ਅਕਾਲੀ ਦਲ ’ਚ ਰੱਖੜਾ ਪਰਿਵਾਰ ਦੀ ਵੱਡੀ ਅਹਿਮੀਅਤ!
ਮਣੀ ਅਕਾਲੀ ਦਲ ਵਿਚ ਆਏ ਸਿਆਸੀ ਭੂਚਾਲ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਲੋਕ ਸਭਾ ਚੋਣਾਂ ਵਿਚ ਹੋਈ ਕਰਾਰੀ ਹਾਰ ਤੋਂ ਬਾਅਦ ਕਈ ਸੀਨੀਅਰ ਆਗੂਆਂ ਨੇ ਝੂੰਦਾ ਕਮੇਟੀਆਂ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਨੂੰ ਲੈਕੇ ਬਗ਼ਾਵਤ ਸ਼ੁਰੂ ਕੀਤੀ ਹੋਈ ਐ, ਜਦਕਿ ਸੁਖਬੀਰ ਬਾਦਲ ਪਾਰਟੀ ’ਚ ਪੈਦਾ ਹੋਈ ਬਗ਼ਾਵਤ
By : Makhan shah
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵਿਚ ਆਏ ਸਿਆਸੀ ਭੂਚਾਲ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਲੋਕ ਸਭਾ ਚੋਣਾਂ ਵਿਚ ਹੋਈ ਕਰਾਰੀ ਹਾਰ ਤੋਂ ਬਾਅਦ ਕਈ ਸੀਨੀਅਰ ਆਗੂਆਂ ਨੇ ਝੂੰਦਾ ਕਮੇਟੀਆਂ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਨੂੰ ਲੈਕੇ ਬਗ਼ਾਵਤ ਸ਼ੁਰੂ ਕੀਤੀ ਹੋਈ ਐ, ਜਦਕਿ ਸੁਖਬੀਰ ਬਾਦਲ ਪਾਰਟੀ ’ਚ ਪੈਦਾ ਹੋਈ ਬਗ਼ਾਵਤ ਦਾ ਕੋਈ ਹੱਲ ਲੱਭਣ ਦੀ ਬਜਾਏ ਆਪਣੀ ਪ੍ਰਧਾਨਗੀ ਬਚਾਉਣ ਵਿਚ ਲੱਗੇ ਹੋਏ ਨੇ। ਖ਼ਾਸ ਗੱਲ ਇਹ ਐ ਕਿ ਪਾਰਟੀ ਦੇ ਵੱਡੇ ਤੋਂ ਵੱਡੇ ਕੰਮਾਂ ਵਿਚ ਖੜ੍ਹਨ ਵਾਲਾ ਰੱਖੜਾ ਪਰਿਵਾਰ ਵੀ ਬਾਗ਼ੀ ਧੜੇ ਵਿਚ ਸ਼ਾਮਲ ਐ, ਜਿਸ ਨੇ ਹਮੇਸ਼ਾਂ ਤਨ ਮਨ ਅਤੇ ਧਨ ਯਾਨੀ ਹਰੇਕ ਪੱਖੋਂ ਅਕਾਲੀ ਦਲ ਦਾ ਡਟ ਕੇ ਸਾਥ ਦਿੱਤਾ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਰੱਖੜਾ ਪਰਿਵਾਰ ਦੀ ਤਾਕਤ ਅਤੇ ਕਿਵੇਂ ਝੱਲਣਾ ਪੈ ਸਕਦੈ ਸੁਖਬੀਰ ਬਾਦਲ ਨੂੰ ਵੱਡਾ ਨੁਕਸਾਨ?
ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਅਜਿਹੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਕਿ ਉਸ ਦੇ 13 ਵਿਚੋਂ 10 ਉਮੀਦਵਾਰਾਂ ਦੀਆਂ ਜ਼ਮਾਨਤਾਂ ਤੱਕ ਜ਼ਬਤ ਹੋ ਗਈਆਂ। ਇਹ ਅਕਾਲੀ ਦਲ ਦੀ ਹੁਣ ਤੱਕ ਦੀ ਸਭ ਤੋਂ ਮਾੜੀ ਹਾਲਤ ਐ, ਮੌਜੂਦਾ ਸਮੇਂ 103 ਸਾਲ ਪੁਰਾਣੀ ਇਸ ਪਾਰਟੀ ਕੋਲ ਸਿਰਫ਼ ਇਕ ਸਾਂਸਦ ਅਤੇ ਤਿੰਨ ਵਿਧਾਇਕ ਨੇ, ਅਕਾਲੀ ਦਲ ਲਈ 103 ਸਾਲ ਦਾ ਮਤਲਬ ਸਿਰਫ਼ ਇਹੀ ਰਹਿ ਗਿਆ ਏ। ਇਸ ਹਾਰ ਤੋਂ ਬਾਅਦ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਹਾਰ ’ਤੇ ਮੰਥਨ ਕਰਦਿਆਂ ਸੁਖਬੀਰ ਬਾਦਲ ਦੀ ਪ੍ਰਧਾਨਗੀ ’ਤੇ ਸਵਾਲ ਉਠਾ ਦਿੱਤੇ। ਉਂਝ ਸੁਖਬੀਰ ਬਾਦਲ ਦੀ ਪ੍ਰਧਾਨਗੀ ’ਤੇ ਸਵਾਲ ਤਾਂ ਕਾਫ਼ੀ ਸਮੇਂ ਤੋਂ ਉਠਦੇ ਆ ਰਹੇ ਨੇ ਪਰ ਜੋ ਬਵਾਲ ਹੁਣ ਅਕਾਲੀ ਦਲ ਵਿਚ ਮੱਚਿਆ ਹੋਇਆ ਏ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।
ਸੁਖਬੀਰ ਬਾਦਲ ਵਿਰੁੱਧ ਬਗ਼ਾਵਤ ਕਰ ਰਹੇ ਸੀਨੀਅਰ ਆਗੂਆਂ ਦਾ ਕਹਿਣਾ ਏ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਬਹੁਤ ਸਾਰੀਆਂ ਗ਼ਲਤੀਆਂ ਹੋਈਆਂ, ਜਿਸ ਦਾ ਖ਼ਮਿਆਜ਼ਾ ਹੁਣ ਪਾਰਟੀ ਨੂੰ ਭੁਗਤਣਾ ਪੈ ਰਿਹਾ ਏ। ਬਗ਼ਾਵਤ ਕਰਨ ਵਾਲੇ ਆਗੂ ਇਹ ਵੀ ਆਖ ਰਹੇ ਨੇ ਕਿ ਉਨ੍ਹਾਂ ਦੀ ਗ਼ਲਤੀ ਸਿਰਫ਼ ਇੰਨੀ ਐ ਕਿ ਉਹ ਚੁੱਪ ਰਹੇ, ਜਦਕਿ ਉਨ੍ਹਾਂ ਨੂੰ ਬੋਲਣਾ ਚਾਹੀਦਾ ਸੀ। ਇਕ ਜੁਲਾਈ ਨੂੰ ਇਹ ਸਾਰੇ ਆਗੂ ਸ੍ਰੀ ਅਕਾਲ ਤਖ਼ਤ ’ਤੇ ਸਾਹਮਣੇ ਪੇਸ਼ ਹੋਏ ਅਤੇ ਜਥੇਦਾਰ ਸਾਹਿਬ ਕੋਲ ਲਿਖਤੀ ਰੂਪ ਵਿਚ ਆਪਣੀਆਂ ਗ਼ਲਤੀਆਂ ਸਵੀਕਾਰ ਕੀਤੀਆਂ ਅਤੇ ਆਖਿਆ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਸਜ਼ਾ ਲੱਗੇਗੀ, ਉਨ੍ਹਾਂ ਨੂੰ ਮਨਜ਼ੂਰ ਹੋਵੇਗੀ। ਹਾਲਾਂਕਿ ਸੁਖਬੀਰ ਬਾਦਲ ਵੀ ਇਸ ਤੋਂ ਪਹਿਲਾਂ ਜਾਣੇ ਅਣਜਾਣੇ ਵਿਚ ਹੋਈਆਂ ਗ਼ਲਤੀਆਂ ਦੀ ਮੁਆਫ਼ੀ ਮੰਗ ਚੁੱਕੇ ਨੇ।
ਹੁਣ ਜੋ ਅਕਾਲੀ ਲੀਡਰ ਸੁਖਬੀਰ ਬਾਦਲ ਦੀ ਪ੍ਰਧਾਨਗੀ ਵਿਰੁੱਧ ਬਗ਼ਾਵਤ ਕਰ ਰਹੇ ਨੇ, ਉਨ੍ਹਾਂ ਵਿਚ ਬਾਦਲ ਪਰਿਵਾਰ ਦੇ ਖ਼ਾਸਮ ਖ਼ਾਸ ਰਹੇ ਸੁਰਜੀਤ ਸਿੰਘ ਰੱਖੜਾ ਵੀ ਸ਼ਾਮਲ ਨੇ, ਜਿਨ੍ਹਾਂ ਨੂੰ ਕਿਸੇ ਸਮੇਂ ਵੱਡੇ ਬਾਦਲ ਸਾਬ੍ਹ ਖ਼ੁਦ ਸਿਆਸਤ ਵਿਚ ਲੈ ਕੇ ਆਏ ਸੀ। ਖ਼ਾਸ ਗੱਲ ਇਹ ਐ ਕਿ ਰੱਖੜਾ ਪਰਿਵਾਰ ਕੋਈ ਆਮ ਪਰਿਵਾਰ ਨਹੀਂ ਬਲਕਿ ਇਹ ਉਹ ਪਰਿਵਾਰ ਐ ਜੋ ਹਰ ਔਖੇ ਸਮੇਂ ਅਕਾਲੀ ਦਲ ਦੇ ਨਾਲ ਡਟ ਕੇ ਖੜ੍ਹਾ ਹੁੰਦਾ ਆਇਆ ਏ,, ਤਨ ਅਤੇ ਮਨ ਦੇ ਨਾਲ ਨਾਲ ਧਨ ਦੇ ਪੱਖੋਂ ਵੀ ਰੱਖੜਾ ਪਰਿਵਾਰ ਨੇ ਕਦੇ ਅਕਾਲੀ ਦਲ ਨੂੰ ਡਾਂਵਾਂਡੋਲ ਨਹੀਂ ਹੋਣ ਦਿੱਤਾ। ਕਿਸੇ ਸਮਾਜ ਭਲਾਈ ਦੇ ਕੰਮ ਲਈ ਵੱਡੇ ਬਾਦਲ ਸਾਬ੍ਹ ਜੋ ਕੋਈ ਵੀ ਹੁਕਮ ਕਰਦੇ ਸੀ, ਰੱਖੜਾ ਪਰਿਵਾਰ ਉਸ ਤੋਂ ਵਧ ਕੇ ਬਾਦਲ ਸਾਬ੍ਹ ਦੇ ਹੁਕਮਾਂ ’ਤੇ ਫੁੱਲ ਚਾੜ੍ਹਦਾ ਸੀ।
ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਦਾ ਕਹਿਣਾ ਏ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾਂ ਸਮਾਜ ਭਲਾਈ ਦੇ ਕੰਮਾਂ ਵਿਚ ਵਧ ਚੜ੍ਹ ਕੇ ਯੋਗਦਾਨ ਪਾਉਂਦਾ ਆਇਆ ਏ। ਉਨ੍ਹਾਂ ਇਹ ਵੀ ਆਖਿਆ ਕਿ ਸਮਾਜ ਭਲਾਈ ਦੇ ਕੰਮ ਉਨ੍ਹਾਂ ਨੇ ਸਿਆਸਤ ਵਿਚ ਆਉਣ ਤੋਂ ਬਾਅਦ ਜਾਂ ਫਿਰ ਸਿਆਸਤ ਵਿਚ ਆਉਣ ਲਈ ਨਹੀਂ ਕੀਤੇ ਸੀ, ਬਲਕਿ ਸਮਾਜ ਸੇਵਾ ਉਨ੍ਹਾਂ ਦੇ ਖ਼ੂਨ ਵਿਚ ਰਚੀ ਹੋਈ ਐ ਕਿਉਂਕਿ ਉਨ੍ਹਾਂ ਦੇ ਪਿਤਾ ਸਵਰਗੀ ਸਰਦਾਰ ਕਰਤਾਰ ਸਿੰਘ ਧਾਲੀਵਾਲ ਸਮਾਜ ਭਲਾਈ ਦੇ ਕੰਮਾਂ ਵਿਚ ਆਪਣੀ ਸਮਰੱਥਾ ਦੇ ਅਨੁਸਾਰ ਯੋਗਦਾਨ ਪਾਉਣ ਤੋਂ ਪਿੱਛੇ ਨਹੀਂ ਸੀ ਹਟਦੇ, ਅੱਗੋਂ ਉਨ੍ਹਾਂ ਨੇ ਸਾਨੂੰ ਵੀ ਇਹੀ ਸਿੱਖਿਆ ਦਿੱਤੀ।
ਸੁਰਜੀਤ ਸਿੰਘ ਰੱਖੜਾ ਦਾ ਕਹਿਣਾ ਏ ਕਿ ਉਨ੍ਹਾਂ ਦਾ ਸਿਆਸਤ ਵਿਚ ਆਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜ਼ਬਰਦਸਤੀ ਉਨ੍ਹਾਂ ਨੂੰ ਸਿਆਸਤ ਵਿਚ ਲੈ ਕੇ ਆਏ ਸੀ। ਉਨ੍ਹਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਐ, ਵੱਡੇ ਬਾਦਲ ਸਾਬ੍ਹ ਵਿਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਹਲੀਮੀ ਦਾ ਗੁਣ ਮੌਜੂਦ ਸੀ, ਜਦਕਿ ਇਸ ਦੇ ਉਲਟ ਸੁਖਬੀਰ ਬਾਦਲ ਹਰ ਕੰਮ ਵਿਚ ਆਪਣੀ ਮਨਮਰਜ਼ੀ ਕਰਨ ਦੀ ਕੋਸ਼ਿਸ਼ ਕਰਦੇ ਨੇ।
ਦਰਅਸਲ ਸੁਰਜੀਤ ਸਿੰਘ ਰੱਖੜਾ ਹੁਰੀਂ ਤਿੰਨ ਭਰਾ ਨੇ, ਜਿਨ੍ਹਾਂ ਵਿਚ ਉਨ੍ਹਾਂ ਦੇ ਸਭ ਤੋਂ ਵੱਡੇ ਭਰਾ ਦਰਸ਼ਨ ਸਿੰਘ ਧਾਲੀਵਾਲ ਅਮਰੀਕਾ ਵਿਚ ਰਹਿੰਦੇ ਨੇ ਜਦਕਿ ਚਰਨਜੀਤ ਸਿੰਘ ਧਾਲੀਵਾਲ ਪਿੰਡ ਰੱਖੜਾ ਵਿਚ ਹੀ ਰਹਿੰਦੇ ਨੇ। ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਵੱਡੇ ਭਰਾ ਦਰਸ਼ਨ ਸਿੰਘ ਧਾਲੀਵਾਲ ਦਾ ਨਾਮ ਅਮਰੀਕਾ ਦੇ ਵੱਡੇ ਅਰਬਪਤੀਆਂ ਵਿਚ ਸ਼ੁਮਾਰ ਹੁੰਦਾ ਏ। ਦਰਸ਼ਨ ਸਿੰਘ ਧਾਲੀਵਾਲ ਦੀ ਮਜ਼ਬੂਤ ਪੈਂਠ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਏ ਕਿ ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਦੀਆਂ ਪਾਰਟੀਆਂ ਵਿਚ ਵੀ ਬੁਲਾਇਆ ਜਾਂਦਾ ਏ। ਵਿਦੇਸ਼ਾਂ ਵਿਚ ਬੈਠੇ ਜ਼ਿਆਦਾਤਰ ਅਕਾਲੀ ਆਗੂ ਦਰਸ਼ਨ ਸਿੰਘ ਧਾਲੀਵਾਲ ਨਾਲ ਜੁੜੇ ਹੋਏ ਨੇ। ਹਰ ਕੋਈ ਉਨ੍ਹਾਂ ਦਾ ਆਦਰ ਸਤਿਕਾਰ ਕਰਦਾ ਏ ਅਤੇ ਉਨ੍ਹਾਂ ਦੇ ਕਹੇ ’ਤੇ ਫੁੱਲ ਵੀ ਚਾੜ੍ਹਦਾ ਏ।
ਮੌਜੂਦਾ ਸਮੇਂ ਸ਼ਿਕਾਗੋ ਵਿਚ ਹੋਈ ਇਕ ਮੀਟਿੰਗ ਵਿਚ ਵੀ ਸੁਖਬੀਰ ਬਾਦਲ ਦਾ ਵਿਰੋਧ ਹੋਣ ਦੀ ਗੱਲ ਸਾਹਮਣੇ ਆਈ ਐ। ਇਸ ਤੋਂ ਇਲਾਵਾ ਹੋਰਨਾਂ ਦੇਸ਼ਾਂ ਵਿਚ ਅਕਾਲੀ ਦਲ ਨਾਲ ਜੁੜੇ ਐਨਆਰਆਈਜ਼ ਵੀ ਹਰ ਹਾਲਤ ਵਿਚ ਅਕਾਲੀ ਦਲ ਦੀ ਭਲਾਈ ਚਾਹੁੰਦੇ ਨੇ, ਉਨ੍ਹਾਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਏ ਕਿ ਜੇਕਰ ਸੁਖਬੀਰ ਦੇ ਪ੍ਰਧਾਨਗੀ ਛੱਡਣ ਨਾਲ ਸ਼੍ਰੋਮਣੀ ਅਕਾਲੀ ਦਲ ਵਿਚ ਸੁਧਾਰ ਆਉਂਦਾ ਏ ਤਾਂ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਏ। ਫਿਰ ਜਿਸ ਆਗੂ ਦੇ ਨਾਮ ’ਤੇ ਪੰਜਾਬ ਦੇ ਲੋਕਾਂ ਦਾ ਬਹੁਮਤ ਹੋਵੇਗਾ, ਉਸੇ ਨੂੰ ਹੀ ਪ੍ਰਧਾਨਗੀ ਅਹੁਦੇ ਲਈ ਚੁਣਿਆ ਜਾਣਾ ਚਾਹੀਦਾ ਏ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿਆਸੀ ਪਾਰਟੀਆਂ ਨੂੰ ਆਪਣਾ ਕੰਮਕਾਰ ਚਲਾਉਣ ਲਈ ਮੋਟੇ ਫੰਡਾਂ ਦੀ ਲੋੜ ਹੁੰਦੀ ਐ ਜੋ ਜ਼ਿਆਦਾਤਰ ਐਨਆਰਆਈ ਭਰਾਵਾਂ ਤੋਂ ਹਾਸਲ ਹੁੰਦਾ ਏ। ਯਾਨੀ ਕਿ ਐਨਆਰਆਈ ਸਿਆਸੀ ਪਾਰਟੀਆਂ ਦੀ ਬੈਨ ਬੋਨ ਵਜੋਂ ਕੰਮ ਕਰਦੇ ਨੇ ਜੋ ਪਾਰਟੀਆਂ ਨੂੰ ਆਰਥਿਕ ਪੱਖੋਂ ਕਦੇ ਡਿੱਗਣ ਨਹੀਂ ਦਿੰਦੇ ਪਰ ਹੁਣ ਜਦੋਂ ਅਕਾਲੀ ਦਲ ਦੇ ਵੱਡੇ ਆਰਥਿਕ ਥੰਮ੍ਹ ਵਜੋਂ ਕੰਮ ਕਰਨ ਵਾਲਾ ਧਾਲੀਵਾਲ ਪਰਿਵਾਰ ਸੁਖਬੀਰ ਬਾਦਲ ਤੋਂ ਕਿਨਾਰਾ ਕਰ ਚੁੱਕਿਆ ਏ ਤਾਂ ਇਹ ਸੁਖਬੀਰ ਬਾਦਲ ਦੇ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ। ਸਮਾਜ ਸੇਵਾ ਦੇ ਕੰਮਾਂ ਵਿਚ ਬਿਨਾਂ ਕਿਸੇ ਸਵਾਰਥ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਧਾਲੀਵਾਲ ਪਰਿਵਾਰ ਉਸ ਸਮੇਂ ਜ਼ਿਆਦਾ ਚਰਚਾ ਵਿਚ ਆਇਆ ਸੀ ਜਦੋਂ ਦਰਸ਼ਨ ਸਿੰਘ ਧਾਲੀਵਾਲ ਨੇ ਕਿਸਾਨੀ ਅੰਦੋਲਨ ਸਮੇਂ ਦਿੱਲੀ ਵਿਚ ਕਿਸਾਨਾਂ ਦੇ ਲਈ ਪੂਰਾ ਸਾਲ ਭਰ ਕਈ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਲਗਾਇਆ ਅਤੇ ਭਾਰਤ ਸਰਕਾਰ ਨੇ ਦਰਸ਼ਨ ਸਿੰਘ ਧਾਲੀਵਾਲ ਨੂੰ ਕਿਸਾਨਾਂ ਦੀ ਮਦਦ ਕਰਨ ਕਰਕੇ ਦਿੱਲੀ ਏਅਰਪੋਰਟ ਤੋਂ ਵਾਪਸ ਕਰ ਦਿੱਤਾ ਸੀ। ਪਰ ਜਿਵੇਂ ਹੀ ਭਾਰਤ ਸਰਕਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਦਰਸ਼ਨ ਸਿੰਘ ਧਾਲੀਵਾਲ ਨੂੰ ਮਿਲਣ ਲਈ ਦਿੱਲੀ ਬੁਲਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਰਵਾਸੀ ਭਾਰਤੀ ਸਨਮਾਨ ਦੇ ਨਾਲ ਵੀ ਨਿਵਾਜ਼ਿਆ ਗਿਆ। ਇਸ ਤੋਂ ਬਾਅਦ ਦਰਸ਼ਨ ਸਿੰਘ ਧਾਲੀਵਾਲ ਆਪਣੀ ਪਤਨੀ ਸਮੇਤ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਾਰਟੀ ਵਿਚ ਪੁੱਜੇ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ।
ਦਰਅਸਲ ਸਾਰਾ ਪੇਚ ਝੂੰਦਾ ਕਮੇਟੀਆਂ ਦੀਆਂ ਸਿਫ਼ਾਰਸ਼ਾਂ ਨੂੰ ਲੈ ਕੇ ਫਸਿਆ ਹੋਇਆ ਏ, ਜਿਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਸ ਵਿਚ ਪਾਰਟੀ ਦੀ ਬਿਹਤਰੀ ਲਈ ਸੁਖਬੀਰ ਨੂੰ ਪ੍ਰਧਾਨਗੀ ਤੋਂ ਲਾਂਭੇ ਹੋਣ ਦੀ ਗੱਲ ਵੀ ਆਖੀ ਗਈ ਸੀ ਪਰ ਸੁਖਬੀਰ ਨੇ ਇਸ ਦੇ ਉਲਟ ਕੰਮ ਕੀਤਾ, ਯਾਨੀ ਉਨ੍ਹਾਂ ਨੇ ਬਾਕੀ ਕਮੇਟੀ ਭੰਗ ਕਰ ਦਿੱਤੀ ਪਰ ਖ਼ੁਦ ਦਾ ਅਹੁਦਾ ਬਰਕਰਾਰ ਰੱਖਿਆ। ਇਸ ਤੋਂ ਇਲਾਵਾ ਕਮੇਟੀ ਦੀਆਂ ਹੋਰ ਵੀ ਬਹੁਤ ਸਾਰੀਆਂ ਸਿਫ਼ਾਰਸ਼ਾਂ ਨੇ, ਜਿਸ ’ਤੇ ਪਹਿਲਾਂ ਤਾਂ ਬਾਗ਼ੀ ਆਗੂ ਵੀ ਚੁੱਪ ਕਰੇ ਹੋਏ ਸੀ ਪਰ ਹੁਣ ਜਦੋਂ ਪਾਣੀ ਐਨ ਸਿਰ ਤੋਂ ਪਾਰ ਹੋ ਗਿਆ ਤਾਂ ਜਾ ਕੇ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਇਹ ਬਗ਼ਾਵਤੀ ਕਦਮ ਉਠਾਇਆ।
ਰੱਖੜਾ ਪਰਿਵਾਰ ਦੀ ਨਾਰਾਜ਼ਗੀ ਸੁਖਬੀਰ ਬਾਦਲ ਨੂੰ ਕਾਫ਼ੀ ਮਹਿੰਗੀ ਪੈ ਸਕਦੀ ਐ, ਸੁਖਬੀਰ ਬਾਦਲ ਨੂੰ ਇਸ ਗੱਲ ਦਾ ਅਹਿਸਾਸ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਮੌਜੂਦਾ ਸਮੇਂ ਕੋਈ ਚੋਣ ਸਿਰ ’ਤੇ ਨਹੀਂ,, ਪਰ ਜਲਦ ਹੀ ਪੰਚਾਇਤੀ ਚੋਣਾਂ ਹੋਣਗੀਆਂ ਜਾਂ ਫਿਰ ਅਗਲੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਤਾਂ ਸੁਖਬੀਰ ਬਾਦਲ ਨੂੰ ਇਸ ਦਾ ਅਹਿਸਾਸ ਹੋਵੇਗਾ ਕਿ ਉਨ੍ਹਾਂ ਨੇ ਆਪਣੀ ਪ੍ਰਧਾਨਗੀ ਬਚਾ ਕੇ ਕੀ ਕੁੱਝ ਖੱਟਿਆ। ਸੋ ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ, ਸੁਖਬੀਰ ਬਾਦਲ ਨੂੰ ਖ਼ੁਦ ਇਹ ਐਲਾਨ ਕਰਨਾ ਚਾਹੀਦਾ ਏ ਕਿ ਉਹ ਅਕਾਲੀ ਦਲ ਨੂੰ ਬਚਾਉਣ ਪਿੱਛੇ ਪ੍ਰਧਾਨਗੀ ਤਾਂ ਕੀ ਆਪਾ ਵਾਰਨ ਲਈ ਤਿਆਰ ਨੇ,,, ਪਰ ਪਤਾ ਨਹੀਂ ਪੰਥਕ ਪਾਰਟੀ ਦੇ ਆਗੂ ਦੇ ਮੂੰਹੋਂ ਇਹ ਬੋਲ ਕਦੋਂ ਸੁਣਨ ਨੂੰ ਮਿਲਣਗੇ।