ਵਡੋਦਰਾ ਕ੍ਰਾਈਮ ਬ੍ਰਾਂਚ ਨੇ ਯੋਗਾ ਵਾਲੀ ਕੁੜੀ ਨੂੰ ਦਿੱਤੀ ਸੁਰੱਖਿਆ
ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਅੰਦਰ ਯੋਗਾ ਆਸਣ ਕਰਕੇ ਤਸਵੀਰਾਂ ਵਾਇਰਲ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ ਨੂੰ ਗੁਜਰਾਤ ਦੀ ਵਡੋਦਰਾ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਐ...
By : Makhan shah
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਅੰਦਰ ਯੋਗਾ ਆਸਣ ਕਰਕੇ ਤਸਵੀਰਾਂ ਵਾਇਰਲ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ ਦੇ ਖ਼ਿਲਾਫ਼ ਜਿੱਥੇ ਇਕ ਪਾਸੇ ਅੰਮ੍ਰਿਤਸਰ ਦੀ ਪੁਲਿਸ ਨੇ 295 ਤਹਿਤ ਪਰਚਾ ਦਰਜ ਕਰ ਲਿਆ ਏ, ਉਥੇ ਹੀ ਦੂਜੇ ਪਾਸੇ ਅਰਚਨਾ ਨੂੰ ਗੁਜਰਾਤ ਦੀ ਵਡੋਦਰਾ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਐ। ਇਹ ਜਾਣਕਾਰੀ ਖ਼ੁਦ ਯੂਟਿਊਬਰ ਕੁੜੀ ਅਰਚਨਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਦਿੱਤੀ ਗਈ।
ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਚਨਾ ਮਕਵਾਨਾ ਨਾਂਅ ਦੀ ਯੂ ਟਿਊਬਰ ਵੱਲੋਂ ਯੋਗਾ ਆਸਣ ਕਰਕੇ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ’ਤੇ ਸਖ਼ਤ ਐਕਸ਼ਨ ਲੈਂਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿੱਥੇ ਅੱਜ ਪੁਲਿਸ ਨੇ ਉਸ ਦੇ ਖ਼ਿਲਾਫ਼ ਧਾਰਾ 295 ਏ ਤਹਿਤ ਮਾਮਲਾ ਦਰਜ ਕਰ ਲਿਆ, ਪਰ ਉਧਰ ਦੂਜੇ ਪਾਸੇ ਅਰਚਨਾ ਨੂੰ ਵਡੋਦਰਾ ਕ੍ਰਾਈਮ ਬ੍ਰਾਂਚ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਐ ਕਿਉਂਕਿ ਲੜਕੀ ਦਾ ਕਹਿਣਾ ਸੀ ਕਿ ਇਸ ਵੀਡੀਓ ਤੋਂ ਬਾਅਦ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਸੁਰੱਖਿਆ ਮਿਲਣ ਦੀ ਗੱਲ ਖ਼ੁਦ ਅਰਚਨਾ ਮਕਵਾਨਾ ਵੱਲੋਂ ਵੀਡੀਓ ਜਾਰੀ ਕਰਕੇ ਦਿੱਤੀ ਗਈ, ਜਿਸ ਵਿਚ ਉਹ ਸੁਰੱਖਿਆ ਮਿਲਣ ’ਤੇ ਵਡੋਦਰਾ ਕ੍ਰਾਈਮ ਬ੍ਰਾਂਚ ਦਾ ਧੰਨਵਾਦ ਕਰਦੀ ਦਿਖਾਈ ਦੇ ਰਹੀ ਐ।
ਉਧਰ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ਨੂੰ ਲੈਕੇ ਡਿਊਟੀ ’ਤੇ ਤਾਇਨਾਤ ਤਿੰਨ ਮੁਲਾਜ਼ਮਾਂ ਵਿਚੋਂ ਦੋ ਨੂੰ ਮੁਢਲੇ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਏ ਅਤੇ ਆਰਜ਼ੀ ਮੁਲਾਜ਼ਮ ਨੂੰ 50 ਹਜ਼ਾਰ ਰੁਪਏ ਜੁਰਮਾਨਾ ਕਰਦਿਆਂ ਉਸ ਦਾ ਤਬਾਦਲਾ ਗੁਰਦੁਆਰਾ ਗੜ੍ਹੀ ਸਾਹਿਬ ਗੁਰਦਾਸ ਨੰਗਲ ਵਿਖੇ ਕਰ ਦਿੱਤਾ ਗਿਆ ਏ,, ਪਰ ਹੁਣ ਦੇਖਣਾ ਹੋਵੇਗਾ ਕਿ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਯੋਗਾ ਆਸਣ ਕਰਨ ਵਾਲੀ ਕੁੜੀ ਨੂੰ ਕਦੋਂ ਗ੍ਰਿਫ਼ਤਾਰ ਕੀਤਾ ਜਾਵੇਗਾ।