ਸਿਕੰਦਰ ਮਲੂਕਾ ਮੁੜ ਸਿਆਸਤ ’ਚ ਹੋਏ ਸਰਗਰਮ
By : Makhan shah
ਚੰਡੀਗੜ੍ਹ (ਚਰਨ ਕਮਲ ਸਿੰਘ ਮਾਨ) : ਸ਼੍ਰੋਮਣੀ ਅਕਾਲੀ ਦਲ ’ਚੋਂ ਬਰਖਾਸਤ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਕਈ ਮਹੀਨਿਆਂ ਦੀ ਚੁੱਪੀ ਤੋਂ ਬਾਅਦ ਮੁੜ ਸਿਆਸਤ ਵਿਚ ਸਰਗਰਮ ਹੋ ਗਏ ਹਨ। ਉਨ੍ਹਾਂ ਆਪਣੇ ਪੁਰਾਣੇ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਅੰਦਰ ਆਪਣੇ ਸਮਰਥਕਾਂ ਅਤੇ ਵਰਕਰਾਂ ਦੀਆਂ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਮਾਲਵੇ ਦੀ ਨਿਧੱੜਕ ਜਰਨੈਲ ਵਜੋਂ ਜਾਣੇ ਜਾਂਦੇ ਸਿਕੰਦਰ ਸਿੰਘ ਮਲੂਕਾ ਦੀਆਂ ਕੁਝ ਸਮਾਂ ਪਹਿਲਾਂ ਬਾਦਲ ਪਰਿਵਾਰ ਨਾਲ ਦੂਰੀਆਂ ਵੱਧ ਗਈਆਂ ਸਨ।
ਸ਼੍ਰੋਮਣੀ ਅਕਾਲੀ ਦਲ ਨੇ ਜੂਨ 2024 ਵਿਚ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਮੌੜ ਦੀ ਜ਼ਿੰਮੇਵਾਰੀ ਤੋਂ ਮੁਕਤ ਕਰਦਿਆਂ ਇੱਥੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋ ਨੂੰ ਇੰਚਾਰਜ ਲਗਾ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਨੇ ਹੋਰਨਾਂ ਅਕਾਲੀ ਆਗੂਆਂ ਦੇ ਨਾਲ-ਨਾਲ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ 30 ਜੁਲਾਈ ਨੂੰ ਪਾਰਟੀ ’ਚੋਂ ਬਰਖਾਸਤ ਕਰਨ ਦਾ ਐਲਾਨ ਕਰ ਦਿੱਤਾ ਸੀ। ਭਾਵੇਂ ਉਨ੍ਹਾਂ ਦੀ ਨੂੰਹ ਪਰਮਪਾਲ ਕੌਰ ਮਲੂਕਾ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ’ਤੇ ਚੋਣ ਲੜੀ ਗਈ ਸੀ।
ਸਿਕੰਦਰ ਸਿੰਘ ਮਲੂਕਾ ਨੇ ਉਨ੍ਹਾਂ ਦੇ ਹੱਕ ’ਚ ਚੋਣ ਪ੍ਰਚਾਰ ਰਾਹੀਂ ਕੀਤਾ ਅਤੇ ਨਾ ਹੀ ਉਹ ਫਰੀਦਕੋਟ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ’ਚ ਪ੍ਰਚਾਰ ਕਰਦੇ ਨਜ਼ਰ ਆਏ ਉਸ ਸਮੇਂ ਤੋਂ ਮਲੂਕਾ ਨੇ ਆਪਣੀਆਂ ਸਿਆਸੀ ਸਰਗਰਮੀਆਂ ਬਿਲਕੁਲ ਘਟਾ ਦਿੱਤੀਆਂ ਸਨ। ਉਹ ਭਾਵੇਂ ਲਗਾਤਾਰ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿਚ ਸਰੀਕ ਹੁੰਦੇ ਆ ਰਹੇ ਹਨ ਪਰ ਸਿਆਸੀ ਸਰਗਰਮੀਆਂ ਤੋਂ ਉਨ੍ਹਾਂ ਇੱਕ ਵਾਰ ਦੂਰੀ ਬਣਾ ਲਈ ਸੀ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਉਨ੍ਹਾਂ ਦੇ ਸਮਰਥਕਾਂ ਤੇ ਵਰਕਰਾਂ ਵੱਲੋਂ ਮਲੂਕਾ ਉੱਪਰ ਸਿਆਸੀ ਤੌਰ ’ਤੇ ਸਰਗਰਮ ਹੋਣ ਲਈ ਦਬਾਅ ਬਣਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।
ਜਿੱਥੇ ਉਹ ਕਈ ਕਈ ਪਿੰਡਾਂ ਦੇ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ, ਉਥੇ ਹੀ ਬੁੱਧਵਾਰ ਨੂੰ ਉਹ ਰਾਮਪੁਰਾ ਸ਼ਹਿਰ ਵਿਚ ਵਪਾਰੀ ਆਗੂਆਂ ਨੂੰ ਵੀ ਮਿਲੇ ਹਨ। ਮਲੂਕਾ ਵੱਲੋਂ ਰਾਜਨੀਤੀ ਤੋਂ ਪਾਸਾ ਵੱਟਣ ਦੇ ਸਵਾਲ ’ਤੇ ਉਨ੍ਹਾਂ ਆਪਣੇ ਸੁਭਾਅ ਅਨੁਸਾਰ ਸਪੱਸ਼ਟ ਕਿਹਾ ਕਿ ਲੱਗਦਾ ਸੀ ਕਿ ਰਾਜਨੀਤੀ ਤੇਜ਼ ਹੋ ਗਈ ਹੈ, ਇਸ ਲਈ ਇਹ ਆਪਣੇ ਵੱਸ ਦੀ ਗੱਲ ਨਹੀਂ ਪਰ ਹੁਣ ਕੁਝ ਦੋਸਤਾਂ ਮਿੱਤਰਾਂ ਅਤੇ ਸਮਰਥਕਾਂ ਵੱਲੋਂ ਜ਼ੋਰ ਪਾਉਣ ਤੋਂ ਬਾਅਦ ਉਹ ਮੁੜ ਸਰਗਰਮ ਹੋਏ ਹਨ।
ਭਾਜਪਾ ਨਾਲ ਗਠਜੋੜ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਅੱਜ ਵੀ ਇਕੱਠੇ ਹੀ ਹਨ, ਦੇਰ ਸਵੇਰ ਉਨ੍ਹਾਂ ਨੂੰ ਇਕੱਠੇ ਹੋਣਾ ਹੀ ਪੈਣਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਦੇ ਲੋਕਾਂ ਦੀ ਮੰਗ ਹੈ ਕਿ ਅਕਾਲੀ ਅਤੇ ਭਾਜਪਾ ਇਕੱਠੇ ਹੋਣ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਪਾਰਟੀ ਪ੍ਰਧਾਨ ਨੂੰ ਉਨ੍ਹਾਂ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਨ ਦੀ ਸਲਾਹ ਦਿੱਤੀ ਸੀ ਪਰ ਉਨ੍ਹਾਂ ਦੀ ਸਲਾਹ ਨਹੀਂ ਮੰਨੀ ਗਈ, ਜਿਸ ਕਾਰਨ ਅਕਾਲੀ ਦਲ ਦਾ ਨੁਕਸਾਨ ਹੋਇਆ ਹੈ। ਇਕ ਸਵਾਲ ਦੇ ਜਵਾਬ ਵਿਚ ਮਲੂਕਾ ਨੇ ਕਿਹਾ ਕਿ ਉਹ ਪਿਛਲੇ 48 ਸਾਲ ਤੋਂ ਅਕਾਲੀ ਦਲ ਵਿਚ ਕੰਮ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਕਿੱਥੇ ਜਾਣਾ ਹੈ ਉਹ ਅਕਾਲੀ ਦਲ ’ਚ ਹੀ ਰਹਿਣਗੇ ਪਰ ਨਾਲ ਹੀ ਕਿਹਾ ਕਿ ਬੱਚਿਆਂ ਦੀ ਆਪਣੀ ਮਰਜ਼ੀ ਹੈ ਉਨ੍ਹਾਂ ਕੀ ਕਰਨਾ ਹੈ।
ਦੱਸ ਦਈਏ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਅਮਨ ਕਾਨੂੰਨ ਦੀ ਬੇਹੱਦ ਮਾੜੀ ਸਥਿਤੀ ਤੋਂ ਚਿੰਤਤ ਹੁੰਦਿਆਂ ਮਲੂਕਾ ਨੇ ਕਿਹਾ ਕਿ ਕੋਈ ਵੀ ਵਪਾਰੀ ਪੰਜਾਬ ਅੰਦਰ ਨਿਵੇਸ਼ ਕਰਨ ਲਈ ਤਿਆਰ ਨਹੀਂ ਹੈ। ਚਾਰੇ ਪਾਸੇ ਲੁੱਟ-ਖੋਹ ਤੇ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਹੋਇਆ ਹੈ। ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਸਰਕਾਰ ਬਣਾਏ ਜਾਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕ ਪੰਜਾਬ ਨਾਲੋਂ ਸਿਆਣੇ ਹਨ, ਉਹ ਕੇਂਦਰ ਵਿੱਚ ਦੇਖ ਕੇ ਹੀ ਸੂਬਾ ਸਰਕਾਰ ਦਾ ਗਠਨ ਕਰਦੇ ਹਨ, ਜਿਸ ਕਾਰਨ ਉਨ੍ਹਾਂ ਹਰਿਆਣਾ ਵਿਚ ਭਾਜਪਾ ਨੂੰ ਬਹੁਮਤ ਦਿੱਤਾ ਹੈ। ਇਸ ਲਈ ਹੀ ਹਰਿਆਣਾ ਹਰ ਖੇਤਰ ਵਿਚ ਪੰਜਾਬ ਨਾਲੋਂ ਅੱਗੇ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਵੀ ਪੰਜਾਬ ਦੇ ਲੋਕਾਂ ਨੂੰ ਸੂਝਬੂਝ ਤੋਂ ਕੰਮ ਲੈ ਕੇ ਵੋਟਾਂ ਪਾਉਣੀਆਂ ਪੈਣਗੀਆਂ ਨਹੀਂ ਫਿਰ ਪਿਛਲੀ ਗਲਤੀ ਵਾਂਗ ਪਛਤਾਉਣ ਤੋਂ ਸਿਵਾਏ ਉਨ੍ਹਾਂ ਕੋਲ ਕੁਝ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤਾਂ ਨੂੰ ਠੀਕ ਕਰਨ ਲਈ 2027 ਵਿਚ ਬਣਨ ਵਾਲੀ ਸਰਕਾਰ ਨੂੰ ਸਖ਼ਤ ਫ਼ੈਸਲੇ ਲੈਣੇ ਪੈਣਗੇ।