ਰਾਜੋਆਣਾ ਦੀ ਮੰਗ ’ਤੇ ਮੁੜ ਵਿਚਾਰ ਕਰੇਗੀ ਐਸਜੀਪੀਸੀ
ਹਰਿਮੰਦਰ ਸਾਹਿਬ ਕੰਪਲੈਕਸ ਦੇ ਸਿੱਖ ਅਜਾਇਬ ਘਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਤਸਵੀਰ ਲਗਾਉਣ ਦੇ ਫੈਸਲੇ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਫੈਸਲੇ ਦਾ ਵਿਰੋਧ ਕਰਦਿਆਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਜੋ ਕਿ ਪਟਿਆਲਾ ਜੇਲ੍ਹ ਵਿੱਚ ਬੰਦ ਹਨ,

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਸਿੱਖ ਅਜਾਇਬ ਘਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਤਸਵੀਰ ਲਗਾਉਣ ਦੇ ਫੈਸਲੇ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਫੈਸਲੇ ਦਾ ਵਿਰੋਧ ਕਰਦਿਆਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਜੋ ਕਿ ਪਟਿਆਲਾ ਜੇਲ੍ਹ ਵਿੱਚ ਬੰਦ ਹਨ, ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਪੱਤਰ ਲਿਖ ਕੇ ਇਤਰਾਜ਼ ਪ੍ਰਗਟਾਇਆ ਹੈ।
ਰਾਜੋਆਣਾ ਨੇ ਪੱਤਰ ਵਿੱਚ ਲਿਖਿਆ ਹੈ ਕਿ ਆਪਣੇ ਕਾਰਜਕਾਲ ਦੌਰਾਨ ਡਾ: ਮਨਮੋਹਨ ਸਿੰਘ ਨੇ ਉਸ ਸਿਆਸੀ ਪਾਰਟੀ ਦੀ ਨੁਮਾਇੰਦਗੀ ਕੀਤੀ, ਜਿਸ ਨੂੰ ਉਨ੍ਹਾਂ ਨੇ ਸਿੱਖਾਂ 'ਤੇ ਹੋਏ ਅੱਤਿਆਚਾਰਾਂ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ, ਜਿਸ ਤੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ, 1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਜ਼ਿੰਮੇਵਾਰ ਹੈ। ਅਜਿਹੀ ਸਥਿਤੀ ਵਿੱਚ ਸਿੱਖਾਂ ਦੀ ਸ਼ਹਾਦਤ ਅਤੇ ਸਵੈਮਾਣ ਨੂੰ ਦਰਸਾਉਂਦੇ ਅਜਾਇਬ ਘਰ ਵਿੱਚ ਉਸ ਦੀ ਤਸਵੀਰ ਲਗਾਉਣਾ ਅਣਉਚਿਤ ਅਤੇ ਅਸਵੀਕਾਰਨਯੋਗ ਹੈ। ਰਾਜੋਆਣਾ ਨੇ ਕਿਹਾ- ਡਾ ਮਨਮੋਹਨ ਸਿੰਘ ਉਸ ਪਾਰਟੀ ਦੇ ਪ੍ਰਧਾਨ ਮੰਤਰੀ ਸਨ ਜੋ ਸਿੱਖ ਕਤਲੇਆਮ ਦੀ ਦੋਸ਼ੀ ਹੈ। ਉਸ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਗਾਉਣ ਦਾ ਕੋਈ ਵੀ ਤਰਕ ਨਹੀਂ ਹੈ।
ਹੁਣ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚਿੱਠੀ ਤੋਂ ਬਾਅਦ ਸ਼੍ਰੋਮਣੀ ਗੁਰੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਉਨ੍ਹਾਂ ਦੀ ਮੰਗ ’ਤੇ ਮੁੜ ਤੋਂ ਵਿਚਾਰ ਕੀਤਾ ਜਾਵੇਗਾ।
ਸਤਿਕਾਰ ਯੋਗ,
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸਰਦਾਰ ਹਰਜਿੰਦਰ ਸਿੰਘ ਧਾਮੀ ਜੀ
"ਵਾਹਿਗੁਰੂ ਜੀ ਕਾ ਖਾਲਸਾ"
"ਵਾਹਿਗੁਰੂ ਜੀ ਕੀ ਫਤਿਹ"
ਪ੍ਰਧਾਨ ਸਾਹਿਬ ਜੀ,
ਸਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ। ਪ੍ਰਧਾਨ ਸਾਹਿਬ ਜੀ 13 ਮਈ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਵਿੱਚ ਜੋ ਡਾਕਟਰ ਮਨਮੋਹਨ ਸਿੰਘ ਜੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਮੈਂ ਉਸਦਾ ਵਿਰੋਧ ਅਤੇ ਨਿੰਦਾ ਕਰਦਾ ਹਾਂ। ਸਿੱਖ ਅਜਾਇਬ ਘਰ ਦੀ ਸਥਾਪਨਾ ਇਸ ਕਰਕੇ ਕੀਤੀ ਗਈ ਹੈ। ਕਿ ਇੱਥੇ ਉਹਨਾਂ ਮਹਾਨ ਸ਼ਖਸ ਸ਼ਖਸ਼ੀਅਤਾਂ ਦੀਆਂ ਫੋਟੋਆਂ ਲੱਗਣ। ਜਿਨਾਂ ਨੇ ਖਾਲਸਾ ਪੰਥ ਲਈ ਸਿੱਖੀ ਸਿਧਾਂਤਾਂ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹੋਈਆਂ। ਜਿਨਾਂ ਨੇ ਸਮਾਜ ਦੇ ਹੋਰ ਖੇਤਰ ਵਿੱਚ ਵੀ ਵਿਚਰਦੇ ਹੋਏ ਖਾਲਸਾ ਪੰਥ ਦਾ ਮਾਣ ਵਧਾਇਆ ਹੋਵੇ ਅਤੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡੇ ਕੰਮ ਕੀਤੇ ਹੋਣ। ਜਿਨਾਂ ਦੇ ਜੀਵਣਾ ਤੋਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਕੋਈ ਪ੍ਰੇਰਨਾ ਮਿਲਦੀ ਹੋਵੇ। ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਕਿ ਡਾਕਟਰ ਮਨਮੋਹਨ ਸਿੰਘ ਦੇ ਜੀਵਨ ਤੋਂ ਸਾਨੂੰ ਕੀ ਪ੍ਰੇਰਨਾ ਮਿਲਦੀ ਹੈ। ਉਹਨਾਂ ਨੇ ਖਾਲਸਾ ਪੰਥ ਲਈ ਕੀ ਕੀਤਾ ਹੈ। ਡਾਕਟਰ ਮਨਮੋਹਨ ਸਿੰਘ ਉਸ ਕਾਂਗਰਸ ਦਾ ਕਠਪੁਤਲੀ ਪ੍ਰਧਾਨ ਮੰਤਰੀ ਸੀ। ਜਿਸ ਕਾਂਗਰਸ ਨੇ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ। ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਅਤੇ ਕਾਤਲਾਂ ਦੀ ਪੁਸ਼ਤਪੁਣਾ ਹੀ ਕੀਤੀ। ਡਾਕਟਰ ਮਨਮੋਹਨ ਸਿੰਘ ਨੇ ਆਪਣਾ ਸਾਰਾ ਜੀਵਨ ਸਿੱਖ ਕੌਮ ਤੇ ਜੁਲਮ ਕਰਨ ਵਾਲੇ ਗਾਂਧੀ ਪਰਿਵਾਰ ਅਤੇ ਕਾਂਗਰਸ ਦਾ ਜੀ ਹਜੂਰੀ ਬਣ ਕੇ ਬਤੀਤ ਕੀਤਾ। ਸਿੱਖਾਂ ਦੇ ਕਾਤਲਾਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਵਰਗੇ ਕਾਤਲਾਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ। ਕੀ ਅਸੀਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਹ ਪ੍ਰੇਰਨਾ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਵੀ ਤੁਹਾਡੇ ਤੇ ਜੁਲਮ ਕਰੇ ਤੁਸੀਂ ਉਸਦੇ ਜੀ ਹਜੂਰੀਏ ਬਣ ਕੇ ਜ਼ਿੰਦਗੀ ਬਤੀਤ ਕਰਨੀ ਹੈ। ਜਦੋਂ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਜੁਲਮ ਦੇ ਖਿਲਾਫ ਲੜਦੇ ਹੋਏ ਆਪਣੇ ਸਰਬੰਸ ਕੁਰਬਾਨ ਕਰ ਦਿੱਤੇ।
ਕਿੰਨੀ ਅਜੀਬ ਗੱਲ ਹੋਵੇਗੀ ਸਿੱਖ ਅਜਾਇਬ ਘਰ ਵਿੱਚ ਸਿੱਖ ਕੌਮ ਤੇ ਜ਼ੁਲਮ ਕਰਨ ਵਾਲਿਆਂ ਦੇ ਨਾਲ ਖੜਨ ਵਾਲਿਆਂ ਦੀ ਅਤੇ ਉਸੇ ਜ਼ੁਲਮ ਅਤੇ ਜਬਰ ਦੇ ਖਿਲਾਫ ਜੂਝਦੇ ਹੋਏ ਸ਼ਹੀਦ ਹੋਣ ਵਾਲੇ ਸਾਡੇ ਸ਼ਹੀਦਾਂ ਦੀਆਂ ਤਸਵੀਰਾਂ ਇਕੱਠੀਆਂ ਹੀ ਲੱਗੀਆਂ ਹੋਣਗੀਆਂ। ਮੇਰੀ ਆਪ ਜੀ ਨੇ ਇਹ ਬੇਨਤੀ ਹੈ ਕਿ ਇਸ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇ। ਜੇਕਰ ਪ੍ਰਧਾਨ ਮੰਤਰੀ ਬਣਨਾ ਹੀ ਪ੍ਰਾਪਤੀ ਹੈ ਤਾਂ ਫਿਰ ਆਉਣ ਵਾਲੇ ਦਿਨਾਂ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਾਤਲ ਮੁੱਖ ਮੰਤਰੀ ਬੇਅੰਤ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚੋਂ ਲਗਾਉਣ ਦੀ ਮੰਗ ਹੋਵੇਗੀ। ਇਸ ਲਈ ਸਿੱਖ ਅਜਾਇਬ ਘਰ ਵਿੱਚ ਕਿਸੇ ਵੀ ਕਾਂਗਰਸੀ ਆਗੂ ਦੀ ਤਸਵੀਰ ਨਾ ਲਗਾਈ ਜਾਵੇ। ਇਸ ਮਾਮਲੇ ਤੇ ਦਾਗੀ ਅਤੇ ਬਾਗੀਆਂ ਦੀ ਅਤੇ ਦਾਗੀ ਅਤੇ ਬਾਗੀਆਂ ਦੇ ਖਿਤਾਬ ਦੇਣ ਵਾਲੇ ਅਖੌਤੀ ਅਕਾਲੀ ਫੂਲਾ ਸਿੰਘ ਦੇ ਵਾਰਸਾਂ ਦਾ ਖਾਮੋਸ਼ ਰਹਿਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ।ਮੇਰੀ ਆਪ ਜੀ ਨੂੰ ਫਿਰ ਇਹ ਬੇਨਤੀ ਹੈ ਕਿ ਸਿੱਖ ਅਜਾਇਬ ਘਰ ਵਿੱਚ ਸਿਰਫ ਉਹਨਾਂ ਸਿੱਖ ਸ਼ਖਸ਼ੀਅਤਾਂ ਦੀਆਂ ਤਸਵੀਰਾਂ ਹੀ ਲਗਾਈਆਂ ਜਾਣ ਜਿਨਾਂ ਦੇ ਜੀਵਨਾ ਤੋਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਕੋਈ ਪ੍ਰੇਰਨਾ ਮਿਲਦੀ ਹੋਵੇ। ਲਾਹਨਤੀ ਜੀਵਨਾਂ ਨੂੰ ਸਿੱਖ ਅਜਾਇਬ ਘਰ ਤੋਂ ਦੂਰ ਹੀ ਰੱਖਿਆ ਜਾਵੇ। ਸਗੋਂ ਕਾਂਗਰਸ ਦੇ ਜ਼ੁਲਮਾਂ ਦੇ ਖਿਲਾਫ ਸ਼ਹੀਦ ਹੋਏ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਉਹਨਾਂ ਦੇ ਉਜੜੇ ਹੋਏ ਘਰਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ।
ਖਾਲਸਾ ਪੰਥ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ।
ਬਲਵੰਤ ਸਿੰਘ ਰਾਜੋਆਣਾ
ਕੇਂਦਰੀ ਜੇਲ ਪਟਿਆਲਾ
ਪੰਜਾਬ
ਮਿਤੀ = 14-05-2025