ਸ੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਦਾ ਵਿਸ਼ੇਸ਼ ਸਨਮਾਨ
ਸਿੱਖਾਂ ਦੇ ਸਰਵਉੱਚ ਅਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਅੱਜ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਪੰਜ ਸਿੰਘ ਸਹਿਬਾਨਾਂ ਵਲੋਂ ਉੱਘੇ ਸਿੱਖ ਵਿਦਵਾਨ ਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨਿਤ ਕੀਤਾ ਗਿਆ

ਅੰਮ੍ਰਿਤਸਰ (ਜਗਮੀਤ ਸਿੰਘ) : ਸਿੱਖਾਂ ਦੇ ਸਰਵਉੱਚ ਅਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਅੱਜ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਪੰਜ ਸਿੰਘ ਸਹਿਬਾਨਾਂ ਵਲੋਂ ਉੱਘੇ ਸਿੱਖ ਵਿਦਵਾਨ ਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨਿਤ ਕੀਤਾ ਗਿਆ
ਜਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਵਲੋਂ ਤਨ ਮਨ ਤੇ ਧਨ ਨਾਲ ਲੱਖਾਂ ਸੰਗਤਾਂ ਨੂੰ ਨਾਲ ਕੇ ਲੈ "ਸਫ਼ਰ-ਏ-ਸ਼ਹਾਦਤ" ਨਾਮ ਦਾ ਧਾਰਮਿਕ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ, ਜਿਸ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ, ਚਾਰ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਤੇ ਸਮੂਹ ਸਿੰਘਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਜਿਥੋਂ ਜਿਥੋਂ ਦੀ ਉਹ ਲੰਘੇ ਉਸ ਅਸਥਾਨ ਤੇ ਇਹ ਸਮਾਗਮ ਕਰਵਾਏ ਜਾਂਦੇ ਨੇ, ਇਸ ਦੇ ਨਾਲ ਹੀ ਜਥੇਬੰਧਕ ਦੇ ਰੂਪ ਵਿੱਚ ਨੌਜਵਾਨਾਂ ਨੂੰ ਲਾਮਬੰਦ ਕਰਕੇ ਪੰਥਕ ਹਿੱਤਾਂ ਲਈ ਜਾਗਰੂਕ ਵੀ ਕੀਤਾ ਜਾਂਦਾ ਹੈ,
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੀਤਾ ਗਿਆ ਸਨਮਾਨ ਮੇਰੇ ਇਕੱਲੇ ਦਾ ਸਨਮਾਨ ਨਹੀਂ ਹੈ ਗੁਰੂ ਘਰ ਦਾ ਇੱਕ ਇੱਕ ਕੀਰਤਨੀਆਂ, ਗੁਰੂ ਘਰ ਦੀ ਸੇਵਾ ਕਰਨ ਵਾਲੇ ਸਮੂਹ ਸੇਵਾਦਾਰਾਂ ਦਾ ਸਨਮਾਨ ਹੈ, ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਮੀਡੀਆਂ ਚੈਨਲਾਂ ਨੇ ਇਹਨਾਂ ਸਮਾਗਮਾਂ ਵਿਚ ਇਕ ਵੱਡਾ ਰੋਲ ਅਦਾ ਕਰ ਕੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਦੇਸ਼ ਦੁਨੀਆਂ ਤੱਕ ਪਹੁੰਚਾਇਆ ਹੈ। ਇਹ ਉਹਨਾਂ ਲੱਖਾਂ ਸੰਗਤਾਂ ਦਾ ਸਨਮਾਨ ਹੈ ਅਤੇ ਕਰੋੜਾਂ ਜਜ਼ਬਾਤਾਂ ਦਾ ਸਨਮਾਨ ਹੈ।
ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਪੰਜ ਪਿਆਰੇ ਗੁਰਪੁਰਵਾਸੀ ਭਾਈ ਮਲਕੀਤ ਸਿੰਘ ਖੰਡੂਰ ਦੇ ਪਰਿਵਾਰ ਨੂੰ ਉਨ੍ਹਾਂ ਦੀਆਂ ਸਿੱਖ ਪੰਥ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਦੇਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਅਤੇ ਹੋਰ ਸਿੰਘ ਸਾਹਿਬਾਨ ਵਲੋਂ ਸਿਰੋਪਾਓ, ਸ੍ਰੀ ਸਾਹਿਬ ਸਿੱਖ ਰਹਿਤ ਮਰਿਆਦਾ ਦੀ ਪੁਸਤਕ ਅਤੇ ਗਿਆਨੀ ਹਰਪਾਲ ਸਿੰਘ ਨੂੰ ਵਿਸ਼ੇਸ਼ ਚਾਂਦੀ ਦੀ ਤਸ਼ਤਰੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ।