ਟਾਪਰ ਵਿਦਿਆਰਥੀਆਂ ਨੇ "ਏਕ ਦਿਨ ਡੀਸੀ / ਐਸਐਸਪੀ ਸੰਗ" ਪ੍ਰੋਗਰਾਮ 'ਚ ਲਿਆ ਹਿੱਸਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪਹਿਲਕਦਮੀ ਹੇਠ "ਏਕ ਦਿਨ ਡੀ.ਸੀ./ਐਸ.ਐਸ.ਪੀ. ਕੇ ਸੰਗ", ਮੋਗਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 10ਵੀਂ ਅਤੇ 12ਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਨੂੰ ਅੱਜ ਪ੍ਰਸ਼ਾਸਕੀ ਕੰਮ ਤੋਂ ਜਾਣੂ ਹੋਣ ਦਾ ਮੌਕਾ ਮਿਲਿਆ।

ਮੋਗਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪਹਿਲਕਦਮੀ ਹੇਠ "ਏਕ ਦਿਨ ਡੀ.ਸੀ./ਐਸ.ਐਸ.ਪੀ. ਕੇ ਸੰਗ", ਮੋਗਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 10ਵੀਂ ਅਤੇ 12ਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਨੂੰ ਅੱਜ ਪ੍ਰਸ਼ਾਸਕੀ ਕੰਮ ਤੋਂ ਜਾਣੂ ਹੋਣ ਦਾ ਮੌਕਾ ਮਿਲਿਆ। ਇਸ ਮੌਕੇ ਵਿਦਿਆਰਥੀਆਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਅਤੇ ਐਸ.ਐਸ.ਪੀ. ਸ੍ਰੀ ਅਜੈ ਗਾਂਧੀ ਨਾਲ ਪੂਰਾ ਦਿਨ ਬਿਤਾਇਆ। ਮੋਗਾ ਦੇ ਛੇ ਸਰਕਾਰੀ ਸਕੂਲਾਂ ਦੇ ਟਾਪਰ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਡੀ.ਸੀ. ਤੇ ਐਸ.ਐਸ.ਪੀ. ਦੇ ਕੰਮ, ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕੰਮਕਾਜ, ਅਨੁਸ਼ਾਸਨ ਅਤੇ ਜਨਤਕ ਸੇਵਾ ਨੂੰ ਸਮਝਿਆ।
ਇਸ ਮੌਕੇ ਡੀ.ਸੀ. ਸਾਗਰ ਸੇਤੀਆ ਨੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਦੇ ਹੋਏ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਖ਼ਤ ਮਿਹਨਤ ਅਤੇ ਸਬਰ ਨਾਲ ਇਹ ਮੁਕਾਮ ਕਿਵੇਂ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਇੱਕ ਉੱਚ ਪ੍ਰਸ਼ਾਸਕੀ ਅਹੁਦੇ ਤੱਕ ਪਹੁੰਚਣ ਲਈ ਸਪੱਸ਼ਟ ਸੋਚ, ਸੇਵਾ ਦੀ ਭਾਵਨਾ ਅਤੇ ਨਿਰੰਤਰ ਯਤਨ ਜ਼ਰੂਰੀ ਹਨ।
ਇਸ ਮੌਕੇ ਐਸ.ਐਸ.ਪੀ. ਅਜੇ ਗਾਂਧੀ ਨੇ ਯੂ.ਪੀ.ਐਸ.ਸੀ. ਪ੍ਰੀਖਿਆ ਦੀ ਤਿਆਰੀ ਅਤੇ ਆਪਣੇ ਕਰੀਅਰ ਸਫ਼ਰ ਬਾਰੇ ਵਿਦਿਆਰਥੀਆਂ ਨੂੰ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਦਿਲ ਦੀ ਗੱਲ ਸੁਣਨ ਅਤੇ ਆਪਣੀ ਦਿਲਚਸਪੀ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਉਣ। ਉਨ੍ਹਾਂ ਕਿਹਾ ਕਿ ਇੱਕ ਵਿਦਿਆਰਥੀ ਉਸ ਵਿਸ਼ੇ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਾ ਹੈ। ਜਿਸ ਵਿੱਚ ਉਸਦੀ ਦਿਲਚਸਪੀ ਹੁੰਦੀ ਹੈ। ਮਾਪਿਆਂ ਨੂੰ ਵੀ ਆਪਣੇ ਬੱਚਿਆਂ 'ਤੇ ਕਰੀਅਰ ਨੂੰ ਲੈ ਕੇ ਕੋਈ ਦਬਾਅ ਨਹੀਂ ਪਾਉਣਾ ਚਾਹੀਦਾ।
ਇਸ ਪ੍ਰੋਗਰਾਮ ਵਿੱਚ ਮੌਜੂਦ ਵਿਦਿਆਰਥੀਆਂ ਨੇ ਦੱਸਿਆ ਕਿ ਇਹ ਅਨੁਭਵ ਉਨ੍ਹਾਂ ਲਈ ਬਹੁਤ ਵਧੀਆ ਰਿਹਾ। ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ। ਇਸ ਦੌਰਾਨ ਇਕ ਵਿਦਿਆਰਥੀ ਨੇ ਕਿਹਾ ਕਿ ਅੱਜ ਜੋ ਮੈਂ ਡੀਸੀ ਅਤੇ ਐਸ.ਐਸ.ਪੀ ਅਫਸਰਾਂ ਨੂੰ ਮਿਲ ਕੇ ਸਿੱਖਿਆ ਉਹ ਕਿਤਾਬਾਂ ਵਿੱਚ ਸਿੱਖਣ ਨੂੰ ਨਹੀਂ ਮਿਲਦਾ। ਸਾਨੂੰ ਮਾਣ ਹੈ ਕਿ ਸਾਨੂੰ ਇਹ ਮੌਕਾ ਮਿਲਿਆ। ਅਸੀਂ ਭਵਿੱਖ ਵਿੱਚ ਵੀ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਾਂ।