕੜਿਆਂ ਦੀ ਭਵਿੱਖਬਾਣੀ
ਲੁਧਿਆਣਾ ਦੇ ਪੱਛਮੀ ਵਿਧਾਨ ਸਭਾ ਹਲਕੇ ਵਿਚ ਵਿਚ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਮਾਹੌਰ ਪੂਰੀ ਤਰ੍ਹਾਂ ਗਰਮਾਇਆ ਹੋਇਆ ਏ। ਇਸ ਚੋਣ ਵਿਚ ਜਿੱਤ ਹਾਸਲ ਕਰਨਾ ਸਾਰੀਆਂ ਹੀ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣ ਹੋਈ ਐ ਕਿਉਂਕਿ ਜਿੱਤ ਹਾਸਲ ਕਰਨ ਵਾਲੀ ਪਾਰਟੀ 2027 ’ਤੇ ਆਪਣਾ ਪ੍ਰਭਾਵ ਦਿਖਾਉਣਾ ਚਾਹੁੰਦੀ ਐ।

By : Makhan shah
ਚੰਡੀਗੜ੍ਹ : ਲੁਧਿਆਣਾ ਦੇ ਪੱਛਮੀ ਵਿਧਾਨ ਸਭਾ ਹਲਕੇ ਵਿਚ ਵਿਚ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਮਾਹੌਰ ਪੂਰੀ ਤਰ੍ਹਾਂ ਗਰਮਾਇਆ ਹੋਇਆ ਏ। ਇਸ ਚੋਣ ਵਿਚ ਜਿੱਤ ਹਾਸਲ ਕਰਨਾ ਸਾਰੀਆਂ ਹੀ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣ ਹੋਈ ਐ ਕਿਉਂਕਿ ਜਿੱਤ ਹਾਸਲ ਕਰਨ ਵਾਲੀ ਪਾਰਟੀ 2027 ’ਤੇ ਆਪਣਾ ਪ੍ਰਭਾਵ ਦਿਖਾਉਣਾ ਚਾਹੁੰਦੀ ਐ। 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਇਸ ਸੀਟ ਤੋਂ ਜਿੱਤੇ ਸੀ ਪਰ ਪਿਛਲੇ ਸਾਲ ਉਹਨਾਂ ਦੀ ਮੌਤ ਹੋ ਗਈ ਸੀ, ਜਿਸ ਕਰਕੇ ਹੁਣ ਇੱਥੇ ਜ਼ਿਮਨੀ ਚੋਣ ਹੋ ਰਹੀ ਐ। ਸੋ ਆਓ ਤੁਹਾਨੂੰ ਦੱਸਦੇ ਆਂ, ਕਿਹੜੇ ਉਮੀਦਵਾਰ ਦਾ ਐ ਕਿੰਨਾ ਪ੍ਰਭਾਵ ਅਤੇ ਕੀ ਕਹਿੰਦੇ ਨੇ ਸਿਆਸੀ ਅੰਕੜੇ?
ਲੁਧਿਆਣਾ ਪੱਛਮੀ ਹਲਕੇ ਲਈ ਹੋਣ ਵਾਲੀ ਜ਼ਿਮਨੀ ਚੋਣ ਵਿਚ ਜਿੱਤ ਹਾਸਲ ਕਰਨ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਜ਼ੋਰ ਲਗਾਇਆ ਹੋਇਆ ਏ। ਪੰਜਾਬ ਦੀ ਸੱਤਾ ਧਿਰ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਗਿਆ ਏ, ਜਦਕਿ ਕਾਂਗਰਸ ਵੱਲੋਂ ਭਾਰਤ ਭੂਸ਼ਣ ਆਸ਼ੂ, ਭਾਜਪਾ ਵੱਲੋਂ ਜੀਵਨ ਗੁਪਤਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਉਪਕਾਰ ਘੁੰਮਣ ਸਣੇ ਕੁੱਲ 14 ਉਮੀਦਵਾਰ ਚੋਣ ਮੈਦਾਨ ਦੇ ਵਿਚ ਕੁੱਦੇ ਹੋਏ ਨੇ।
ਜੇਕਰ ਪਿਛਲੇ ਅੰਕੜਿਆਂ ’ਤੇ ਝਾਤ ਮਾਰੀਏ ਤਾਂ ਪੰਜਾਬ ਵਿਚ ਪਿਛਲੇ 15 ਸਾਲਾਂ ਦੇ ਦੌਰਾਨ ਤਿੰਨ ਸਰਕਾਰਾਂ ਦਾ ਤਖ਼ਤਾ ਪਲਟਿਆ ਏ। ਸਾਲ 2007 ਤੋਂ 2017 ਤੱਕ ਅਕਾਲੀ-ਭਾਜਪਾ ਦੀ ਸਰਕਾਰ, ਸਾਲ 2017 ਤੋਂ 2022 ਤੱਕ ਕਾਂਗਰਸ ਅਤੇ 2022 ਤੋਂ ਮੌਜੂਦਾ ਸਮੇਂ ਤੱਕ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਚੱਲ ਰਹੀ ਐ। ਪਿਛਲੀਆਂ ਸਰਕਾਰਾਂ ਦੇ ਸਮੇਂ ਦੌਰਾਨ ਵੀ ਜ਼ਿਮਨੀ ਚੋਣਾਂ ਹੁੰਦੀਆਂ ਰਹੀਆਂ ਨੇ। ਪਿਛਲਾ ਅੰਕੜੇ ਤਾਂ ਇਹੀ ਬਿਆਨ ਕਰਦੇ ਨੇ ਕਿ ਜਦੋਂ ਵੀ ਕੋਈ ਜ਼ਿਮਨੀ ਚੋਣ ਹੋਈ ਐ ਤਾਂ 80 ਤੋਂ 90 ਫੀਸਦੀ ਨਤੀਜੇ ਸੱਤਾ ਧਿਰ ਦੇ ਹੱਕ ਵਿਚ ਹੀ ਜਾਂਦੇ ਰਹੇ ਨੇ।
ਆਓ ਹੁਣ ਥੋੜ੍ਹਾ ਵਿਸਥਾਰ ਵਿਚ ਪਿਛਲੇ ਅੰਕੜਿਆਂ ’ਤੇ ਇਕ ਝਾਤ ਮਾਰਦੇ ਆਂ।
ਜਾਣਕਾਰੀ ਅਨੁਸਾਰ ਪਿਛਲੀਆਂ ਤਿੰਨ ਸਰਕਾਰਾਂ ਦੌਰਾਨ 6 ਵਾਰ ਜ਼ਿਮਨੀ ਚੋਣ ਹੋ ਚੁੱਕੀ ਐ। ਸਾਲ 2014 ਵਿਚ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਦੇ ਸਮੇਂ ਜਦੋਂ ਉਪ ਚੋਣਾਂ ਹੋਈਆਂ ਸੀ, ਤਾਂ ਤਲਵੰਡੀ ਸਾਬੋ ਵਿਧਾਨ ਸਭਾ ਸੀਟ ’ਤੇ ਅਕਾਲੀ ਦਲ ਦਾ ਉਮੀਦਵਾਰ ਜੀਤ ਮਹਿੰਦਰ ਸਿੱਧੂ ਚੋਣ ਜਿੱਤਿਆ ਸੀ, ਜਿਸ ਨੇ ਕਾਂਗਰਸ ਦੇ ਹਰਮਿੰਦਰ ਜੱਸੀ ਨੂੰ 46,642 ਵੋਟਾਂ ਦੇ ਨਾਲ ਹਰਾਇਆ ਸੀ। ਇਸੇ ਤਰ੍ਹਾਂ ਪਟਿਆਲਾ ਵਿਚ ਵਿਧਾਨ ਸਭਾ ਸੀਟ ’ਤੇ ਹੋਈ ਉਪ ਚੋਣ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਨੇ ਅਕਾਲੀ ਦਲ ਦੇ ਭਗਵੰਤ ਦਾਸ ਨੂੰ 23,282 ਵੋਟਾਂ ਦੇ ਨਾਲ ਹਰਾਇਆ ਸੀ।
ਮਾਰਚ 2015 ਵਿਚ ਧੂਰੀ ਵਿਧਾਨ ਸਭਾ ਸੀਟ ’ਤੇ ਵੀ ਜ਼ਿਮਨੀ ਚੋਣ ਹੋਈ ਸੀ, ਜਿਸ ਵਿੱਚੋਂ ਅਕਾਲੀ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਜੇਤੂ ਰਹੇ ਸੀ। ਫਿਰ ਸਾਲ 2016 ਵਿਚ ਖਡੂਰ ਸਾਹਿਬ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ ਹੋਈ, ਇਸ ਚੋਣ ਵਿਚ ਵੀ ਅਕਾਲੀ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਨੂੰ ਵੱਡੀ ਗਿਣਤੀ ਵੋਟਾਂ ਨਾਲ ਮਾਤ ਦਿੱਤੀ ਸੀ।
ਅਕਾਲੀ ਦਲ ਤੋਂ ਬਾਅਦ ਸਾਲ 2017 ਵਿਚ ਕਾਂਗਰਸ ਦੀ ਸਰਕਾਰ ਬਣੀ। ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਅਪ੍ਰੈਲ 2018 ਵਿਚ ਸ਼ਾਹਕੋਟ ਵਿਧਾਨ ਸਭਾ ਹਲਕੇ ਵਿਚ ਜ਼ਿਮਨੀ ਚੋਣ ਹੋਈ, ਜਿੱਥੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਨੇ ਅਕਾਲੀ ਉਮੀਦਵਾਰ ਨਵ ਸਿੰਘ ਖੋਖਰ ਨੂੰ 3801 ਵੋਟਾਂ ਨਾਲ ਹਰਾਇਆ ਸੀ। ਫਿਰ ਸਤੰਬਰ 2019 ਵਿਚ ਚਾਰ ਸੀਟਾਂ ’ਤੇ ਜ਼ਿਮਨੀ ਚੋਣ ਹੋਈ। ਉਸ ਸਮੇਂ ਵੀ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ। 2019 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਕਈ ਵਿਧਾਇਕਾਂ ਨੇ ਚੋਣ ਲੜੀ, ਜਿਨ੍ਹਾਂ ਦੇ ਜਿੱਤਣ ਮਗਰੋਂ ਜ਼ਿਮਨੀ ਚੋਣਾਂ ਹੋਈਆਂ ਸੀ। ਉਸ ਸਮੇਂ ਫਗਵਾੜਾ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਧਾਲੀਵਾਲ ਜੇਤੂ ਰਹੇ ਸੀ।
ਇਸੇ ਤਰ੍ਹਾਂ ਮੁਕੇਰੀਆਂ ਵਿਧਾਨ ਸਭਾ ਸੀਟ ’ਤੇ ਹੋਈ ਉਪ ਚੋਣ ਵਿਚ ਵੀ ਕਾਂਗਰਸ ਦੀ ਇੰਦੂ ਬਾਲਾ ਨੇ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਨੂੰ ਹਰਾ ਕੇ ਬਾਜ਼ੀ ਮਾਰੀ ਸੀ। ਜਲਾਲਾਬਾਦ ਉਪ ਚੋਣ ਵਿਚ ਕਾਂਗਰਸੀ ਉਮੀਦਵਾਰ ਰਵਿੰਦਰ ਸਿੰਘ ਆਵਲਾ ਨੇ ਅਕਾਲੀ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਹਰਾਇਆ ਸੀ। ਇਸ ਦੌਰਾਨ ਮੁੱਲਾਂਪੁਰ ਦਾਖਾ ਹੀ ਇਕ ਅਜਿਹੀ ਸੀਟ ਸੀ, ਜਿੱਥੇ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਨੇ ਕਾਂਗਰਸ ਦੇ ਉਮੀਦਵਾਰ ਸੰਦੀਪ ਸੰਧੂ ਨੂੰ ਨਾਲ ਹਰਾਇਆ ਸੀ। ਇਹ ਪਹਿਲੀ ਜ਼ਿਮਨੀ ਚੋਣ ਸੀ, ਜਿਸ ਵਿਚ ਸੱਤਾ ਧਿਰ ਦੇ ਉਲਟ ਵਿਧਾਨ ਸਭਾ ਹਲਕਾ ਮੁੱਲਾਂਪੁਰ ਵਿਚ ਅਕਾਲੀ ਦਲ ਦਾ ਉਮੀਦਵਾਰ ਜਿੱਤ ਹਾਸਲ ਕਰਨ ਵਿਚ ਕਾਮਯਾਬ ਹੋਇਆ ਸੀ।
ਕਾਂਗਰਸ ਦੀ ਸਰਕਾਰ ਤੋਂ ਬਾਅਦ ਫਿਰ ਸਾਲ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸੱਤਾ ਦੇ ਕਾਬਜ਼ ਹੋਈ, ਜਿਸ ਵਿਚ ਪੰਜਾਬ ਦੀ ਅਵਾਮ ਨੇ 117 ਦੇ ਵਿੱਚੋਂ 92 ਸੀਟਾਂ ਦੇ ਵੱਡੇ ਫ਼ਤਵੇ ਦੇ ਨਾਲ ਨਿਵਾਜ਼ਿਆ। ਆਪ ਸਰਕਾਰ ਦੇ ਕਾਰਜਕਾਲ ਦੌਰਾਨ ਪਹਿਲੀ ਜ਼ਿਮਨੀ ਚੋਣ ਜੁਲਾਈ 2024 ਦੇ ਵਿਚ ਜਲੰਧਰ ਵੈਸਟ ਵਿਖੇ ਹੋਈ, ਜਿਸ ਵਿਚ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੂਰਾਲ ਨੂੰ 37,325 ਵੋਟਾਂ ਨਾਲ ਮਾਤ ਖਾਣੀ ਪਈ।
ਇਸੇ ਤਰ੍ਹਾਂ ਫਿਰ ਨਵੰਬਰ 2024 ਦੌਰਾਨ ਪੰਜਾਬ ਵਿਚ ਚਾਰ ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣ ਹੋਈ, ਜਿਨ੍ਹਾਂ ਵਿੱਚੋਂ ਤਿੰਨ ਸੀਟਾਂ ’ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਅਤੇ ਇਕ ਸੀਟ ਤੋਂ ਕਾਂਗਰਸੀ ਉਮੀਦਵਾਰ ਜੇਤੂ ਰਿਹਾ। ਚੱਬੇਵਾਲ ਤੋਂ ਆਪ ਉਮੀਦਵਾਰ ਇਸ਼ਾਂਕ ਕੁਮਾਰ ਚੱਬੇਵਾਲ, ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ ਜਦਕਿ ਬਰਨਾਲਾ ਸੀਟ ਕਾਂਗਰਸ ਪਾਰਟੀ ਦੇ ਖਾਤੇ ਵਿਚ ਚਲੀ ਗਈ, ਜਿੱਥੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ ਹਰਾਇਆ।
ਸਿਆਸੀ ਮਾਹਿਰਾਂ ਦੇ ਮੁਤਾਬਕ ਇਸ ਵਿਚ ਕੋਈ ਦੋ ਰਾਇ ਨਹੀਂ ਕਿ ਜਿਸ ਪਾਰਟੀ ਦੀ ਸਰਕਾਰ ਹੁੰਦੀ ਐ, ਜ਼ਿਮਨੀ ਚੋਣ ਵਿਚ ਉਸੇ ਪਾਰਟੀ ਦਾ ਉਮੀਦਵਾਰ ਜਿੱਤਦਾ ਏ। ਪਿਛਲੀਆਂ ਸਰਕਾਰਾਂ ਸਮੇਂ ਹੋਈਆਂ ਜ਼ਿਮਨੀ ਚੋਣਾਂ ਦੇ ਅੰਕੜੇ ਵੀ ਇਹੀ ਕੁੱਝ ਬਿਆਨ ਕਰ ਰਹੇ ਨੇ।
ਖ਼ੈਰ,,, ਲੁਧਿਆਣਾ ਦੀ ਇਸ ਜ਼ਿਮਨੀ ਚੋਣ ਲਈ 19 ਜੂਨ ਨੂੰ ਵੋਟਿੰਗ ਹੋਵੇਗੀ ਪਰ ਲੁਧਿਆਣਾ ਪੱਛਮੀ ਦੀ ਜਨਤਾ ਕਿਸ ਉਮੀਦਵਾਰ ਦੇ ਸਿਰ ਜਿੱਤ ਦਾ ਸਿਹਰਾ ਸਜਾਏਗੀ, ਇਸ ਦਾ ਪਤਾ 23 ਜੂਨ ਨੂੰ ਚੋਣ ਨਤੀਜੇ ਤੋਂ ਬਾਅਦ ਹੀ ਚੱਲੇਗਾ।
ਸੋ ਤੁਹਾਡੇ ਮੁਤਾਬਕ ਕਿਸ ਪਾਰਟੀ ਦੀ ਜਿੱਤ ਹੋਵੇਗੀ, ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ


