ਝੋਨੇ ਵਿੱਚ ਮੱਧਰੇਪਣ ਦੀ ਸਮੱਸਿਆ ਬਾਰੇ ਸੁਚੇਤ ਰਹਿਣ ਦੀ ਲੋੜ : ਡਾ. ਮੱਖਣ ਸਿੰਘ ਭੁੱਲਰ
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਝੋਨੇ ਵਿੱਚੋਂ ਕੁਝ ਮਧਰੇ ਬੂਟਿਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਪਸਾਰ ਸਿੱਖਿਆ ਪੀਏਯੂ, ਲੁਧਿਆਣਾ ਨੇ ਦੱਸਿਆ ਕਿ ਬੂਟਿਆਂ ਦੇ ਮਧਰੇਪਣ ਦੇ ਕਈ ਕਾਰਣ ਹੋ ਸਕਦੇ ਹਨ।
By : Dr. Pardeep singh
ਸੰਗਰੂਰ: ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਝੋਨੇ ਵਿੱਚੋਂ ਕੁਝ ਮਧਰੇ ਬੂਟਿਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਪਸਾਰ ਸਿੱਖਿਆ ਪੀਏਯੂ, ਲੁਧਿਆਣਾ ਨੇ ਦੱਸਿਆ ਕਿ ਬੂਟਿਆਂ ਦੇ ਮਧਰੇਪਣ ਦੇ ਕਈ ਕਾਰਣ ਹੋ ਸਕਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਇਸ ਬਾਰੇ ਪੂਰੀ ਤਰ੍ਹਾਂ ਸੁਚੇਤ ਹਨ ਅਤੇ ਇਸ ਦੀ ਛਾਣਬੀਣ ਕਰ ਰਹੇ ਹਨ। ਇਸ ਦੌਰਾਨ ਕਈ ਥਾਂਵਾਂ ‘ਤੇ ਜ਼ਿੰਕ ਦੀ ਘਾਟ ਦੇਖਣ ਨੂੰ ਮਿਲੀ ਹੈ ਜੋ ਕਿ ਮਧਰੇਪਣ ਦਾ ਇਕ ਕਾਰਨ ਹੋ ਸਕਦਾ ਹੈ। ਇਸ ਤੋਂ ਇਲਾਵਾ ਬੂਟਿਆਂ ਦਾ ਮਧਰਾ ਰਹਿ ਜਾਣਾ ਝੋਨੇ ਦੇ ਇੱਕ ਨਵੇਂ ਵਿਸ਼ਾਣੂੰ ਰੋਗ ਕਰਕੇ ਵੀ ਹੋ ਸਕਦਾ ਹੈ, ਜੋ ਭਾਰਤ ਵਿੱਚ ਪਹਿਲੀ ਵਾਰ 2022 ਵਿੱਚ ਵੇਖਿਆ ਗਿਆ ਸੀ। ਇਹ ਵਿਸ਼ਾਣੂੰ ਰੋਗ ਝੋਨੇ ਦੇ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਫੈਲ਼ਦਾ ਹੈ ਅਤੇ ਝੋਨੇ ਦੀਆਂ ਮੋਜੂਦਾ ਸਾਰੀਆਂ ਕਿਸਮਾਂ ਉੱਤੇ ਹਮਲਾ ਕਰ ਸਕਦਾ ਹੈ। ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਉਨ੍ਹਾਂ ਦੇ ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ। ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਇੱਕ–ਤਿਹਾਈ ਰਹਿ ਜਾਂਦੀ ਹੈ। ਰੋਗ ਦੇ ਜਿਆਦਾ ਹਮਲੇ ਕਾਰਨ ਕਈ ਵਾਰ ਬੂਟੇ ਮੁਰਝਾ ਕੇ ਸੁੱਕ ਵੀ ਜਾਂਦੇ ਹਨ।
ਇਸ ਸਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਜਿਵੇਂ ਕਿ ਰੋਪੜ, ਮੋਹਾਲ਼ੀ, ਪਟਿਆਲ਼ਾ, ਫਤਿਹਗੜ ਸਾਹਿਬ ਦੇ ਨਾਲ਼ ਲਗਦੇ ਇਲਾਕਿਆਂ ਵਿੱਚੋਂ ਝੋਨੇ ਦੇ ਕਈ ਸੈਂਪਲਾਂ ਵਿੱਚੋਂ ਕੁਝ ਕੁ ਵਿੱਚ ਇਹ ਰੋਗ ਵਾਲ਼ਾ ਵਾਇਰਸ ਪਾਇਆ ਗਿਆ ਹੈ। ਡਾ. ਪੀ. ਐਸ. ਸੰਧੂ, ਮੁਖੀ, ਪੌਦਾ ਰੋਗ ਵਿਭਾਗ ਨੇ ਦੱਸਿਆ ਕਿ ਹਾਲਾਂਕਿ ਅਜੇ ਤੱਕ ਇਹ ਰੋਗ ਸਿਰਫ ਕੂਝ ਕੁ ਖੇਤਾਂ ਵਿੱਚ ਹੀ ਵੇਖਿਆ ਗਿਆ ਹੈ। ਇਹ ਰੋਗ ਰੋਗੀ ਬੂਟਿਆਂ ਤੋਂ ਤੰਦਰੁਸਤ ਬੂਟਿਆਂ ਊੱਪਰ ਚਿੱਟੀ ਪਿੱਠ ਵਾਲ਼ੇ ਟਿੱਡੇ ਰਾਹੀਂ ਫੈਲਦਾ ਹੈ। ਇਸ ਕੀੜੇ ਦੀ ਖੇਤ ਵਿੱਚ ਮੌਜੂਦਗੀ ਬਾਰੇ ਸੁਚੇਤ ਰਹਿਣ ਦੀ ਲੋੜ ਹੈ ਤਾਂ ਕਿ ਇਹ ਬਿਮਾਰੀ ਨੂੰ ਅੱਗੇ ਨਾ ਫੈਲਾਅ ਸਕੇ। ਉਹਨਾਂ ਅੱਗੇ ਦੱਸਿਆ ਕਿ ਕਈ ਥਾਂਵਾਂ ਤੇ ਜ਼ਿੰਕ ਦੀ ਘਾਟ ਹੈ ਉਥੇ ਇਸ ਤੱਤ ਦੀ ਪੂਰਤੀ ਕੀਤੀ ਜਾਵੇ। ਕਿਸਾਨ ਮਧਰੇਪਣ ਵਾਲ਼ੀ ਸੰਭਾਵਿਤ ਬਿਮਾਰੀ ਬਾਰੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਪੀਏਯੂ ਨੂੰ ਸੂਚਿਤ ਕਰ ਸਕਦੇ ਹਨ। ਬਿਮਾਰੀ ਵਾਲ਼ੇ ਬੂਟਿਆਂ ਨੂੰ ਪੁੱਟ ਕੇ ਖੇਤ ਵਿੱਚ ਡੂੰਘਾ ਦੱਬ ਦੇਣਾ ਚਾਹੀਦਾ ਹੈ। ਡਾ. ਕੇ. ਐਸ. ਸੂਰੀ, ਪ੍ਰਮੁੱਖ ਕੀਟ ਵਿਗੀਆਨੀ, ਪੀਏਯੂ ਨੇ ਜਾਣਕਾਰੀ ਦਿੱਤੀ ਕਿ ਖੇਤ ਵਿੱਚ ਇਸ ਰੋਗ ਨੂੰ ਫੈਲਾਉਣ ਵਾਲੇ ਕੀੜੇ (ਚਿੱਟੀ ਪਿੱਠ ਵਾਲੇ ਟਿੱਡੇ) ਦੀ ਸੁਚੱਜੀ ਰੋਕਥਾਮ ਲਈ ਝੋਨੇ ਦੀ ਫਸਲ ਦਾ ਸਮੇਂ-ਸਮੇਂ ਸਿਰ ਨਿਰੀਖਣ ਕਰਦੇ ਰਹੋ। ਟਿੱਡੇ ਦੀ ਆਮਦ ਵੇਖਣ ਲਈ ਰਾਤ ਨੂੰ ਖੇਤ ਨੇੜ੍ਹੇ ਬਲਬ ਜਗਾ ਕੇ ਰੱਖੋ। ਜੇਕਰ ਟਿੱਡੇ ਦੀ ਆਮਦ ਨਜ਼ਰ ਆਉਂਦੀ ਹੈ ਤਾਂ ਕਿਸੇ ਵੀ ਕੀਟਨਾਸ਼ਕ ਜਿਵੇਂ ਕਿ 94 ਮਿ.ਲਿ. ਪੈਕਸਾਲੋਨ 10 ਐਸ ਸੀ ਜਾਂ 60 ਗ੍ਰਾਮ ਉਲਾਲਾ 50 ਡਬਲਯੂ ਜੀ ਜਾਂ 80 ਗ੍ਰਾਮ ਓਸ਼ੀਨ/ਟੋਕਨ/ਡੋਮਿਨੇਂਟ 20 ਐਸ ਜੀ ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ ਜਾਂ 400 ਮਿ.ਲਿ. ਆਰਕੈਸਟਰਾ 10 ਐਸ ਸੀ ਜਾਂ 300 ਮਿ.ਲਿ. ਇਮੇਜਿਨ 10 ਐਸ ਸੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ਼ 100 ਲਿਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਦੇ ਮੁੱਢਾਂ ਤੇ ਛਿੜਕਾਅ ਕਰੋ ।ਸੁਚੱਜੀ ਰੋਕਥਾਮ ਵਾਸਤੇ ਪਿੱਠੂ ਪੰਪ ਅਤੇ ਗੋਲ ਨੋਜ਼ਲ ਦਾ ਇਸਤੇਮਾਲ ਕਰੋ।ਕੀਟਨਾਸ਼ਕਾਂ ਦਾ ਸਪਰੇਅ ਸਿਰਫ ਲੋੜ ਮੁਤਾਬਿਕ ਹੀ ਕਰਨਾ ਚਾਹੀਦਾ ਹੈ।