ਲਖਬੀਰ ਲੰਡਾ ਗਰੁੱਪ ਦੇ ਦੋ ਸਾਥੀ ਗ੍ਰਿਫਤਾਰ, ਭਾਰੀ ਮਾਤਰਾ ’ਚ ਅਸਲਾ ਬਰਾਮਦ: ਡੀਜੀਪੀ
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ 'ਚ ਐੱਫਆਈਆਰ ਦਰਜ ਕੀਤੀ ਗਈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਮੱਧ ਪ੍ਰਦੇਸ਼ ਤੋਂ ਚੱਲ ਰਹੀ ਨਾਜਾਇਜ਼ ਹਥਿਆਰ ਤਸਕਰੀ ਨੂੰ ਖ਼ਤਮ ਕਰਨ ਲਈ ਬੈਕਵਰਡ ਤੇ ਫਾਰਵਰਡ ਲਿੰਕ ਸਥਾਪਿਤ ਕਰਨ ਲਈ ਜਾਂਚ ਜਾਰੀ ਹੈ।
By : Dr. Pardeep singh
ਚੰਡੀਗੜ੍ਹ: ਪੰਜਾਬ ਪੁਲਿਸ ਨੇ ਲਖਬੀਰ ਲੰਡਾ ਗਰੁੱਪ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਪਾਸੋਂ ਭਾਰੀ ਅਸਲਾ ਬਰਾਮਦ ਕੀਤਾ ਹੈ। ਇਹ ਪ੍ਰਗਟਾਵਾ ਡੀਜੀਪੀ ਗੌਰਵ ਯਾਦਵ ਨੇ ਕੀਤਾ ਹੈ। ਇਕ ਟਵੀਟ ਵਿਚ ਡੀਜੀਪੀ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਨੇ ਲਖਬੀਰ ਲੰਡਾ ਗਰੁੱਪ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਪਾਸੋਂ ਅਸਲਾ ਬਰਾਮਦ ਕੀਤਾ ਹੈ।
ਇਸ ਮਾਮਲੇ ਵਿਚ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਅੰਮ੍ਰਿਤਸਰ ਵਿਚ ਐਫ ਆਈ ਆਰ ਦਰਜ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਨਜਾਇਜ਼ ਹਥਿਆਰ ਸਮਗਲਿੰਗ ਦਾ ਗੋਰਖ ਧੰਦਾ ਮੱਧ ਪ੍ਰਦੇਸ਼ ਤੋਂ ਚਲਾਇਆ ਜਾ ਰਿਹਾ ਹੈ ਜਿਸਨੂੰ ਨਕੇਲ ਪਾਉਣ ਲਈ ਪੰਜਾਬ ਪੁਲਿਸ ਦੇ ਯਤਨ ਜਾਰੀ ਹਨ। ਉਹਨਾਂ ਕਿਹਾ ਕਿ ਯੋਜਨਾਬੱਧ ਅਪਰਾਧ ਤੇ ਗੈਰ ਕਾਨੂੰਨੀ ਹਥਿਆਰ ਸਪਲਾਈ ਵਿਚ ਜੁਟੇ ਸਾਰੇ ਅਨਸਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।ਕੇਂਦਰੀ ਖੁਫੀਆ ਏਜੰਸੀ ਐੱਸ.ਐੱਸ.ਓ.ਸੀ ਵੱਲੋਂ ਮਿਲੀ ਸੂਚਨਾ ਦੇ ਆਧਾਰ 'ਤੇ ਅੰਮ੍ਰਿਤਸਰ 'ਚ ਨਾਕਾਬੰਦੀ ਦਾ ਜਾਲ ਵਿਛਾ ਕੇ ਮੁਲਜ਼ਮਾਂ ਨੂੰ ਐਤਵਾਰ ਰਾਤ ਨੂੰ ਰੇਲਵੇ ਸਟੇਸ਼ਨ ਤੋਂ ਨਿਕਾਸ ਨੇੜਿਓਂ ਕਾਬੂ ਕੀਤਾ ਗਿਆ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਜੇਲ੍ਹ ਵਿੱਚ ਬੈਠੇ ਗੈਂਗਸਟਰਾਂ ਦੇ ਹੁਕਮਾਂ ’ਤੇ ਹਥਿਆਰਾਂ ਦੀ ਖੇਪ ਸਪਲਾਈ ਕਰਨ ਲਈ ਅੰਮ੍ਰਿਤਸਰ ਆਏ ਸਨ। ਇਨ੍ਹਾਂ ਸਮੱਗਲਰਾਂ ਦੇ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਨਾਲ ਵੀ ਸਬੰਧ ਹਨ।