Begin typing your search above and press return to search.

ਪੰਜਾਬ ਭਾਜਪਾ ਦਾ ਬਦਲੇਗਾ ਚਿਹਰਾ ਮੋਹਰਾ, ਦਿਸਣਗੇ ਪੱਗਾਂ ਵਾਲੇ ਚਿਹਰੇ!

ਜਿਹੜਾ ਸੁਪਨਾ ਲੈ ਕੇ ਸੁਨੀਲ ਜਾਖੜ ਨੇ ਭਾਜਪਾ ਦਾ ਪੱਲਾ ਫੜਿਆ ਸੀ, ਉਹ ਡਾਂਵਾਂਡੋਲ ਹੁੰਦਾ ਦਿਖਾਈ ਦੇ ਰਿਹਾ ਏ। ਜਾਖੜ ਸਾਬ੍ਹ ਨੇ ਸੋਚਿਆ ਸੀ ਕਿ ਦੇਸ਼ ਭਰ ਵਿਚ ਹਿੰਦੂ ਕਾਰਡ ਖੇਡਣ ਵਾਲੀ ਭਾਜਪਾ ਵਿਚ ਉਹ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਹਿੰਦੂ ਕਾਰਡ ਖੇਡਣ ਵਾਲੀ ਭਾਜਪਾ ਵਿਚ ਵੀ ਉਨ੍ਹਾਂ ਦੇ ਨਾਲ ਕਾਂਗਰਸ ਵਾਲੀ ਹੀ ਹੋਵੇਗੀ।

ਪੰਜਾਬ ਭਾਜਪਾ ਦਾ ਬਦਲੇਗਾ ਚਿਹਰਾ ਮੋਹਰਾ, ਦਿਸਣਗੇ ਪੱਗਾਂ ਵਾਲੇ ਚਿਹਰੇ!
X

Makhan shahBy : Makhan shah

  |  30 Sept 2024 2:37 PM GMT

  • whatsapp
  • Telegram

ਚੰਡੀਗੜ੍ਹ : ਨਾ ਜਾਹ ਬਰਮਾ ਨੂੰ, ਲੇਖ ਜਾਣਗੇ ਨਾਲ਼,,,,, ਇਹ ਬੋਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ’ਤੇ ਪੂਰੀ ਤਰ੍ਹਾਂ ਢੁਕਦੇ ਹੋਏ ਦਿਖਾਈ ਦੇ ਰਹੀ ਐ ਕਿਉਂਕਿ ਜਿਹੜਾ ਸੁਪਨਾ ਲੈ ਕੇ ਸੁਨੀਲ ਜਾਖੜ ਨੇ ਭਾਜਪਾ ਦਾ ਪੱਲਾ ਫੜਿਆ ਸੀ, ਉਹ ਡਾਂਵਾਂਡੋਲ ਹੁੰਦਾ ਦਿਖਾਈ ਦੇ ਰਿਹਾ ਏ। ਜਾਖੜ ਸਾਬ੍ਹ ਨੇ ਸੋਚਿਆ ਸੀ ਕਿ ਦੇਸ਼ ਭਰ ਵਿਚ ਹਿੰਦੂ ਕਾਰਡ ਖੇਡਣ ਵਾਲੀ ਭਾਜਪਾ ਵਿਚ ਉਹ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਹਿੰਦੂ ਕਾਰਡ ਖੇਡਣ ਵਾਲੀ ਭਾਜਪਾ ਵਿਚ ਵੀ ਉਨ੍ਹਾਂ ਦੇ ਨਾਲ ਕਾਂਗਰਸ ਵਾਲੀ ਹੀ ਹੋਵੇਗੀ। ਦਰਅਸਲ ਭਾਜਪਾ ਵੱਲੋਂ ਹੁਣ ਅਗਲੀ ਵਾਰ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਲਈ ਅਜਿਹੀ ਯੋਜਨਾ ਬਣਾਈ ਜਾ ਰਹੀ ਐ ਕਿ ਜਲਦ ਹੀ ਭਾਜਪਾ ਵਿਚ ਪੱਗਾਂ ਵਾਲੇ ਆਗੂ ਹੀ ਦਿਖਾਈ ਦੇਣਗੇ। ਯਾਨੀ ਕਿ ਪੰਜਾਬ ਵਿਚ ਭਾਜਪਾ ਦਾ ਚਿਹਰਾ ਮੋਹਰਾ ਪੂਰੀ ਤਰ੍ਹਾਂ ਬਦਲ ਜਾਵੇਗਾ।

ਮੌਜੂਦਾ ਸਮੇਂ ਪੰਜਾਬ ਭਾਜਪਾ ਦੇ ਅਸਤੀਫ਼ੇ ਦੀਆਂ ਉਡ ਰਹੀਆਂ ਖ਼ਬਰਾਂ ਇਹ ਦਰਸਾ ਰਹੀਆਂ ਨੇ ਕਿ ਪੰਜਾਬ ਭਾਜਪਾ ਵਿਚ ਸਭ ਕੁੱਝ ਠੀਕ ਨਹੀਂ ਚੱਲ ਰਿਹਾ। ਭਾਵੇਂ ਕਿ ਭਾਜਪਾ ਵੱਲੋਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫ਼ੇ ਦੀਆਂ ਖ਼ਬਰਾਂ ਨੂੰ ਇਹ ਕਹਿ ਕੇ ਦਬਾਅ ਦਿੱਤਾ ਗਿਆ ਏ ਕਿ ਇਹ ਮਹਿਜ਼ ਅਫ਼ਵਾਹਾਂ ਨੇ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਧੂੰਆਂ ਉਦੋਂ ਹੀ ਨਿਕਲਦਾ ਏ ਜਦੋਂ ਕਿਤੇ ਅੱਗ ਲੱਗੀ ਹੁੰਦੀ ਐ। ਹਾਲਾਂਕਿ ਭਾਜਪਾ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਅਤੇ ਪੰਜਾਬ ਵਿਚਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਲੈ ਇਸ ਧੁਖਦੀ ਅੱਗ ਨੂੰ ਪਾਣੀ ਪਾ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ,,, ਪਰ ਹੁਣ ਅਜਿਹੀ ਕੋਸ਼ਿਸ਼ ਦਾ ਵੀ ਕੀ ਫ਼ਾਇਦਾ,, ਜਦੋਂ ਧੂੰਆਂ ਕੋਠਿਓਂ ਉੱਚਾ ਪਹੁੰਚ ਗਿਆ ਹੋਵੇ।

ਜਾਣਕਾਰੀ ਇਹ ਮਿਲ ਰਹੀ ਐ ਕਿ ਸੁਨੀਲ ਜਾਖੜ ਨੇ ਦਿੱਲੀ ਵਿਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੂੰ ਮਿਲ ਕੇ ਖ਼ੁਦ ਨੂੰ ਪੰਜਾਬ ਭਾਜਪਾ ਦੀ ਪ੍ਰਧਾਨਗੀ ਤੋਂ ਫ਼ਾਰਗ ਕਰਨ ਦੀ ਅਪੀਲ ਕੀਤੀ ਸੀ ਪਰ ਭਾਜਪਾ ਹਾਈਕਮਾਨ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਅਤੇ ਪੰਜਾਬ ਦੀਆਂ ਪੰਚਾਇਤਾਂ ਚੋਣਾਂ ਦੇ ਚਲਦਿਆਂ ਇਸ ਮਾਮਲੇ ਨੂੰ ਹਾਲੇ ਦੱਬ ਲਿਆ। ਇਹ ਵੀ ਸੁਣਨ ਵਿਚ ਆ ਰਿਹਾ ਏ ਕਿ ਸੁਨੀਲ ਜਾਖੜ ਵੱਲੋਂ ਇਹ ਆਖਿਆ ਸੀ ਕਿ ਉਨ੍ਹਾਂ ਨੂੰ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਸਹਿਯੋਗ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਉਨ੍ਹਾਂ ਦੇ ਲਈ ਹੁਣ ਪ੍ਰਧਾਨਗੀ ਦੇ ਅਹੁਦੇ ’ਤੇ ਰਹਿਣਾ ਸੰਭਵ ਨਹੀਂ।

ਉਂਝ ਦੇਖਿਆ ਜਾਵੇ ਤਾਂ ਜਦੋਂ ਤੋਂ ਸੁਨੀਲ ਜਾਖੜ ਨੂੰ ਭਾਜਪਾ ਨੇ ਪੰਜਾਬ ਦਾ ਪ੍ਰਧਾਨ ਬਣਾਇਆ ਏ, ਉਦੋਂ ਤੋਂ ਹੀ ਪੰਜਾਬ ਦੇ ਜ਼ਿਆਦਾਤਰ ਭਾਜਪਾ ਆਗੂ ਉਨ੍ਹਾਂ ਨੂੰ ਉਪਰੋਂ ਤਾਂ ਪ੍ਰਧਾਨ ਮੰਨਦੇ ਨੇ ਪਰ ਦਿਲੋਂ ਉਨ੍ਹਾਂ ਨੂੰ ਇਕ ਕਾਂਗਰਸੀ ਆਗੂ ਦੀ ਤਰ੍ਹਾਂ ਹੀ ਵੇਖਦੇ ਆ ਰਹੇ ਨੇ,,, ਕਿਉਂਕਿ ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਕਾਂਗਰਸ ਦੇ ਦਿੱਗਜ਼ ਆਗੂਆਂ ਵਿਚੋਂ ਇਕ ਸਨ। ਫਿਰ ਜਿਹੜੇ ਆਗੂਆਂ ਨੇ ਭਾਜਪਾ ਪਿੱਛੇ ਔਖੇ ਤੋਂ ਔਖਾ ਸਮਾਂ ਆਪਣੇ ਪਿੰਡੇ ’ਤੇ ਹੰਢਾਇਆ ਹੋਵੇ, ਉਹ ਕਿਵੇਂ ਦੂਜੀ ਪਾਰਟੀ ਦੇ ਆਗੂ ਦੀ ਚੌਧਰ ਬਰਦਾਸ਼ਤ ਕਰਨਗੇ? ਅਜਿਹਾ ਹੋਣ ਦਾ ਇਕ ਵੱਡਾ ਕਾਰਨ ਇਹ ਵੀ ਐ ਕਿ ਸੁਨੀਲ ਜਾਖੜ ਦੇ ਨਾਲ ਕਈ ਹੋਰ ਕਾਂਗਰਸੀ ਆਗੂ ਵੀ ਭਾਜਪਾ ਵਿਚ ਸ਼ਾਮਲ ਹੋਏ ਸੀ, ਜਿਨ੍ਹਾਂ ਦੇ ਆਉਣ ਨਾਲ ਭਾਜਪਾ ਦੇ ਉਨ੍ਹਾਂ ਆਗੂਆਂ ਦੀ ਅਣਦੇਖੀ ਹੋਈ, ਜੋ ਔਖੇ ਵੇਲਿਆਂ ਵਿਚ ਵੀ ਭਾਜਪਾ ਦੇ ਨਾਲ ਜੁੜੇ ਰਹੇ। ਕਈਆਂ ਨੇ ਤਾਂ ਆਪਣੇ ਕੱਪੜੇ ਤੱਕ ਪੜਵਾ ਲਏ ਸੀ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਸੁਨੀਲ ਜਾਖੜ ਇਕ ਸਰਬ ਪ੍ਰਮਾਣਤ ਆਗੂ ਦੀ ਤਰ੍ਹਾਂ ਵਿਚਰਦੇ ਰਹੇ ਨੇ, ਉਨ੍ਹਾਂ ਨੂੰ ਨਿਰਪੱਖ ਆਗੂ ਦੀ ਤਰ੍ਹਾਂ ਦੇਖਿਆ ਜਾਂਦਾ ਰਿਹਾ ਕਿਉਂਕਿ ਉਨ੍ਹਾਂ ਨੇ ਹਿੰਦੂ ਨੇਤਾ ਹੋਣ ਦੇ ਬਾਵਜੂਦ ਕਦੇ ਕੱਟੜ ਬਿਆਨਬਾਜ਼ੀ ਨਹੀਂ ਕੀਤੀ, ਜਿਵੇਂ ਕਿ ਆਮ ਹੀ ਭਾਜਪਾ ਦੇ ਨੇਤਾ ਕਰਦੇ ਰਹਿੰਦੇ ਨੇ। ਸ਼ਾਇਦ ਇਹੀ ਵਜ੍ਹਾ ਸੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਤਾਂ ਸੀਐਮ ਅਹੁਦੇ ਲਈ ਸਭ ਤੋਂ ਪਹਿਲਾ ਨਾਮ ਸੁਨੀਲ ਜਾਖੜ ਦਾ ਹੀ ਸਾਹਮਣੇ ਆਇਆ ਸੀ ਪਰ ਫਿਰ ਪਤਾ ਨਹੀਂ ਅਜਿਹਾ ਕੀ ਹੋਇਆ, ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ।

ਦਰਅਸਲ ਚਰਨਜੀਤ ਚੰਨੀ ਵਿਚ ਸਾਰੇ ਗੁਣ ਮੌਜੂਦ ਸਨ, ਉਹ ਇਕ ਸਿੱਖ ਵੀ ਸਨ ਅਤੇ ਦਲਿਤ ਆਗੂ ਵੀ,,, ਕਾਂਗਰਸ ਇਕ ਤੀਰ ਨਾਲ ਦੋ ਨਿਸ਼ਾਨੇ ਲਾਉਣਾ ਚਾਹੁੰਦੀ ਸੀ। ਮੁੱਖ ਮੰਤਰੀ ਨਾ ਬਣਾਏ ਜਾਣ ’ਤੇ ਉਸ ਸਮੇਂ ਸੁਨੀਲ ਜਾਖੜ ਨੇ ਆਪਣਾ ਦਰਦ ਬਿਆਨਦਿਆਂ ਆਖਿਆ ਸੀ ਕਿ ਕਿਸੇ ਅਹੁਦੇ ਨੂੰ ਜਾਤੀ ਦੇ ਆਧਾਰ ’ਤੇ ਵੰਡਣਾ ਠੀਕ ਨਹੀਂ। ਉਨ੍ਹਾਂ ਸਾਫ਼ ਤੌਰ ’ਤੇ ਆਖ ਦਿੱਤਾ ਸੀ ਕਿ ਉਨ੍ਹਾਂ ਨੂੰ ਹਿੰਦੂ ਚਿਹਰਾ ਹੋਣ ਕਰਕੇ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਸ਼ਾਇਦ ਇਹੀ ਵਜ੍ਹਾ ਰਹੀ ਕਿ ਉਹ ਜਲਦ ਹੀ ਕਾਂਗਰਸ ਪਾਰਟੀ ਛੱਡ ਕੇ ਫਿਰ ਭਾਜਪਾ ਵਿਚ ਸ਼ਾਮਲ ਹੋ ਗਏ ਸੀ।

ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੁਨੀਲ ਜਾਖੜ ਦਾ ਨਵੀਂ ਬਹੂ ਵਾਂਗ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ। ਜਾਖੜ ਸਾਬ੍ਹ ਨੂੰ ਇੰਝ ਲੱਗ ਰਿਹਾ ਸੀ ਕਿ ਭਾਜਪਾ ਵੱਲੋਂ ਮੁੱਖ ਮੰਤਰੀ ਚਿਹਰਾ ਉਹੀ ਹੋਣਗੇ,,, ਪਾਰਟੀ ’ਚ ਆਉਂਦਿਆਂ ਉਨ੍ਹਾਂ ਨੇ ਦੱਬ ਕੇ ਮਿਹਨਤ ਕੀਤੀ,,,,ਉਨ੍ਹਾਂ ਲੋਕਾਂ ’ਤੇ ਤਿੱਖੇ ਤੋਂ ਤਿੱਖੇ ਨਿਸ਼ਾਨੇ ਸਾਧੇ, ਜਿਨ੍ਹਾਂ ਨਾਲ ਕਾਂਗਰਸ ਵਿਚ ਰਹਿੰਦਿਆਂ ਉਹ ਇਕੱਠੇ ਬੈਠ ਕੇ ਚਾਹਾਂ ਪੀਂਦੇ ਸੀ। ਭਾਜਪਾ ਵਿਚ ਜਾਂਦਿਆਂ ਹੀ ਜਾਖੜ ਸਾਬ੍ਹ ਨੂੰ ਸਾਰੇ ‘ਵਿਸ਼’ ਦਿਖਾਈ ਦੇਣ ਲੱਗੇ।

ਭਾਜਪਾ ਵਿਚ ਤਕੜੀ ਛਾਪ ਛੱਡਣ ਦੇ ਚੱਕਰ ਵਿਚ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨਾਲ ਵੀ ਪੰਜਾਬ ਦੀ ਝਾਕੀ ਦੇ ਮੁੱਦੇ ’ਤੇ ਪੰਗਾ ਲੈ ਲਿਆ,,, ਪਰ ਭਗਵੰਤ ਮਾਨ ਨੇ ਅਜਿਹੀ ਵਾਲ ਦੀ ਖੱਲ ਉਤਾਰੀ ਕਿ ਮੁੜ ਜਾਖੜ ਸਾਬ੍ਹ ਕਿਤੇ ਦਿਖਾਈ ਨਹੀਂ ਦਿੱਤੇ,, ਕਿਉਂਕਿ ਸੀਐਮ ਮਾਨ ਨੇ ਤਾਂ ਇਸ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਵੀ ਝੁਕਾਅ ਲਿਆ ਸੀ,, ਫਿਰ ਜਾਖੜ ਕੀ ਚੀਜ਼ ਸੀ? ਚੰਗੀ ਪਕੜ ਤਾਂ ਕੀ ਬਣਨੀ ਸੀ ਸਗੋਂ ਉਨ੍ਹਾਂ ਦੀ ਖਿੱਲੀ ਉਡ ਗਈ। ਹਾਲੇ ਜਾਖੜ ਸਾਬ੍ਹ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਿਆਂ ਸਵਾ ਸਾਲ ਵੀ ਪੂਰਾ ਨਹੀਂ ਹੋਇਆ ਕਿ ਉਨ੍ਹਾਂ ਦਾ ਸਾਰਾ ਚਾਅ ਲੱਥ ਗਿਆ।

ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਭਾਵੇਂ ਇਕ ਸੀਟ ਵੀ ਹਾਸਲ ਨਾ ਹੋਈ ਹੋਵੇ ਪਰ ਭਾਜਪਾ ਆਪਣੇ ਵਧੀ ਵੋਟ ਪ੍ਰਤੀਸ਼ਤਤਾ ਤੋਂ ਕਾਫ਼ੀ ਜ਼ਿਆਦਾ ਉਤਸ਼ਾਹਿਤ ਐ। ਖ਼ਾਸ ਤੌਰ ’ਤੇ ਲੁਧਿਆਣਾ ਦੇ ਕਈ ਹਲਕਿਆਂ ਵਿਚ ਭਾਜਪਾ ਪਹਿਲੇ ਨੰਬਰ ’ਤੇ ਰਹੀ। ਹੋਰ ਵੀ ਕਈ ਹਲਕਿਆਂ ਵਿਚ ਭਾਜਪਾ ਦਾ ਪ੍ਰਦਰਸ਼ਨ ਪਹਿਲਾਂ ਨਾਲੋਂ ਚੰਗਾ ਰਿਹਾ। ਭਾਜਪਾ ਵੱਲੋਂ ਪੂਰੇ ਦਾਅਵੇ ਕੀਤੇ ਜਾ ਰਹੇ ਨੇ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਹੋਵੇਗੀ, ਨਹੀਂ ਤਾਂ ਭਾਜਪਾ ਨੂੰ ਇੰਨੀਆਂ ਸੀਟਾਂ ਮਿਲਣਗੀਆਂ ਕਿ ਉਸ ਤੋਂ ਬਿਨਾਂ ਸਰਕਾਰ ਨਹੀਂ ਬਣੇਗੀ। ਯਕੀਨਨ ਤੌਰ ’ਤੇ ਸੁਨੀਲ ਜਾਖੜ ਲਈ ਇਹ ਚੰਗੀ ਖ਼ਬਰ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਰਵਨੀਤ ਬਿੱਟੂ ਉਸ ਦੀਆਂ ਜੜ੍ਹਾਂ ਵਿਚ ਬੈਠ ਜਾਵੇਗਾ।

ਭਾਜਪਾ ਨੇ ਬਿਨਾਂ ਜਿੱਤੇ ਰਵਨੀਤ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾ ਦਿੱਤਾ। ਇਹ ਵੀ ਸੁਣਨ ਵਿਚ ਆ ਰਿਹਾ ਏ ਕਿ ਪਾਰਟੀ ਵਿਚ ਰਵਨੀਤ ਬਿੱਟੂ ਨੂੰ ਜ਼ਿਆਦਾ ਤਵੱਜੋ ਦਿੱਤੇ ਜਾਣ ਤੋਂ ਵੀ ਸੁਨੀਲ ਜਾਖੜ ਕਾਫ਼ੀ ਪਰੇਸ਼ਾਨ ਨੇ,, ਕਿਉਂਕਿ ਪੰਜਾਬ ਵਿਚ ਵੀ ਇਹੀ ਚਰਚਾ ਚੱਲ ਰਹੀ ਐ ਕਿ ਹੁਣ ਰਵਨੀਤ ਬਿੱਟੂ ਹੀ ਭਾਜਪਾ ਵੱਲੋਂ ਮੁੱਖ ਮੰਤਰੀ ਚਿਹਰਾ ਹੋਣਗੇ। ਹਾਲਾਂਕਿ ਹਾਈ ਕਮਾਨ ਵੱਲੋਂ ਅਜਿਹਾ ਕੁੱਝ ਨਹੀਂ ਆਖਿਆ ਗਿਆ।

ਉਂਝ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਜਪਾ ਵੱਲੋਂ ਰਵਨੀਤ ਬਿੱਟੂ ਨੂੰ ਸਿੱਖ ਚਿਹਰਾ ਹੋਣ ਕਰਕੇ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਐ,,, ਜਿਸ ਨੇ ਸੁਨੀਲ ਜਾਖੜ ਦੀ ਪਰੇਸ਼ਾਨੀ ਵਧਾ ਦਿੱਤੀ। ਸੁਨੀਲ ਜਾਖੜ ਨਾਲ ਤਾਂ ਉਹ ਗੱਲ ਹੋ ਗਈ ਕਿ ‘ਨਾ ਜਾਹ ਬਰਮਾ ਨੂੰ, ਲੇਖ ਜਾਣਗੇ ਨਾਲ਼’,,,, ਸੁਨੀਲ ਜਾਖੜ ਨੇ ਕਾਂਗਰਸ ਇਸ ਕਰਕੇ ਛੱਡੀ ਕਿ ਹਿੰਦੂ ਚਿਹਰਾ ਹੋਣ ਕਰਕੇ ਉਸ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਪਰ ਹੁਣ ਜਾਖੜ ਸਾਬ੍ਹ ਨਾਲ ਭਾਜਪਾ ਵਿਚ ਵੀ ਇਹੀ ਕੁੱਝ ਹੁੰਦਾ ਦਿਖਾਈ ਦੇ ਰਿਹਾ ਏ। ਉਂਝ ਖ਼ਬਰਾਂ ਤਾਂ ਇਹ ਵੀ ਆ ਰਹੀਆਂ ਨੇ ਕਿ ਪੰਚਾਇਤੀ ਚੋਣਾਂ ਤੋਂ ਬਾਅਦ ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਜਾ ਸਕਦਾ ਏ,, ਪਰ ਇਹ ਵੀ ਮੰਨਿਆ ਜਾ ਰਿਹਾ ਏ ਕਿ ਜਾਖੜ ਸਾਬ੍ਹ ਨੂੰ ਵੀ ਪਾਰਟੀ ਦੁਰਕਾਰਨਾ ਨਹੀਂ ਚਾਹੁੰਦੀ, ਇਸ ਕਰਕੇ ਹੋ ਸਕਦਾ ਏ ਕਿ ਉਨ੍ਹਾਂ ਨੂੰ ਕੋਈ ਹੋਰ ਜ਼ਿੰਮੇਵਾਰੀ ਦੇ ਦਿੱਤੀ ਜਾਵੇ।

ਦਰਅਸਲ ਪੰਜਾਬ ਵਿਚ ਭਾਜਪਾ ਦਾ ਚਿਹਰਾ ਮੋਹਰਾ ਪੂਰੀ ਤਰ੍ਹਾਂ ਬਦਲਣ ਜਾ ਰਿਹਾ ਏ। ਦੇਸ਼ ਦੇ ਹੋਰਨਾਂ ਰਾਜਾਂ ਵਿਚ ਰਹਿਣ ਵਾਲੇ ਭਾਜਪਾ ਆਗੂ ਭਾਵੇਂ ਕਿੰਨੇ ਹੀ ਸਿੱਖ ਵਿਰੋਧੀ ਬਿਆਨ ਦਾਗ਼ੀ ਜਾਣ,,, ਪਰ ਆਉਣ ਵਾਲੇ ਸਮੇਂ ਵਿਚ ਪੰਜਾਬ ਭਾਜਪਾ ਦੇ ਆਗੂ ਸਿੱਖ ਮੁੱਦਿਆਂ ਦੀ ਆਵਾਜ਼ ਬੁਲੰਦ ਕਰਦੇ ਦਿਖਾਈ ਦੇਣਗੇ। ਭਾਜਪਾ ਵਿਚ ਸਿਰ ’ਤੇ ਪੱਗਾਂ ਬੰਨ੍ਹਣ ਵਾਲੇ ਆਗੂਆਂ ਦੀ ਗਿਣਤੀ ਪਹਿਲਾਂ ਨਾਲੋਂ ਕਾਫ਼ੀ ਵਧ ਚੁੱਕੀ ਐ ਅਤੇ ਇਹ ਹੋਰ ਵੀ ਜ਼ਿਆਦਾ ਵਧੇਗੀ। 2027 ਦੀਆਂ ਚੋਣਾਂ ਤੱਕ ਪੰਜਾਬ ਦੇ ਲੋਕ ਭਾਜਪਾ ਨੂੰ ਪਛਾਣ ਨਹੀਂ ਸਕਣਗੇ। ਖ਼ਬਰਾਂ ਇਹ ਵੀ ਮਿਲ ਰਹੀਆਂ ਨੇ ਕਿ ਯੋਜਨਾਬੰਦੀ ਇੱਥੋਂ ਤੱਕ ਬਣਾਈ ਹੋਈ ਐ ਕਿ ਸਿੱਖਾਂ ਦੀ ਸਰਵਉਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਭਾਜਪਾ ਦੇ ਮੈਂਬਰ ਦਿਖਾਈ ਦੇਣਗੇ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it