ਸੁਰਿੰਦਰ ਛਿੰਦਾ ਦੀ ਲੋਕ ਗਾਇਕੀ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ’ਚ ਅਹਿਮ ਯੋਗਦਾਨ ਪਾਇਆ-ਡਾ. ਬਲਜੀਤ ਕੌਰ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇੱਥੇ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਏ ਇੱਕ ਸਮਾਗਮ ਦੌਰਾਨ ਮਰਹੂਮ ਗਾਇਕ ਸੁਰਿੰਦਰ ਛਿੰਦਾ ਨੂੰ ਸਮਰਪਿਤ "ਕਿੱਥੇ ਤੁਰ ਗਿਆਂ ਯਾਰਾ" ਗੀਤ ਅਤੇ ਵੀਡਿਓ ਰਿਲੀਜ਼ ਕੀਤੀ।
By : Dr. Pardeep singh
ਚੰਡੀਗੜ੍ਹ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇੱਥੇ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਏ ਇੱਕ ਸਮਾਗਮ ਦੌਰਾਨ ਮਰਹੂਮ ਗਾਇਕ ਸੁਰਿੰਦਰ ਛਿੰਦਾ ਨੂੰ ਸਮਰਪਿਤ "ਕਿੱਥੇ ਤੁਰ ਗਿਆਂ ਯਾਰਾ" ਗੀਤ ਅਤੇ ਵੀਡਿਓ ਰਿਲੀਜ਼ ਕੀਤੀ। ਇਹ ਗੀਤ ਹਰਪ੍ਰੀਤ ਸੇਖੋਂ ਵੱਲੋਂ ਲਿਖਿਆ ਗਿਆ ਹੈ ਤੇ ਇਸ ਗੀਤ ਨੂੰ ਪਦਮ ਸ੍ਰੀ ਗਾਇਕ ਹੰਸ ਰਾਜ ਹੰਸ ਨੇ ਆਪਣੀ ਆਵਾਜ਼ ਦਿੱਤੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮਰਹੂਮ ਸੁਰਿੰਦਰ ਛਿੰਦਾ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ’ਚ ਯੋਗਦਾਨ ਪਾਇਆ ਗਿਆ। ਉਨ੍ਹਾਂ ਵੱਲੋਂ ਗਾਏ ਗੀਤਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਹਾਸਲ ਹੋਈ।
ਕੈਬਨਿਟ ਮੰਤਰੀ ਨੇ ਕਿਹਾ ਕਿ ਮਰਹੂਮ ਸੁਰਿੰਦਰ ਛਿੰਦਾ ਨੇ ਆਪਣੇ ਗੀਤਾਂ ਰਾਹੀ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਇਤਿਹਾਸ ਨਾਲ ਅਜੋਕੀ ਪੀੜੀ ਨੂੰ ਰੁਬਰੂ ਕਰਵਾਇਆ ਹੈ। ਮੰਤਰੀ ਨੇ ਕਿਹਾ ਕਿ ਹਰਪ੍ਰੀਤ ਸੇਖੋਂ ਵੱਲੋਂ ਮਰਹੂਮ ਸੁਰਿੰਦਰ ਛਿੰਦਾ ਨੁੰ ਸਮਰਪਿਤ ਗੀਤ ਲਿਖ ਕੇ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ।
ਸੁਰਿੰਦਰ ਛਿੰਦਾ ਦੀ ਪਹਿਲੀ ਬਰਸੀ ਮੌਕੇ ਮਰਹੂਮ ਗਾਇਕ ਨੂੰ ਸਮਰਪਿਤ ‘ਕਿੱਥੇ ਤੁਰ ਗਿਆਂ ਯਾਰਾ‘ ਗੀਤ ਲਿਖਣ ਵਾਲੇ ਹਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਦੀ ਸਵਰਗੀ ਸੁਰਿੰਦਰ ਛਿੰਦਾ ਨਾਲ ਬਹੁਤ ਨੇੜਲੀ ਸਾਂਝ ਸੀ ਅਤੇ ਇੱਕ ਸਾਲ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਇੰਝ ਲੱਗਦਾ ਹੈ ਜਿਵੇਂ ਉਹ ਸਾਡੇ ਅੰਗ-ਸੰਗ ਹੋਣ।
ਇਸ ਮੌਕੇ ਸਾਬਕਾ ਸੰਸਦ ਸਾਧੂ ਸਿੰਘ, ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ, ਐਮ.ਐਲ.ਏ ਆਤਮਾ ਨਗਰ ਕੁਲਵੰਤ ਸਿੰਘ ਸਿੱਧੂ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਭੁਪਿੰਦਰ ਸਿੰਘ, ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮਰਾੜਾ ਵਾਲਾ, ਸ਼ਮਸ਼ੇਰ ਸਿੰਘ ਸੰਧੂ, ਕਰਤਾਰ ਸਿੰਘ, ਨਿਰਮਾਤਾ ਤਲਜਿੰਦਰ ਸਿੰਘ ਨਾਗਰਾ ਅਤੇ ਬੌਬੀ ਬਾਜਵਾ ਹਾਜ਼ਰ ਸਨ।