ਦੋ ਛੋਟੇ ਬੱਚਿਆਂ ਨੇ ਮਾਊਂਟ ਐਵਰੈਸਟ ਬੇਸ ਕੈਂਪ ਕੀਤਾ ਫਤਿਹ
ਹਰਿਆਣੇ ਵਿਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਜਿੱਥੇ ਸੈਣੀ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ, ਉਥੇ ਹੀ ਪੰਚਕੂਲਾ ਦੇ ਰਹਿਣ ਵਾਲੇ ਦੋ ਬੱਚਿਆਂ 8 ਸਾਲਾ ਆਰੀਅਨ ਅਤੇ 9 ਸਾਲਾਂ ਦੀ ਇਨਾਇਆ ਵੱਲੋਂ ਇਸ ਮੁਹਿੰਮ ਵਿਚ ਅਨੋਖੇ ਤਰੀਕੇ ਨਾਲ ਆਪਣਾ ਯੋਗਦਾਨ ਪਾਇਆ ਗਿਆ।

ਚੰਡੀਗੜ੍ਹ : ਹਰਿਆਣੇ ਵਿਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਜਿੱਥੇ ਸੈਣੀ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ, ਉਥੇ ਹੀ ਪੰਚਕੂਲਾ ਦੇ ਰਹਿਣ ਵਾਲੇ ਦੋ ਬੱਚਿਆਂ 8 ਸਾਲਾ ਆਰੀਅਨ ਅਤੇ 9 ਸਾਲਾਂ ਦੀ ਇਨਾਇਆ ਵੱਲੋਂ ਇਸ ਮੁਹਿੰਮ ਵਿਚ ਅਨੋਖੇ ਤਰੀਕੇ ਨਾਲ ਆਪਣਾ ਯੋਗਦਾਨ ਪਾਇਆ ਗਿਆ। ਦਰਅਸਲ ਇਨ੍ਹਾਂ ਬੱਚਿਆਂ ਵੱਲੋਂ ਹਰਿਆਣੇ ਦੇ ਯੂਥ ਨੂੰ ਪ੍ਰੇਰਿਤ ਕਰਨ ਲਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਮਾਊਂਟ ਐਵਰੈਸਟ ਦੇ ਬੇਸ ਕੈਂਪ ਨੂੰ ਫਤਿਹ ਕੀਤਾ ਗਿਆ।
ਪੰਚਕੂਲਾ ਦੇ 8 ਸਾਲਾ ਆਰੀਅਨ ਅਤੇ 9 ਸਾਲਾਂ ਦੀ ਇਨਾਇਆ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦੇ ਹੋਏ ਮਾਊਂਟ ਐਵਰੈਸਟ ਦੇ ਬੇਸ ਕੈਂਪ ਨੂੰ ਫਤਿਹ ਕੀਤਾ ਗਿਆ। ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਇਨ੍ਹਾਂ ਬੱਚਿਆਂ ਨੂੰ 29 ਅਪ੍ਰੈਲ ਵਾਲੇ ਦਿਨ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਸੀ। ਮਾਊਂਟ ਐਵਰੈਸਟ ਬੇਸ ਕੈਂਪ ਫਤਿਹ ਕਰਨ ਵਾਲਾ 8 ਸਾਲਾ ਆਰੀਅਨ ਹਰਿਆਣਾ ਦੀ ਡੀਐਸਪੀ (ਲਾਅ ਐਂਡ ਆਰਡਰ) ਮਮਤਾ ਸੌਦਾ ਦਾ ਬੇਟਾ ਏ, ਜਦਕਿ ਇਨਾਇਆ ਉਨ੍ਹਾਂ ਦੀ ਭਤੀਜੀ ਐ। ਦਰਅਸਲ ਡੀਐਸਪੀ ਮਮਤਾ ਸੌਦਾ ਖ਼ੁਦ ਮਾਊਂਟ ਐਵਰੈਸਟ ਫ਼ਤਿਹ ਕਰ ਚੁੱਕੀ ਐ, ਇਸੇ ਕਰਕੇ ਉਨ੍ਹਾਂ ਦੇ ਬੱਚਿਆਂ ਵਿਚ ਵੀ ਇਹ ਜਜ਼ਬਾ ਪੂਰੀ ਤਰ੍ਹਾਂ ਭਰਿਆ ਹੋਇਆ ਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਰੀਅਨ ਅਤੇ ਉਨ੍ਹਾਂ ਦੀ ਮੰਮੀ ਮਮਤਾ ਸੌਦਾ ਨੇ ਆਖਿਆ ਕਿ ਉਨ੍ਹਾਂ ਵੱਲੋਂ ਇਹ ਯਾਤਰਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕੀਤੀ ਗਈ ਸੀ, ਜਿਸ ਦਾ ਨੌਜਵਾਨ ਪੀੜ੍ਹੀ ਵਿਚ ਵੱਡਾ ਸੰਦੇਸ਼ ਜਾਵੇਗਾ।
ਇਸ ਯਾਤਰਾ ਦੌਰਾਨ ਦੋਵੇਂ ਬੱਚਿਆਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਦ੍ਰਿੜ੍ਹ ਜ਼ਜ਼ਬਾ ਦਿਖਾਉਂਦਿਆਂ ਹੌਂਸਲਾ ਬਣਾ ਕੇ ਰੱਖਿਆ ਅਤੇ ਹਰ ਚੁਣੌਤੀ ਨੂੰ ਪਾਰ ਕਰਦਿਆਂ ਫਤਿਹ ਹਾਸਲ ਕੀਤੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ 8 ਸਾਲਾ ਆਰੀਅਨ ਚਾਰ ਉਚੀਆਂ ਚੋਟੀਆਂ ਫਤਿਹ ਕਰ ਚੁੱਕਿਆ ਏ, ਜਿਨ੍ਹਾਂ ਵਿਚ 4813 ਫੁੱਟ ਉਚੀ ਕਰੋਹ ਪੀਕ ਚੋਟੀ, 11965 ਫੁੱਟ ਉਚੀ ਚੂੜਧਾਰ ਚੋਟੀ, 14100 ਫੁੱਟ ਉਚੀ ਮਨਾਲੀ ਦੀ ਭ੍ਰਿਗ ਲੇਕ ਦਾ ਨਾਮ ਸ਼ਾਮਲ ਐ।