ਪੰਜ ਮੈਂਬਰੀ ਕਮੇਟੀ ਨੇ ਫਸਾ ਲਿਆ ਬਾਦਲ ਧੜਾ!
ਪੰਜ ਮੈਂਬਰੀ ਕਮੇਟੀ ਦੇ ਪੱਖ ਵਿਚ ਖੜ੍ਹੇ ਆਗੂਆਂ ਵੱਲੋਂ ਸਾਫ਼ ਤੌਰ ਕਿਹਾ ਜਾ ਰਿਹਾ ਏ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਨਿਗਰਾਨ ਕਮੇਟੀ ਨਹੀਂ ਬਲਕਿ ਭਰਤੀ ਕਮੇਟੀ ਬਣਾਈ ਗਈ ਸੀ, ਜਿਸ ਦੀ ਭਰਤੀ ਨੂੰ ਹੀ ਪੰਥ ਸਹੀ ਭਰਤੀ ਮੰਨੇਗਾ।

ਚੰਡੀਗੜ੍ਹ : ਸੁਖਬੀਰ ਸਿੰਘ ਬਾਦਲ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਫਿਰ ਤੋਂ ਪ੍ਰਧਾਨ ਚੁਣੇ ਜਾ ਚੁੱਕੇ ਨੇ ਪਰ ਉਨ੍ਹਾਂ ਦੀਆਂ ਮੁਸ਼ਕਲਾਂ ਹਾਲੇ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਅਤੇ ਹੋਰ ਵਿਰੋਧੀਆਂ ਵੱਲੋਂ ਉਨ੍ਹਾਂ ਦੀ ਚੋਣ ਨੂੰ ਬੋਗਸ ਅਤੇ ਅਕਾਲ ਤਖ਼ਤ ਸਾਹਿਬ ਦੇ ਖ਼ਿਲਾਫ਼ ਕਰਾਰ ਦਿੱਤਾ ਜਾ ਰਿਹਾ ਏ। ਪੰਜ ਮੈਂਬਰੀ ਕਮੇਟੀ ਦੇ ਪੱਖ ਵਿਚ ਖੜ੍ਹੇ ਆਗੂਆਂ ਵੱਲੋਂ ਸਾਫ਼ ਤੌਰ ਕਿਹਾ ਜਾ ਰਿਹਾ ਏ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਨਿਗਰਾਨ ਕਮੇਟੀ ਨਹੀਂ ਬਲਕਿ ਭਰਤੀ ਕਮੇਟੀ ਬਣਾਈ ਗਈ ਸੀ, ਜਿਸ ਦੀ ਭਰਤੀ ਨੂੰ ਹੀ ਪੰਥ ਸਹੀ ਭਰਤੀ ਮੰਨੇਗਾ। ਇਸ ਮਾਮਲੇ ਨੂੰ ਲੈ ਕੇ ਹੁਣ ਵੱਡਾ ਪੰਥਕ ਭੂਚਾਲ ਖੜ੍ਹਾ ਹੁੰਦਾ ਦਿਖਾਈ ਦੇ ਰਿਹਾ ਏ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਦੇ ਪੱਖ ਵਿਚ ਖੜ੍ਹੇ ਅਕਾਲੀ ਆਗੂਆਂ ਵੱਲੋਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਅਤੇ ਉਨ੍ਹਾਂ ਦੀ ਭਰਤੀ ਨੂੰ ਪੂਰੀ ਤਰ੍ਹਾਂ ਬੋਗਸ ਕਰਾਰ ਦਿੱਤਾ ਜਾ ਰਿਹਾ ਏ। ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਅਕਾਲੀ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਕਿ ਬਾਦਲ ਦਲ ਜੋ ਵਾਰ ਵਾਰ ਇਸ ਕਮੇਟੀ ਨੂੰ ਨਿਗਰਾਨ ਕਮੇਟੀ ਦੱਸ ਰਿਹਾ ਏ, ਉਹ ਗ਼ਲਤ ਐ ਕਿਉਂਕਿ ਅਕਾਲ ਤਖ਼ਤ ਸਾਹਿਬ ਵੱਲੋਂ ਨਿਗਰਾਨ ਕਮੇਟੀ ਨਹੀਂ ਬਲਕਿ ਭਰਤੀ ਕਮੇਟੀ ਬਣਾਈ ਗਈ ਸੀ। ਇਸ ਲਈ ਅਕਾਲੀ ਦਲ ਵੱਲੋਂ ਪ੍ਰਧਾਨ ਕੀਤੀ ਗਈ ਚੋਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਖ਼ਿਲਾਫ਼ ਐ।
ਇਸੇ ਤਰ੍ਹਾਂ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਵੀ ਬਾਦਲ ਦਲ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਆਖਿਆ ਕਿ ਪਹਿਲਾਂ ਤਾਂ ਬਾਦਲ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਮਣੇ ਸਾਰੇ ਗੁਨਾਹ ਮੰਨ ਲਏ, ਸਜ਼ਾ ਵੀ ਪੂਰੀ ਕਰ ਲਈ ਪਰ ਬਾਅਦ ਵਿਚ ਮੁੱਕਰ ਗਏ। ਇੱਥੇ ਹੀ ਬਸ ਨਹੀਂ, ਬਦਲੇ ਦੀ ਭਾਵਨਾ ਤਹਿਤ 26 ਦਿਨਾਂ ਦੇ ਅੰਦਰ-ਅੰਦਰ ਤਿੰਨੇ ਜਥੇਦਾਰਾਂ ਨੂੰ ਹਟਾ ਕੇ ਘਰੇ ਬਿਠਾ ਦਿੱਤਾ, ਪਰ ਪੰਥ ਸਾਰਾ ਕੁੱਝ ਦੇਖ ਰਿਹਾ ਏ।
ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਆਲੀ ਦਾ ਕਹਿਣਾ ਏ ਕਿ ਦੋ ਮੈਂਬਰਾਂ ਦੇ ਅਸਤੀਫ਼ੇ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਕਰਨ ਦੇ ਆਦੇਸ਼ ਦਿੱਤੇ ਸੀ, ਜਿਸ ਤੋਂ ਬਾਅਦ ਇਹ ਭਰਤੀ ਸ਼ੁਰੂ ਕੀਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ 16 ਲੱਖ ਦੇ ਕਰੀਬ ਭਰਤੀ ਹੋ ਚੁੱਕੀ ਐ ਅਤੇ ਹੋਰ ਕੀਤੀ ਜਾ ਰਹੀ ਐ।
ਹੁਣ ਜ਼ਰ੍ਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਉਹ ਆਦੇਸ਼ ਵੀ ਸੁਣਾ ਦੇਨੇ ਆਂ, ਜਿਸ ਵਿਚ ਨਿਗਰਾਨ ਸ਼ਬਦ ਕਿਤੇ ਨਹੀਂ ਵਰਤਿਆ ਗਿਆ, ਬਲਕਿ ਭਰਤੀ ਕਮੇਟੀ ਹੀ ਕਿਹਾ ਗਿਆ ਸੀ।
ਦੱਸ ਦਈਏ ਕਿ ਬੇਸ਼ੱਕ ਇਕ ਧੜੇ ਵੱਲੋਂ ਭਰਤੀ ਪ੍ਰਕਿਰਿਆ ਪੂਰੀ ਕਰਕੇ ਆਪਣਾ ਪ੍ਰਧਾਨ ਵੀ ਚੁਣ ਲਿਆ ਗਿਆ ਏ ਪਰ ਦੂਜੇ ਧੜੇ ਦੀ ਭਰਤੀ ਖ਼ਤਮ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਪੰਥ ਕਿਸ ਪਾਸੇ ਖੜ੍ਹਾ ਹੋਇਆ,, ਬਾਦਲ ਦਲ ਵੱਲ ਜਾਂ ਫਿਰ ਅਕਾਲ ਤਖ਼ਤ ਸਾਹਿਬ ਦੇ ਵੱਲ।
ਸੋ ਤੁਹਾਡਾ ਇਸ ਮਾਮਲੇ ਨੂੰ ਲੈਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ