ਇਟਲੀ ਦੇ ਇਸ ਸ਼ਹਿਰ 'ਚ 20-21 ਜੁਲਾਈ ਨੂੰ ਕਰਵਾਇਆ ਜਾਵੇਗਾ 16ਵਾਂ ਫੁੱਟਬਾਲ ਟੂਰਨਾਮੈਂਟ
ਇਟਲੀ ਵਿੱਚ ਪ੍ਰਵਾਸੀਆਂ ਵੱਲੋਂ ਬਣਾਏ ਪਹਿਲੇ ਫੁੱਟਬਾਲ ਕਲੱਬਾਂ ਵਿੱਚੋਂ ਫੁੱਟਬਾਲ ਕਲੱਬ ਫਾਬਰੀਕੋ ਦਾ ਨਾਮ ਵਿਸ਼ੇਸ਼ ਤੌਰ ਉੱਤੇ ਲਿਆ ਜਾਂਦਾ ਹੈ, ਜਿਹੜਾ ਪਿਛਲੇ 18 ਸਾਲਾਂ ਤੋਂ ਫੁੱਟਬਾਲ ਟੂਰਨਾਮੈਂਟ ਕਰਵਾ ਰਹੇ ਹਨ।
By : Dr. Pardeep singh
ਇਟਲੀ, (ਗੁਰਸ਼ਰਨ ਸਿੰਘ ਸੋਨੀ): ਇਟਲੀ ਵਿੱਚ ਪ੍ਰਵਾਸੀਆਂ ਵੱਲੋਂ ਬਣਾਏ ਪਹਿਲੇ ਫੁੱਟਬਾਲ ਕਲੱਬਾਂ ਵਿੱਚੋਂ ਫੁੱਟਬਾਲ ਕਲੱਬ ਫਾਬਰੀਕੋ ਦਾ ਨਾਮ ਵਿਸ਼ੇਸ਼ ਤੌਰ ਉੱਤੇ ਲਿਆ ਜਾਂਦਾ ਹੈ, ਜਿਹੜਾ ਪਿਛਲੇ 18 ਸਾਲਾਂ ਤੋਂ ਫੁੱਟਬਾਲ ਟੂਰਨਾਮੈਂਟ ਕਰਵਾ ਰਹੇ ਹਨ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਲੱਬ ਮੈਂਬਰਾਂ ਦੱਸਿਆ ਗਿਆ ਕਿ ਉਹਨਾਂ ਦੇ ਕਲੱਬ ਵੱਲੋਂ 20 ਅਤੇ 21 ਜੁਲਾਈ ਨੂੰ 16ਵਾਂ ਫੁੱਟਬਾਲ ਟੂਰਨਾਮੈਂਟ ਬਨਓਲੋ ਇਨ ਪਿਆਨੋ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਟੂਰਨਾਮੈਂਟ ਵਿੱਚ ਕੁੱਲ 16 ਟੀਮਾਂ ਭਾਗ ਲੈਣਗੀਆਂ। ਹਰ ਮੈਚ ਤੋਂ ਬਾਅਦ ਮੈਚ ਦਾ ਬੈਸਟ ਪਲੇਅਰ ਚੁਣਿਆ ਜਾਵੇਗਾ ਅਤੇ ਉਸ ਨੂੰ ਸਨਮਾਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 1000 ਯੂਰੋ ਅਤੇ ਸਨਮਾਨ ਚਿੰਨ੍ਹ ਦੂਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ 700 ਯੂਰੋ ਅਤੇ ਸਨਮਾਨ ਚਿੰਨ੍ਹ ਅਤੇ ਤੀਸਰੇ ਸਥਾਨ ਤੇ ਆਉਣ ਵਾਲੀ ਟੀਮ ਨੂੰ 300 ਯੂਰੋ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਹਨਾਂ ਕਲੱਬਾਂ ਵਿੱਚ ਭਾਰਤੀ ਪੰਜਾਬੀ ਭਾਈਚਾਰੇ ਤੋਂ ਇਲਾਵਾ ਪਾਕਿਸਤਾਨੀ, ਬੰਗਲਾਦੇਸ਼ੀ ਅਤੇ ਸ਼੍ਰੀ ਲੰਕਾ ਦੇ ਪਲੇਅਰ ਵੀ ਖੇਡਦੇ ਹਨ। ਇਸ ਪ੍ਰੋਗਰਾਮ ਵਿੱਚ ਪਹੁੰਚੇ ਦਰਸ਼ਕਾਂ ਲਈ ਚਾਹ ਪਾਣੀ ਅਤੇ ਲੰਗਰ ਦਾ ਪ੍ਰਬੰਧ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ। ਕਲੱਬ ਵੱਲੋਂ ਸਾਰੇ ਹੀ ਪਲੇਅਰਾਂ ਨੂੰ ਅਪੀਲ ਹੈ ਕਿ ਮਿੱਥੇ ਸਮੇਂ ਤੇ ਪਹੁੰਚਣ ਦੀ ਖੇਚਲ ਕਰਨ ਤਾਂ ਜੋ ਟੂਰਨਾਮੈਂਟ ਸਮੇਂ ਸਿਰ ਕਰਵਾਇਆ ਜਾ ਸਕੇ। ਪ੍ਰਬੰਧਕ ਕਮੇਟੀ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਵੀ ਖਿਡਾਰੀ ਅਤੇ ਕੋਈ ਦਰਸ਼ਕ ਨਸ਼ਾ ਕਰਕੇ ਨਾ ਆਵੇ। ਸਟੇਡੀਅਮ ਵਿੱਚ ਵੀ ਹਰ ਕਿਸਮ ਦੇ ਨਸ਼ੀਲੇ ਪਦਾਰਥਾਂ ਦੀ ਮਨਾਹੀ ਹੈ।