Begin typing your search above and press return to search.

...ਤਾਂ ਫਿਰ ‘ਵਾਰਿਸ ਪੰਜਾਬ’ ਦੀ ਵਿਧਾਨ ਸਭਾ ’ਚ ਐਂਟਰੀ ਪੱਕੀ!

...ਤਾਂ ਫਿਰ ‘ਵਾਰਿਸ ਪੰਜਾਬ’ ਦੀ ਵਿਧਾਨ ਸਭਾ ’ਚ ਐਂਟਰੀ ਪੱਕੀ!

...ਤਾਂ ਫਿਰ ‘ਵਾਰਿਸ ਪੰਜਾਬ’ ਦੀ ਵਿਧਾਨ ਸਭਾ ’ਚ ਐਂਟਰੀ ਪੱਕੀ!
X

Makhan shahBy : Makhan shah

  |  30 July 2025 4:19 PM IST

  • whatsapp
  • Telegram

ਚੰਡੀਗੜ੍ਹ : ਤਰਨਤਾਰਨ ਦੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਐ, ਜਿਸ ਦਾ ਵੱਡਾ ਕਾਰਨ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੱਲੋਂ ਚੋਣਾਂ ਲੜਨ ਦਾ ਐਲਾਨ ਮੰਨਿਆ ਜਾ ਰਿਹਾ ਏ। ਕੁੱਝ ਲੋਕ ਤਾਂ ਇਹ ਵੀ ਆਖ ਰਹੇ ਨੇ ਕਿ ਚੋਣਾਂ ਤੋਂ ਪਹਿਲਾਂ ਅੰਮ੍ਰਿਤਪਾਲ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਹਾਲਾਂਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਹਾਲੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਪਾਰਟੀ ਕੋਲ ਇਕ ਅਜਿਹਾ ਉਮੀਦਵਾਰ ਹੈ, ਜੇਕਰ ਉਸ ਨੂੰ ਖੜ੍ਹਾ ਕੀਤਾ ਗਿਆ ਤਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਵਿਧਾਨ ਸਭਾ ਵਿਚ ਐਂਟਰੀ ਪੱਕੀ ਮੰਨੀ ਜਾ ਰਹੀ ਐ। ਸੋ ਆਓ ਤੁਹਾਨੂੰ ਦੱਸਦੇ ਆਂ, ਕੌਣ ਐ ਉਮੀਦਵਾਰ ਅਤੇ ਕੀ ਕਹਿੰਦੈ ਤਰਨਤਾਰਨ ਦੀ ਸਿਆਸੀ ਹਵਾ ਦਾ ਰੁਖ਼?

ਪੰਜਾਬ ਵਿਚ ਤਰਨਤਾਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖਦੀ ਦਿਖਾਈ ਦੇ ਰਹੀ ਐ ਕਿਉਂਕਿ ਚੋਣਾਂ ਵਿਚ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੱਲੋਂ ਆਪਣਾ ਉਮੀਦਵਾਰ ਖੜ੍ਹਾ ਕਰਨ ਦਾ ਐਲਾਨ ਕੀਤਾ ਗਿਆ ਏ। ਇਸ ਸੀਟ ’ਤੇ ਪਹਿਲਾਂ ਆਮ ਆਦਮੀ ਪਾਰਟੀ ਦਾ ਕਬਜ਼ਾ ਸੀ ਪਰ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਇਹ ਸੀਟ ਖਾਲੀ ਹੋ ਚੁੱਕੀ ਐ। ਹੁਣ ਆਮ ਆਦਮੀ ਪਾਰਟੀ ’ਤੇ ਇਸ ਤੋਂ ਆਪਣਾ ਕਬਜ਼ਾ ਬਰਕਰਾਰ ਰੱਖਣਾ ਵੱਡੀ ਚੁਣੌਤੀ ਬਣਿਆ ਹੋਇਆ ਏ ਅਤੇ ਆਪ ਲਈ ਇਹ ਚੁਣੌਤੀਆਂ ਹੁਣ ਹੋਰ ਵਧਦੀਆਂ ਦਿਖਾਈ ਦੇ ਰਹੀਆਂ ਨੇ, ਜਦੋਂ ਪਾਰਟੀ ਵੱਲੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਹਲਕਾ ਇੰਚਾਰਜ ਥਾਪ ਦਿੱਤਾ ਏ,, ਜਿਸ ਦਾ ਪਾਰਟੀ ਵਿਚ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਏ।


ਚੋਣਾਂ ਤੋਂ ਪਹਿਲਾਂ ਪਹਿਲਾਂ ਇਸ ਵਿਰੋਧ ਨੂੰ ਖ਼ਤਮ ਕਰਨਾ ਆਮ ਆਦਮੀ ਪਾਰਟੀ ਦੇ ਲਈ ਬੇਹੱਦ ਜ਼ਰੂਰੀ ਹੋਵੇਗਾ,,, ਕਿਉਂਕਿ ਕੁੱਝ ਆਗੂ ਇੱਥੋਂ ਤੱਕ ਆਖ ਚੁੱਕੇ ਨੇ ਕਿ ਜੇਕਰ ਹਰਮੀਤ ਸੰਧੂ ਨੂੰ ਟਿਕਟ ਦਿੱਤੀ ਗਈ ਤਾਂ ਉਹ ਆਜ਼ਾਦ ਤੌਰ ’ਤੇ ਚੋਣ ਲੜਨਗੇ। ਅਜਿਹੇ ਮਾਹੌਲ ਵਿਚ ਆਮ ਆਦਮੀ ਪਾਰਟੀ ਵੱਲੋਂ ਵਿਰੋਧੀਆਂ ਨੂੰ ਟੱਕਰ ਦੇਣੀ ਔਖੀ ਹੋ ਸਕਦੀ ਐ।


ਇਸ ਦੇ ਨਾਲ ਹੀ ਇਕ ਗੱਲ ਇਹ ਵੀ ਸਾਹਮਣੇ ਆ ਰਹੀ ਐ ਕਿ ਜਦੋਂ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੇ ਤਰਨਤਾਰਨ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਏ, ਉਦੋਂ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ, ਜਿਨ੍ਹਾਂ ਵਿਚ ਅੰਮ੍ਰਿਤਪਾਲ ਸਿੰਘ ਦੀ ਅਸ਼ਲੀਲ ਚੈਟ ਸਮੇਤ ਨਸ਼ੇ ਦਾ ਆਦੀ ਹੋਣ ਦੀ ਗੱਲ ਆਖੀ ਜਾ ਰਹੀ ਐ,,, ਪਰ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਦਾ ਕਹਿਣਾ ਏ ਕਿ ਇਹ ਸਭ ਕੁੱਝ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਏ।

ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਵੱਲੋਂ ਅਜਿਹੀਆਂ ਬਿਆਨਬਾਜ਼ੀਆਂ ਹੋਣਾ ਆਮ ਗੱਲ ਐ, ਇਹ ਸਭ ਕੁੱਝ ਵੋਟਾਂ ਪ੍ਰਭਾਵਿਤ ਕਰਨ ਲਈ ਕੀਤੀਆਂ ਜਾਂਦੀਆਂ ਨੇ, ਅਦਾਲਤਾਂ ਵਿਚ ਅਜਿਹੀਆਂ ਬਿਆਨਬਾਜ਼ੀਆਂ ਦਾ ਕੋਈ ਮਹੱਤਵ ਨਹੀਂ ਹੁੰਦਾ। ਵਕੀਲ ਦਾ ਕਹਿਣਾ ਏ ਕਿ 22 ਮਾਰਚ 2025 ਨੂੰ ਅੰਮ੍ਰਿਤਪਾਲ ਦੇ ਕੁੱਝ ਸਾਥੀਆਂ ਨੂੰ ਡਿਬਰੂਗੜ੍ਹ ਤੋਂ ਪੰਜਾਬ ਲਿਆਂਦਾ ਗਿਆ ਅਤੇ ਇਹ ਸਾਰੀ ਮਨਘੜੰਤ ਕਹਾਣੀ ਪੰਜਾਬ ਪੁਲਿਸ ਵੱਲੋਂ ਰਚੀ ਜਾ ਰਹੀ ਐ। ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਦੇ ਮਾਪਿਆਂ ਦਾ ਕਹਿਣਾ ਏ ਕਿ ਪੁਲਿਸ ਵੱਲੋਂ ਜਾਣਬੁੱਝ ਕੇ ਝੂਠ ਫੈਲਾਇਆ ਜਾ ਰਿਹਾ ਏ, ਬਾਜੇਕੇ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਕੋਈ ਬਿਆਨ ਨਹੀਂ ਦਿੱਤਾ ਗਿਆ।


ਉਂਝ ਗੌਰ ਕਰਨ ਵਾਲੀ ਗੱਲ ਇਹ ਵੀ ਐ ਕਿ ਜੇਕਰ ਅੰਮ੍ਰਿਤਪਾਲ ਸਿੰਘ ਜੇਲ੍ਹ ਵਿਚ ਨਸ਼ੇ ਕਰਦਾ ਹੈ ਤਾਂ ਉਸ ਨੂੰ ਨਸ਼ੇ ਕੌਣ ਸਪਲਾਈ ਕਰਦਾ ਹੈ? ਉਹ ਕੇਂਦਰੀ ਜੇਲ੍ਹ ਵਿਚ ਬੰਦ ਐ, ਕੀ ਉਥੇ ਕੇਂਦਰ ਦੇ ਇਸ਼ਾਰੇ ’ਤੇ ਨਸ਼ੇ ਦੀ ਸਪਲਾਈ ਹੁੰਦੀ ਐ? ਅੰਮ੍ਰਿਤਪਾਲ ਦੀ ਪਾਰਟੀ ਨਾਲ ਜੁੜੇ ਕੁੱਝ ਲੋਕਾਂ ਦਾ ਵੀ ਇਹੀ ਕਹਿਣਾ ਏ ਕਿ ਜ਼ਿਮਨੀ ਚੋਣ ਦੀ ਵਜ੍ਹਾ ਕਰਕੇ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਵਿਰੋਧੀਆਂ ਨੂੰ ਡਰ ਸਤਾ ਰਿਹਾ ਏ ਕਿ ਕਿਤੇ ਤਰਨਤਾਰਨ ਸੀਟ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਉਮੀਦਵਾਰ ਬਾਜ਼ੀ ਨਾ ਮਾਰ ਜਾਵੇ।


ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਕਹਿਣਾ ਏ ਕਿ ਤਰਨਤਾਰਨ ਵਿਧਾਨ ਸਭਾ ਸੀਟ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੀ ਐ, ਜਿੱਥੋਂ ਅੰਮ੍ਰਿਤਪਾਲ ਸਿੰਘ ਨੇ ਵੱਡੀ ਲੀਡ ਨਾਲ ਇਤਿਹਾਸਕ ਜਿੱਤ ਹਾਸਲ ਕੀਤੀ ਸੀ। ਇਸ ਦੌਰਾਨ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਅੰਮ੍ਰਿਤਪਾਲ ਸਿੰਘ ਨੂੰ 40 ਫ਼ੀਸਦੀ ਵੋਟਾਂ ਮਿਲੀਆਂ ਸਨ, ਜਿਸ ਕਰਕੇ ਵਿਰੋਧੀ ਡਰੇ ਹੋਏ ਨੇ।


ਲੋਕ ਸਭਾ ਚੋਣਾਂ ਵਿਚ ਇਸ ਸੀਟ ਤੋਂ ਦੂਜੇ ਨੰਬਰ ’ਤੇ ਕਾਂਗਰਸ ਪਾਰਟੀ ਰਹੀ ਸੀ ਜਦਕਿ ਸੂਬਾ ਸਰਕਾਰ ਵਿਚ ਮੰਤਰੀ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੂੰ ਤੀਜੇ ਸਥਾਨ ’ਤੇ ਸਬਰ ਕਰਨਾ ਪਿਆ ਸੀ। ਹਾਲਾਂਕਿ ਆਪ ਸਰਕਾਰ ਵੱਲੋਂ ਇਸ ਦੇ ਬਾਅਦ ਤੋਂ ਹਲਕੇ ਵਿਚ ਜ਼ਬਰਦਸਤ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਨੇ,, ਜਿਸ ਦਾ ਫ਼ਾਇਦਾ ਆਪ ਨੂੰ ਚੋਣ ਦੌਰਾਨ ਮਿਲ ਸਕਦਾ ਏ।


ਇਸ ਵਿਚ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਨਤਾ ਨਾਲ ਜੁੜੇ ਮੁੱਦਿਆਂ ਨੂੰ ਛੋਹਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਘਟਾਉਣ ਵੱਲ ਧਿਆਨ ਦਿੱਤਾ,,, ਪਰ ਆਪ ਸਰਕਾਰ ਨੂੰ ਘੇਰਨ ਲਈ ਅੰਦਰਖ਼ਾਤੇ ਕਈ ਵਿਰੋਧੀ ਪਾਰਟੀਆਂ ਇਕਜੁੱਟ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਜਿੱਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ’ਤੇ ਅੰਮ੍ਰਿਤਪਾਲ ਸਿੰਘ ਨਾਲ ਮਿਲ ਕੇ ਚੋਣਾਂ ਲੜਨ ਦੀ ਰਣਨੀਤੀ ’ਤੇ ਵਿਚਾਰ ਚਰਚਾ ਚੱਲ ਰਹੀ ਐ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋਇਆ ਧੜਾ ਵੀ ਅੰਮ੍ਰਿਤਪਾਲ ਸਿੰਘ ਦੇ ਨਾਲ ਹੱਥ ਮਿਲਾਉਂਦਾ ਦਿਖਾਈ ਦੇ ਰਿਹਾ ਏ। ਜਿਸ ਦਾ ਸੰਕੇਤ ਪਿਛਲੇ ਦਿਨੀਂ ਪੰਜ ਮੈਂਬਰੀ ਕਮੇਟੀ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਆਗੂਆਂ ਨਾਲ ਕੀਤੀ ਗਈ ਮੀਟਿੰਗ ਤੋਂ ਮਿਲ ਚੁੱਕਿਆ ਏ। ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਨੂੰ ਲਗਦਾ ਏ ਕਿ ਜੇਕਰ ਸੁਖਬੀਰ ਬਾਦਲ ਨੂੰ ਟੱਕਰ ਦੇਣੀ ਐ ਤਾਂ ਮੌਜੂਦਾ ਸਮੇਂ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨਾਲ ਮਿਲ ਕੇ ਚੱਲਣਾ ਹੋਵੇਗਾ।


ਹੁਣ ਸਭ ਤੋਂ ਵੱਡਾ ਤੇ ਅਹਿਮ ਸਵਾਲ ਇਹ ਐ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਤਰਨਤਾਰਨ ਜ਼ਿਮਨੀ ਚੋਣ ਵਿਚ ਕਿਹੜੇ ਚਿਹਰੇ ਨੂੰ ਉਮੀਦਵਾਰ ਬਣਾਇਆ ਜਾਵੇਗਾ? ਉਂਝ ਪਾਰਟੀ ਵੱਲੋਂ ਭਾਵੇਂ ਕਈ ਨਾਵਾਂ ’ਤੇ ਚਰਚਾ ਚੱਲ ਰਹੀ ਐ ਪਰ ਜਿਹੜਾ ਚਿਹਰਾ ਸਭ ਤੋਂ ਮਜ਼ਬੂਤ ਅਤੇ ਪਾਰਟੀ ਨੂੰ ਵਿਧਾਨ ਸਭਾ ਵਿਚ ਐਂਟਰੀ ਦਿਵਾ ਸਕਦਾ ਏ,,, ਉਹ ਹੈ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ। ਜੇਕਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬੀਬੀ ਖਾਲੜਾ ਨੂੰ ਚੋਣ ਮੈਦਾਨ ਵਿਚ ਉਤਾਰਦੀ ਐ ਤਾਂ ਵਿਰੋਧੀਆਂ ਲਈ ਬੀਬੀ ਖਾਲੜਾ ਨੂੰ ਮਾਤ ਦੇਣਾ ਔਖਾ ਹੋ ਜਾਵੇਗਾ।


ਦਰਅਸਲ ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਨੂੰ ਬੀਬੀ ਖਾਲੜਾ ਦੀ ਵਜ੍ਹਾ ਕਰਕੇ ਹੀ ਇੰਨੀ ਵੱਡੀ ਜਿੱਤ ਹਾਸਲ ਹੋਈ ਐ ਕਿਉਂਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਹਾਰ ਗਏ ਸੀ, ਜਿਸ ਤੋਂ ਬਾਅਦ ਖਡੂਰ ਸਾਹਿਬ ਵਾਸੀਆਂ ਨੂੰ ਦੁਨੀਆ ਭਰ ਦੇ ਲੋਕਾਂ ਵੱਲੋਂ ਲਾਹਣਤਾਂ ਪਾਈਆਂ ਗਈਆਂ ਕਿ ਉਨ੍ਹਾਂ ਕੋਲ ਭਾਈ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਲਈ ਕੁੱਝ ਕਰਨ ਦਾ ਮੌਕਾ ਸੀ ਜੋ ਉਨ੍ਹਾਂ ਨੇ ਹੱਥੋਂ ਗਵਾ ਦਿੱਤਾ। ਇਹ ਗੱਲ ਜਿਵੇਂ ਲੋਕਾਂ ਦੇ ਅੰਦਰ ਘਰ ਕਰ ਗਈ ਅਤੇ ਉਨ੍ਹਾਂ ਨੇ 2024 ਦੀਆਂ ਚੋਣਾਂ ਵਿਚ ਅੰਮ੍ਰਿਤਪਾਲ ਸਿੰਘ ਨੂੰ ਵੱਡੀ ਲੀਡ ਨਾਲ ਜਿਤਾ ਕੇ ਆਪਣੀ ਭੜਾਸ ਕੱਢ ਲਈ। ਅਜਿਹੇ ਵਿਚ ਜੇਕਰ ਤਰਨਤਾਰਨ ਜ਼ਿਮਨੀ ਚੋਣ ਵਿਚ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਤਾਰਿਆ ਜਾਂਦੈ ਤਾਂ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਵਿਧਾਨ ਸਭਾ ਵਿਚ ਐਂਟਰੀ ਕਰਵਾ ਸਕਦੇ ਨੇ।


ਇਸ ਤੋਂ ਇਲਾਵਾ ਦਿਲਜੀਤ ਦੁਸਾਂਝ ਵੀ ਅਸਿੱਧੇ ਤੌਰ ’ਤੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੂੰ ਜਿਤਾਉਣ ਵਿਚ ਮਦਦ ਕਰ ਸਕਦੇ ਨੇ,,,ਕਿਉਂਕਿ ਭਾਈ ਜਸਵੰਤ ਸਿੰਘ ਖਾਲੜਾ ’ਤੇ ਬਣੀ ਉਨ੍ਹਾਂ ਦੀ ਫਿਲਮ ‘ਪੰਜਾਬ 95’ ’ਤੇ ਲਗਾਇਆ ਗਿਆ ਬੈਨ ਵੀ ਮੌਜੂਦਾ ਸਮੇਂ ਕਾਫ਼ੀ ਚਰਚਾ ਵਿਚ ਛਾਇਆ ਹੋਇਐ, ਜਿਸ ਦਾ ਫ਼ਾਇਦਾ ਵੀ ਬੀਬੀ ਖਾਲੜਾ ਨੂੰ ਖ਼ੁਦ ਬ ਖ਼ੁਦ ਮਿਲ ਜਾਵੇਗਾ। 2019 ਵਿਚ ਬੀਬੀ ਪਰਮਜੀਤ ਕੌਰ ਖਾਲੜਾ ਖਡੂਰ ਸਾਹਿਬ ਤੋਂ 2 ਲੱਖ 14 ਹਜ਼ਾਰ 489 ਵੋਟਾਂ ਲੈ ਕੇ ਤੀਜੇ ਨੰਬਰ ’ਤੇ ਰਹੀ ਸੀ, ਜਦਕਿ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੀ ਜਿੱਤ ਹੋਈ ਸੀ। ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਦੂਜੇ ਨੰਬਰ ’ਤੇ ਰਹੀ ਸੀ, ਜਿਸ ਦਾ ਫ਼ਾਇਦਾ ਵੀ ਹੁਣ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲ ਸਕਦਾ ਏ ਕਿਉਂਕਿ ਬੀਬੀ ਜਗੀਰ ਕੌਰ ਕਈ ਵਾਰ ਅੰਮ੍ਰਿਤਪਾਲ ਦੀ ਰਿਹਾਈ ਦੇ ਹੱਕ ਵਿਚ ਬਿਆਨ ਦੇ ਚੁੱਕੀ ਐ।


ਇਸ ਤੋਂ ਇਲਾਵਾ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕੀਤੀ ਜਾ ਚੁੱਕੀ ਐ ਕਿ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਅਤੇ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਜਾਵੇ।


ਇੱਥੇ ਹੀ ਬਸ ਨਹੀਂ, ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਵੀ ਇਹ ਗੱਲ ਆਖ ਚੁੱਕੇ ਨੇ ਕਿ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਵਿਚੋਂ ਰਿਹਾਅ ਕਰਵਾਉਣ ਦਾ ਹੁਣ ਇਕੋ ਇਕ ਹੱਲ ਬਚਿਆ ਏ, ਉਹ ਐ ਅਕਾਲੀ ਦਲ ਵਾਰਿਸ ਪੰਜਾਬ ਨੂੰ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਿਵਾ ਕੇ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣਾ। ਦਰਅਸਲ ਪਰਿਵਾਰ ਸਮੇਤ ਪਾਰਟੀ ਆਗੂਆਂ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਵਿਚ ਬੰਦ ਹੋਣ ਦਾ ਪੂਰਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ, ਜਿਸ ਦੇ ਸਹਾਰੇ ਇਕ ਵੱਡੀ ਮੁਹਿੰਮ ਖੜ੍ਹੀ ਕੀਤੀ ਜਾ ਰਹੀ ਐ ਤਾਂ ਜੋ ਅੰਮ੍ਰਿਤਪਾਲ ਸਿੰਘ ਦੀ ਹਵਾ ਮਜ਼ਬੂਤ ਕੀਤੀ ਜਾ ਸਕੇ।


ਉਧਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਤਰਨਤਾਰਨ ਸੀਟ ’ਤੇ ਪੈਣੀ ਨਜ਼ਰ ਰੱਖੀ ਜਾ ਰਹੀ ਐ ਅਤੇ ਅੰਦਰਖ਼ਾਤੇ ਅਜਿਹੇ ਉਮੀਦਵਾਰਾਂ ਦੀ ਭਾਲ ਕੀਤੀ ਜਾ ਰਹੀ ਐ ਜੋ ਇਸ ਸੀਟ ਤੋਂ ਤਕੜੀ ਟੱਕਰ ਦੇ ਸਕਣ। ਭਾਵੇਂ ਕਿ ਹਾਲੇ ਤਰਨਤਾਰਨ ਜ਼ਿਮਨੀ ਚੋਣ ਦੀ ਤਾਰੀਕ ਦਾ ਕੋਈ ਐਲਾਨ ਨਹੀਂ ਹੋਇਆ, ਪਰ ਫਿਰ ਵੀ ਤਰਨਤਾਰਨ ਦੀ ਜ਼ਿਮਨੀ ਚੋਣ ਨੂੰ ਲੈ ਕੈ ਪੂਰੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਐ,, ਅਤੇ ਇਸ ਚੋਣ ਨੂੰ ਪਿਛਲੀਆਂ ਸਾਰੀਆਂ ਚੋਣਾਂ ਤੋਂ ਵੀ ਬੇਹੱਦ ਅਹਿਮ ਮੰਨਿਆ ਜਾ ਰਿਹਾ ਏ।


ਸੋ ਤੁਹਾਡੇ ਮੁਤਾਬਕ ਇਸ ਸੀਟ ਤੋਂ ਕਿਹੜੀ ਪਾਰਟੀ ਬਾਜ਼ੀ ਮਾਰ ਸਕਦੀ ਐ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it