ਕਰਜ਼ੇ ਦੀ ਪੰਡ ਨੇ ਲਈਆਂ ਦੋ ਭਰਾਵਾਂ ਦੀਆਂ ਜ਼ਿੰਦਗੀਆਂ; ਰੇਲਵੇ ਟ੍ਰੈਕ 'ਤੇ ਇਕੱਠੇ ਮੌਤ ਨੂੰ ਗਲੇ ਲਗਾਉਣ ਪਿੱਛੇ ਕੀ ਸੀ ਵੱਡੀ ਵਜ੍ਹਾ?
ਇਹ ਦੁਖਾਂਤ ਇਸ ਲਈ ਵੀ ਵਧੇਰੇ ਦਰਦਨਾਕ ਹੈ ਕਿਉਂਕਿ ਦੋਵੇਂ ਭਰਾਵਾਂ ਦਾ ਵਿਆਹ ਇੱਕੋ ਪਰਿਵਾਰ ਦੀਆਂ ਦੋ ਸੱਚੀਆਂ ਭੈਣਾਂ ਨਾਲ ਹੋਇਆ ਸੀ, ਜੋ ਹੁਣ ਇਕੱਠੀਆਂ ਵਿਧਵਾ ਹੋ ਗਈਆਂ ਹਨ। ਜਸਕਰਨ ਸਿੰਘ ਆਪਣੇ ਪਿੱਛੇ 6 ਸਾਲ ਦੀ ਧੀ ਅਤੇ ਜਸਵਿੰਦਰ ਸਿੰਘ 4 ਸਾਲ

By : Gill
ਫਰੀਦਕੋਟ: 23 ਮਾਰਚ, 2026
ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਨੇੜਲੇ ਪਿੰਡ ਢਾਬਾ ਬ੍ਰਾਹਮਣਵਾਲਾ ਵਿੱਚ ਇੱਕ ਅਜਿਹੀ ਦਿਲ ਕੰਬਾਊ ਘਟਨਾ ਵਾਪਰੀ ਹੈ, ਜਿਸ ਨੇ ਪੂਰੇ ਇਲਾਕੇ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ। ਕਰਜ਼ੇ ਦੇ ਅਸਹਿ ਬੋਝ ਹੇਠ ਦੱਬੇ ਦੋ ਸਕੇ ਕਿਸਾਨ ਭਰਾਵਾਂ ਨੇ ਇੱਕ-ਦੂਜੇ ਦਾ ਹੱਥ ਫੜ ਕੇ ਤੇਜ਼ ਰਫ਼ਤਾਰ ਰੇਲਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾਂ ਦੀ ਪਛਾਣ ਹਰੀਨੌ ਪਿੰਡ ਦੇ ਰਹਿਣ ਵਾਲੇ ਜਸਕਰਨ ਸਿੰਘ (38) ਅਤੇ ਉਸ ਦੇ ਛੋਟੇ ਭਰਾ ਜਸਵਿੰਦਰ ਸਿੰਘ ਉਰਫ਼ ਜ਼ੋਰਾ ਸਿੰਘ (34) ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਭੇਜ ਦਿੱਤਾ ਹੈ।
ਇਸ ਖ਼ੁਦਕੁਸ਼ੀ ਪਿੱਛੇ ਸਭ ਤੋਂ ਵੱਡਾ ਕਾਰਨ ਸਿਰ ਚੜ੍ਹਿਆ ਭਾਰੀ ਕਰਜ਼ਾ ਦੱਸਿਆ ਜਾ ਰਿਹਾ ਹੈ। ਪਰਿਵਾਰਕ ਸੂਤਰਾਂ ਮੁਤਾਬਕ ਇਨ੍ਹਾਂ ਭਰਾਵਾਂ ਸਿਰ ਕਰੀਬ 25 ਲੱਖ ਰੁਪਏ ਦਾ ਕਰਜ਼ਾ ਸੀ, ਜੋ ਵਿਆਜ ਸਮੇਤ ਵਧ ਕੇ 50 ਲੱਖ ਰੁਪਏ ਤੱਕ ਪਹੁੰਚ ਗਿਆ ਸੀ। ਇਸ ਕਰਜ਼ੇ ਨੂੰ ਉਤਾਰਨ ਦੀ ਕੋਸ਼ਿਸ਼ ਵਿੱਚ ਉਨ੍ਹਾਂ ਨੇ ਤਿੰਨ ਮਹੀਨੇ ਪਹਿਲਾਂ ਆਪਣੀ ਜ਼ਮੀਨ ਦਾ ਕੁਝ ਹਿੱਸਾ ਵੀ ਵੇਚ ਦਿੱਤਾ ਸੀ, ਪਰ ਹਾਲਾਤ ਸੁਧਰਨ ਦੀ ਬਜਾਏ ਹੋਰ ਵਿਗੜ ਗਏ। ਨੌਂ ਮਹੀਨੇ ਪਹਿਲਾਂ ਖਰੀਦੇ ਨਵੇਂ ਟਰੈਕਟਰ ਦੀਆਂ ਕਿਸ਼ਤਾਂ ਅਤੇ ਹਾਲ ਹੀ ਵਿੱਚ ਆਲੂ ਦੀ ਫ਼ਸਲ ਦੇ ਬੁਰੀ ਤਰ੍ਹਾਂ ਫੇਲ੍ਹ ਹੋ ਜਾਣ ਕਾਰਨ ਦੋਵੇਂ ਭਰਾ ਡੂੰਘੇ ਮਾਨਸਿਕ ਤਣਾਅ ਵਿੱਚ ਸਨ। ਬੈਂਕਾਂ ਵੱਲੋਂ ਵਾਰ-ਵਾਰ ਆ ਰਹੀਆਂ ਫ਼ੋਨ ਕਾਲਾਂ ਨੇ ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਹੋਰ ਵਧਾ ਦਿੱਤਾ ਸੀ।
ਇਹ ਦੁਖਾਂਤ ਇਸ ਲਈ ਵੀ ਵਧੇਰੇ ਦਰਦਨਾਕ ਹੈ ਕਿਉਂਕਿ ਦੋਵੇਂ ਭਰਾਵਾਂ ਦਾ ਵਿਆਹ ਇੱਕੋ ਪਰਿਵਾਰ ਦੀਆਂ ਦੋ ਸੱਚੀਆਂ ਭੈਣਾਂ ਨਾਲ ਹੋਇਆ ਸੀ, ਜੋ ਹੁਣ ਇਕੱਠੀਆਂ ਵਿਧਵਾ ਹੋ ਗਈਆਂ ਹਨ। ਜਸਕਰਨ ਸਿੰਘ ਆਪਣੇ ਪਿੱਛੇ 6 ਸਾਲ ਦੀ ਧੀ ਅਤੇ ਜਸਵਿੰਦਰ ਸਿੰਘ 4 ਸਾਲ ਦੀ ਮਾਸੂਮ ਧੀ ਛੱਡ ਗਏ ਹਨ। ਅੱਠ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੇ ਇਹ ਦੋਵੇਂ ਭਰਾ ਹਮੇਸ਼ਾ ਇੱਕ-ਦੂਜੇ ਦੇ ਨਾਲ ਰਹਿੰਦੇ ਸਨ ਅਤੇ ਖੇਤੀ ਲਈ ਜ਼ਮੀਨ ਠੇਕੇ 'ਤੇ ਲੈ ਕੇ ਆਪਣਾ ਗੁਜ਼ਾਰਾ ਕਰ ਰਹੇ ਸਨ। ਚਸ਼ਮਦੀਦਾਂ ਮੁਤਾਬਕ ਉਹ ਇਕੱਠੇ ਐਕਟਿਵਾ 'ਤੇ ਸਵਾਰ ਹੋ ਕੇ ਰੇਲਵੇ ਟ੍ਰੈਕ 'ਤੇ ਪਹੁੰਚੇ ਅਤੇ ਛਿੰਦਵਾੜਾ ਐਕਸਪ੍ਰੈਸ ਦੇ ਅੱਗੇ ਇੱਕ-ਦੂਜੇ ਦਾ ਹੱਥ ਫੜ ਕੇ ਮੌਤ ਨੂੰ ਗਲੇ ਲਗਾ ਲਿਆ, ਜਿਸ ਨਾਲ ਹੁਣ ਬਜ਼ੁਰਗ ਮਾਪਿਆਂ ਅਤੇ ਮਾਸੂਮ ਬੱਚਿਆਂ ਦੇ ਸਿਰ ਤੋਂ ਸਾਇਆ ਉੱਠ ਗਿਆ ਹੈ।


