ਪ੍ਰਭ ਆਸਰਾ ਵਿਖੇ ਗਾਇਕ ਮੁਹੰਮਦ ਇਰਸ਼ਾਦ ਨੇ ਲਾਈਆਂ ਰੌਣਕਾਂ
ਨਿਆਸਰਿਆਂ ਦਾ ਘਰ ਕਹੀ ਜਾਣ ਵਾਲੀ ਪ੍ਰਭ ਆਸਰਾ ਸੰਸਥਾ ਵੱਲੋਂ ਸੰਸਥਾ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਲਿਆਉਣ ਅਕਸਰ ਹੀ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਨੇ।

By : Makhan shah
ਕੁਰਾਲੀ : ਨਿਆਸਰਿਆਂ ਦਾ ਘਰ ਕਹੀ ਜਾਣ ਵਾਲੀ ਪ੍ਰਭ ਆਸਰਾ ਸੰਸਥਾ ਵੱਲੋਂ ਸੰਸਥਾ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਲਿਆਉਣ ਅਕਸਰ ਹੀ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਨੇ। ਇਸੇ ਤਹਿਤ ਪ੍ਰਭ ਆਸਰਾ ਸੰਸਥਾ ਪਿੰਡ ਪਡਿਆਲਾ (ਕੁਰਾਲੀ) ਵੱਲੋਂ ਸੰਸਥਾ ਵਿਖੇ ਇਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਮੁਹੰਮਦ ਇਰਸ਼ਾਦ ਨੇ ਪ੍ਰਭ ਆਸਰਾ ਦੇ ਸਰਬ ਸਾਂਝੇ ਪਰਿਵਾਰ ਦਾ ਮਨੋਰੰਜਨ ਕੀਤਾ।
ਪ੍ਰਭ ਆਸਰਾ ਸੰਸਥਾ ਵੱਲੋਂ ਸੰਸਥਾ ਦੇ ਸਰਬ ਸਾਂਝੇ ਪਰਿਵਾਰ ਦੇ ਚਿਹਰਿਆਂ ’ਤੇ ਖ਼ੁਸ਼ੀ ਲਿਆਉਣ ਲਈ ਸਭਿਆਚਾਰਕ ਪ੍ਰੋਗਰਾਮ ਕਰਵਾਇਆ, ਜਿਸ ਵਿਚ ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਮੁਹੰਮਦ ਇਰਸ਼ਾਦ ਵੱਲੋਂ ਆਪਣੇ ਕਲਾਮਾਂ ਰਾਹੀਂ ਸਾਰਿਆਂ ਦਾ ਮਨੋਰੰਜਨ ਕੀਤਾ ਗਿਆ।
ਇਸ ਤੋਂ ਇਲਾਵਾ ਸੰਸਥਾ ਦੀ ਬੱਚੀ ਵੱਲੋਂ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਘੋੜੀ ਗਾਈ ਗਈ, ਜਿਸ ਨੂੰ ਸਾਰਿਆਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ।
ਇਸ ਤੋਂ ਪਹਿਲਾਂ ਸੰਸਥਾ ਦੇ ਬੱਚਿਆਂ ਵੱਲੋਂ ਵੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿੱਥੇ ਬੱਚੀਆਂ ਵੱਲੋਂ ਪੰਜਾਬੀ ਗਾਇਕ ਤਰਸੇਮ ਜੱਸੜ ਸਮੇਤ ਹੋਰ ਗਾਇਕਾਂ ਦੇ ਗੀਤਾਂ ’ਤੇ ਬਹੁਤ ਸੋਹਣਾ ਡਾਂਸ ਕੀਤਾ ਗਿਆ, ਉਥੇ ਹੀ ਮੁੰਡਿਆਂ ਵੱਲੋਂ ਵੀ ਵੱਖ ਵੱਖ ਗੀਤਾਂ ’ਤੇ ਪੰਜਾਬੀ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਦਿਖਾਈ ਗਈ, ਜਿਸ ਤੋਂ ਬਾਅਦ ਪੰਡਾਲ ਵਿਚ ਬੈਠੇ ਲੋਕਾਂ ਨੇ ਬੱਚਿਆਂ ਦੀ ਪੇਸ਼ਕਾਰੀ ਨੂੰ ਕਾਫ਼ੀ ਪਸੰਦ ਕੀਤਾ ਅਤੇ ਪੂਰਾ ਪੰਡਾਲ ਤਾੜੀਆਂ ਨਾਲ ਗੂੰਜ ਉਠਿਆ।
ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਹੁਰਾਂ ਵੱਲੋਂ ਬਹੁਤ ਹੀ ਸ਼ਾਨਦਾਰ ਪ੍ਰਬੰਧ ਕੀਤੇ ਗਏ। ਸਮਾਰੋਹ ਵਿਚ ਆਏ ਸਾਰੇ ਲੋਕਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।


