ਦੇਖੋ, ਜ਼ਿਮਨੀ ਚੋਣ ’ਚ ਕਿਹੜੀ ਪਾਰਟੀ ਮਾਰੇਗੀ ਬਾਜ਼ੀ
ਪੰਜਾਬ ਵਿਚ ਚਾਰ ਸੀਟਾਂ ਗਿੱਦੜਬਾਹਾ, ਚੱਬੇਵਾਲ, ਬਰਨਾਲਾ ਅਤੇ ਡੇਰਾ ਬਾਬਾ ਨਾਨਕ ’ਤੇ 20 ਨਵੰਬਰ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਐ, ਜਿਨ੍ਹਾਂ ’ਤੇ ਜਿੱਤ ਹਾਸਲ ਕਰਨ ਲਈ ਸਾਰੀਆਂ ਪਾਰਟੀਆਂ ਨੇ ਪੂਰੀ ਤਾਕਤ ਝੋਕੀ ਹੋਈ ਐ। ਕਿਸੇ ਪਾਰਟੀ ਲਈ ਜਿੱਤ ਹਾਸਲ ਕਰਨਾ ਇੰਨਾ ਸੌਖਾ ਨਹੀਂ ਹੋਵੇਗਾ, ਚਾਰੇ ਸੀਟਾਂ ’ਤੇ ਮੁਕਾਬਲਾ ਕਾਫ਼ੀ ਜ਼ਬਰਦਸਤ ਦਿਖਾਈ ਦੇ ਰਿਹਾ ਏ।
By : Makhan shah
ਚੰਡੀਗੜ੍ਹ : ਪੰਜਾਬ ਵਿਚ ਚਾਰ ਸੀਟਾਂ ਗਿੱਦੜਬਾਹਾ, ਚੱਬੇਵਾਲ, ਬਰਨਾਲਾ ਅਤੇ ਡੇਰਾ ਬਾਬਾ ਨਾਨਕ ’ਤੇ 20 ਨਵੰਬਰ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਐ, ਜਿਨ੍ਹਾਂ ’ਤੇ ਜਿੱਤ ਹਾਸਲ ਕਰਨ ਲਈ ਸਾਰੀਆਂ ਪਾਰਟੀਆਂ ਨੇ ਪੂਰੀ ਤਾਕਤ ਝੋਕੀ ਹੋਈ ਐ। ਕਿਸੇ ਪਾਰਟੀ ਲਈ ਜਿੱਤ ਹਾਸਲ ਕਰਨਾ ਇੰਨਾ ਸੌਖਾ ਨਹੀਂ ਹੋਵੇਗਾ, ਚਾਰੇ ਸੀਟਾਂ ’ਤੇ ਮੁਕਾਬਲਾ ਕਾਫ਼ੀ ਜ਼ਬਰਦਸਤ ਦਿਖਾਈ ਦੇ ਰਿਹਾ ਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੀ ਕਹਿ ਰਹੀ ਐ ਚਾਰੇ ਸੀਟਾਂ ਦੀ ਸਿਆਸੀ ਹਵਾ ਅਤੇ ਕਿਹੜੀ ਪਾਰਟੀ ਦੇ ਝੋਲੀ ਪੈ ਸਕਦੀ ਐ ਕਿਹੜੀ ਸੀਟ?
ਪੰਜਾਬ ਵਿਚ 20 ਨਵੰਬਰ ਨੂੰ ਚਾਰ ਸੀਟਾਂ ’ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਨੂੰ ਲੈ ਕੇ ਗਿੱਦੜਬਾਹਾ, ਚੱਬੇਵਾਲ, ਬਰਨਾਲਾ ਅਤੇ ਡੇਰਾ ਬਾਬਾ ਨਾਨਕ ਵਿਚ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ ਆਪਣੀ ਜਿੱਤ ਦੇ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਏ। ਭਾਵੇਂ ਕਿ ਇਸ ਵਾਰ ਇਨ੍ਹਾਂ ਚੋਣਾਂ ਵਿਚ ਪੰਜਾਬ ਦੀ ਪ੍ਰਮੁੱਖ ਅਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਨਹੀਂ ਹੋਇਆ ਪਰ ਉਸ ਦੀ ਬਜਾਏ ਭਾਜਪਾ ਇਨ੍ਹਾਂ ਚੋਣਾਂ ਵਿਚ ਕਾਫ਼ੀ ਸਰਗਰਮ ਦਿਖਾਈ ਦੇ ਰਹੀ ਐ।
ਗਿੱਦੜਬਾਹਾ ਸੀਟ ਦੀ ਗੱਲ ਕਰੀਏ ਤਾਂ ਇੱਥੋਂ ਆਮ ਆਦਮੀ ਪਾਰਟੀ ਵੱਲੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਏ ਜੋ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਪ ਵਿਚ ਸ਼ਾਮਲ ਹੋਏ ਨੇ। ਇਸ ਸੀਟ ’ਤੇ ਆਪ ਉਮੀਦਵਾਰ ਨੂੰ ਜਿਤਾਉਣ ਲਈ ਖ਼ਾਸ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਏ ਕਿਉਂਕਿ ਸੀਐਮ ਮਾਨ ਇਕ ਤੀਰ ਨਾਲ ਕਈ ਨਿਸ਼ਾਨੇ ਲਾਉਣਾ ਚਾਹੁੰਦੇ ਨੇ,, ਇਕ ਕਾਂਗਰਸ ਦਾ ਰਾਜਾ ਵੜਿੰਗ, ਦੂਜਾ ਭਾਜਪਾ ਦਾ ਮਨਪ੍ਰੀਤ ਬਾਦਲ ਅਤੇ ਤੀਜਾ ਅਕਾਲੀ ਦਲ ਤਾਂ ਡਿੰਪੀ ਢਿੱਲੋਂ ਦੇ ਆਪ ਵਿਚ ਸ਼ਾਮਲ ਹੋਣ ਨਾਲ ਕਾਫ਼ੀ ਹੱਦ ਤੱਕ ਖ਼ਤਮ ਹੋ ਚੁੱਕਿਆ ਏ।
ਸੀਐਮ ਮਾਨ ਵੱਲੋਂ ਜਿੱਥੇ ਗਿੱਦੜਬਾਹਾ ਵਾਸੀਆਂ ਨੂੰ ਡਬਲ ਵਿਕਾਸ ਦਾ ਭਰੋਸਾ ਦਿਵਾਇਆ ਜਾ ਰਿਹਾ ਏ, ਉਥੇ ਹੀ ਡਿੰਪੀ ਢਿੱਲੋਂ ਦੀ ਜਿੱਤ ਹੋਣ ’ਤੇ ਉਨ੍ਹਾਂ ਨੂੰ ਮੰਤਰੀ ਬਣਾਉਣ ਦੇ ਸੰਕੇਤ ਵੀ ਦਿੱਤੇ ਗਏ ਨੇ। ਸੀਐਮ ਮਾਨ ਦੇ ਪ੍ਰਚਾਰ ਨਾਲ ਡਿੰਪੀ ਢਿੱਲੋਂ ਦੀ ਚੋਣ ਮੁਹਿੰਮ ਦੁੱਗਣੀ ਰਫ਼ਤਾਰ ਮਿਲ ਗਈ ਐ ਅਤੇ ਲੋਕਾਂ ਵੱਲੋਂ ਵੀ ਉਸ ਨੂੰ ਚੰਗਾ ਹੁੰਗਾਰਾ ਮਿਲਦਾ ਦਿਖਾਈ ਦੇ ਰਿਹਾ ਏ।
ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਚੋਣ ਮੈਦਾਨ ਵਿਚ ਨਿੱਤਰੇ ਹੋਏ ਨੇ, ਜਿਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪਤੀ ਰਾਜਾ ਵੜਿੰਗ ਦੇ ਨਾਲ-ਨਾਲ ਕਾਂਗਰਸ ਪਾਰਟੀ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਏ। ਪਾਰਟੀ ਦਾ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਰਾਜਾ ਵੜਿੰਗ ਲਈ ਇਹ ਚੋਣ ਜਿੱਤਣੀ ਮੁੱਛ ਦਾ ਸਵਾਲ ਬਣੀ ਹੋਈ ਐ।
ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਵਿਚ ਸ਼ਾਮਲ ਨਹੀਂ, ਉਸ ਵੱਲੋਂ ਆਪਣਾ ਕੋਈ ਉਮੀਦਵਾਰ ਨਹੀਂ ਖੜ੍ਹਾ ਕੀਤਾ ਗਿਆ। ਉਂਝ ਦੇਖਿਆ ਜਾਵੇ ਤਾਂ ਅਕਾਲੀ ਦਲ ਉਮੀਦਵਾਰ ਖੜ੍ਹਾ ਵੀ ਕਿਸ ਨੂੰ ਕਰਦਾ,,, ਕਿਉਂਕਿ ਸੁਖਬੀਰ ਬਾਦਲ ਦਾ ਖ਼ਾਸਮ ਖ਼ਾਸ ਡਿੰਪੀ ਢਿੱਲੋਂ ਤਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਨੇ, ਜੋ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਦਾ ਆ ਰਹੇ ਸੀ।
ਇਸੇ ਤਰ੍ਹਾਂ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਗਿੱਦੜਬਾਹਾ ਤੋਂ ਉਮੀਦਵਾਰ ਬਣਾਇਆ ਗਿਆ ਏ। ਉਂਝ ਕਾਫ਼ੀ ਸਮਾਂ ਪਹਿਲਾਂ ਭਾਵੇਂ ਇਹ ਹਲਕਾ ਮਨਪ੍ਰੀਤ ਬਾਦਲ ਦਾ ਰਿਹਾ ਏ ਪਰ ਪਿਛਲੇ ਤਿੰਨ ਵਾਰ ਤੋਂ ਇੱਥੇ ਰਾਜਾ ਵੜਿੰਗ ਵਿਧਾਇਕ ਬਣ ਚੁੱਕੇ ਨੇ ਅਤੇ ਹੁਣ ਸਾਂਸਦ ਬਣਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਤਨੀ ਨੂੰ ਖੜ੍ਹਾ ਕਰ ਦਿੱਤਾ ਏ। ਮਨਪ੍ਰੀਤ ਸਿੰਘ ਬਾਦਲ ਨੂੰ ਵੀ ਇਸ ਸੀਟ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਪਰ ਸਮਾਂ ਹੁਣ ਪਹਿਲਾਂ ਵਾਲਾ ਨਹੀਂ ਰਿਹਾ, ਕਾਫ਼ੀ ਕੁੱਝ ਬਦਲ ਚੁੱਕਿਆ ਏ। ਆਪਣੀ ਜਿੱਤ ਦੇ ਲਈ ਮਨਪ੍ਰੀਤ ਬਾਦਲ ਵੱਲੋਂ ਕਾਫ਼ੀ ਹੱਥ ਪੈਰ ਮਾਰੇ ਜਾ ਰਹੇ ਨੇ।
ਚਰਚਾ ਤਾਂ ਇਹ ਵੀ ਚੱਲ ਰਹੀ ਐ ਕਿ ਮਨਪ੍ਰੀਤ ਬਾਦਲ ਅਕਾਲੀ ਦਲ ਦੀਆਂ ਵੋਟਾਂ ਲਈ ਹੀ ਅਮਿਤ ਸ਼ਾਹ ਨੂੰ ਮਿਲਣ ਪੁੱਜੇ ਸੀ ਤਾਂ ਜੋ ਉਨ੍ਹਾਂ ਤੋਂ ਫ਼ੋਨ ਕਰਵਾ ਕੇ ਦਬਾਅ ਬਣਾਇਆ ਜਾ ਸਕੇ, ਜਦਕਿ ਤਸਵੀਰ ਵਿਚ ਉਨ੍ਹਾਂ ਨੇ ਇਸ ਮਿਲਣੀ ਨੂੰ ਗਿੱਦੜਬਾਹਾ ਦੇ ਵਿਕਾਸ ਕਾਰਜਾਂ ਲਈ ਹੋਈ ਮੁਲਾਕਾਤ ਦੱਸਿਆ ਸੀ। ਹੁਣ ਅਕਾਲੀ ਦਲ ਵੱਲੋਂ ਡਿੰਪੀ ਢਿੱਲੋਂ ਦੇ ਖ਼ਿਲਾਫ਼ ਲਗਾਏ ਜਾ ਰਹੇ ਪੋਸਟਰਾਂ ਤੋਂ ਇੰਝ ਜਾਪਦਾ ਏ ਕਿ ਜਿਵੇਂ ਅਸਿੱਧੇ ਤੌਰ ’ਤੇ ਮਨਪ੍ਰੀਤ ਬਾਦਲ ਦੀ ਸੁਪੋਰਟ ਕੀਤੀ ਜਾ ਰਹੀ ਹੋਵੇ।
ਗਿੱਦੜਬਾਹਾ ਤੋਂ ਇਕ ਹੋਰ ਉਮੀਦਵਾਰ ਸੁਖਰਾਜ ਸਿੰਘ ਨਿਆਮੀ ਵੀ ਚੋਣ ਮੈਦਾਨ ਵਿਚ ਨਿੱਤਰੇ ਹੋਏ ਨੇ ਜੋ ਬਹਿਬਲ ਕਲਾਂ ਗੋਲੀ ਕਾਂਡ ਦੌਰਾਨ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਨੇ ਅਤੇ ਕਾਫ਼ੀ ਸਮੇਂ ਤੋਂ ਇਨਸਾਫ਼ ਲੈਣ ਲਈ ਬਹਿਬਲ ਕਲਾਂ ਇਨਸਾਫ਼ ਮੋਰਚੇ ਵਿਚ ਡਟੇ ਹੋਏ ਸੀ। ਪੰਥਕ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਸੁਖਰਾਜ ਸਿੰਘ ਨਿਆਮੀ ਵਾਲਾ ਵੀ ਚੰਗੀਆਂ ਵੋਟਾਂ ਹਾਸਲ ਕਰ ਸਕਦੇ ਨੇ। ਇਸ ਤੋਂ ਪਹਿਲਾਂ ਮਰਹੂਮ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਸੀ, ਜਿਸ ਨਾਲ ਇਹ ਮੁਕਾਬਲਾ ਹੋਰ ਵੀ ਜ਼ਿਆਦਾ ਰੌਚਕ ਅਤੇ ਜ਼ਬਰਦਸਤ ਹੋ ਜਾਣਾ ਸੀ।
ਇਸੇ ਤਰ੍ਹਾਂ ਚੱਬੇਵਾਲ ਸੀਟ ’ਤੇ ਵੀ ਸਾਰੇ ਉਮੀਦਵਾਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਿਆ ਜਾ ਰਿਹਾ ਏ। ਇਸ ਸੀਟ ਤੋਂ ਆਮ ਆਦਮੀ ਪਾਰਟੀ ਵੱਲੋਂ ਆਪਣੇ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਦੇ ਸਪੁੱਤਰ ਇਸ਼ਾਂਕ ਚੱਬੇਵਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਏ, ਜਿਨ੍ਹਾਂ ਦੇ ਸਮਰਥਨ ਵਿਚ ਪਾਰਟੀ ਵੱਲੋਂ ਧੂੰਆਂਧਾਰ ਪ੍ਰਚਾਰ ਕੀਤਾ ਜਾ ਰਿਹਾ ਏ।
ਦਰਅਸਲ ਪਹਿਲਾਂ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਪਾਰਟੀ ਵਿਚ ਰਹਿੰਦਿਆਂ ਇਸ ਸੀਟ ਤੋਂ ਵਿਧਾਇਕ ਸਨ ਜੋ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸੀ, ਉਸ ਤੋਂ ਬਾਅਦ ਉਹ ਹੁਸ਼ਿਆਰਪੁਰ ਤੋਂ ਸਾਂਸਦ ਚੁਣੇ ਗਏ। ਇਸ ਤੋਂ ਜ਼ਾਹਿਰ ਹੁੰਦਾ ਏ ਕਿ ਇਸ ਸੀਟ ’ਤੇ ਡਾ. ਚੱਬੇਵਾਲ ਦਾ ਕਾਫ਼ੀ ਪ੍ਰਭਾਵ ਐ, ਜਿਸ ਕਰਕੇ ਉਨ੍ਹਾਂ ਦੇ ਬੇਟੇ ਦੀ ਚੋਣ ਮੁਹਿੰਮ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਏ।
ਉਧਰ ਕਾਂਗਰਸ ਪਾਰਟੀ ਵੱਲੋਂ ਇਸ ਸੀਟ ਤੋਂ ਰਣਜੀਤ ਕੁਮਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਏ ਜੋ ਬਹੁਜਨ ਸਮਾਜ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਸੀ। ਦਰਅਸਲ ਕਾਂਗਰਸ ਵੱਲੋਂ ਦੋਵੇਂ ਪਾਰਟੀਆਂ ਦੇ ਵੋਟ ਨੂੰ ਕੈਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਕਿਉਂਕਿ ਪਿਛਲੀਆਂ ਚੋਣਾਂ ਵਿਚ ਰਣਜੀਤ ਕੁਮਾਰ ਬਸਪਾ ਦੇ ਉਮੀਦਵਾਰ ਸਨ ਅਤੇ ਉਨ੍ਹਾਂ ਨੂੰ ਕਾਫ਼ੀ ਵੋਟਾਂ ਹਾਸਲ ਹੋਈਆਂ ਸੀ। ਇਲਾਕੇ ਵਿਚ ਉਨ੍ਹਾਂ ਦਾ ਚੰਗਾ ਪ੍ਰਭਾਵ ਐ ਅਤੇ ਹੁਣ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਦੀ ਜਿੱਤ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਏ। ਉਂਝ ਸੀਟ ਭਾਵੇਂ ਇਹ ਕਾਂਗਰਸ ਦੀ ਹੀ ਸੀ ਪਰ ਇਸ ਵਾਰ ਇਹ ਸੀਟ ਕਿਸ ਦੇ ਖਾਤੇ ਜਾਵੇਗੀ, ਇਹ ਤਾਂ ਚੋਣ ਨਤੀਜੇ ਤੋਂ ਬਾਅਦ ਹੀ ਪਤਾ ਚੱਲੇਗਾ।
ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਨੇ ਚੱਬੇਵਾਲ ਹਲਕੇ ਤੋਂ ਸਾਬਕਾ ਅਕਾਲੀ ਮੰਤਰੀ ਸੋਹਣ ਸਿੰਘ ਠੰਡਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਏ ਜੋ ਕੁੱਝ ਸਮਾਂ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਵਿਚ ਸ਼ਾਮਲ ਹੋਏ ਅਤੇ ਦੂਜੇ ਦਿਨ ਉਨ੍ਹਾਂ ਨੂੰ ਭਾਜਪਾ ਨੇ ਟਿਕਟ ਦੇ ਦਿੱਤੀ। ਦਰਅਸਲ ਭਾਜਪਾ ਨੇ ਜ਼ਿਆਦਾਤਰ ਹਲਕਿਆਂ ਵਿਚ ਉਨ੍ਹਾਂ ਉਮੀਦਵਾਰਾਂ ਨੂੰ ਹੀ ਚੋਣ ਮੈਦਾਨ ਵਿਚ ਉਤਾਰਿਆ ਏ ਜੋ ਪਹਿਲਾਂ ਜਾਂ ਤਾਂ ਅਕਾਲੀ ਦਲ ਨਾਲ ਜੁੜੇ ਹੋਏ ਸੀ, ਜਾਂ ਫਿਰ ਕਾਂਗਰਸ ਪਾਰਟੀ ਦੇ ਨਾਲ।
ਹੁਣ ਗੱਲ ਕਰਦੇ ਆਂ ਬਰਨਾਲਾ ਸੀਟ ਦੀ,,,, ਜੋ ਗਿੱਦੜਬਾਹਾ ਤੋਂ ਬਾਅਦ ਦੂਜੇ ਨੰਬਰ ’ਤੇ ਹੌਟ ਸੀਟ ਬਣੀ ਹੋਈ ਐ। ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਤੋਂ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਹਰਿੰਦਰ ਸਿੰਘ ਧਾਲੀਵਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਏ, ਜਦਕਿ ਕਾਂਗਰਸ ਪਾਰਟੀ ਨੇ ਆਪਣੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਟਿਕਟ ਦਿੱਤੀ ਐ। ਇਸੇ ਤਰ੍ਹਾਂ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ ਏ। ਇਨ੍ਹਾਂ ਸਾਰਿਆਂ ਦੇ ਵਿਚਾਲੇ ਇਕ ਉਮੀਦਵਾਰ ਹੋਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ, ਉਹ ਐ ਗੁਰਦੀਪ ਸਿੰਘ ਬਾਠ, ਜਿਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਆਜ਼ਾਦ ਚੋਣ ਲੜੀ ਜਾ ਰਹੀ ਐ।
ਬਰਨਾਲਾ ਸੀਟ ’ਤੇ ਆਮ ਆਦਮੀ ਪਾਰਟੀ ਦਾ ਪੂਰਾ ਦਬਦਬਾ ਰਿਹਾ ਏ ਕਿਉਂਕਿ ਮੀਤ ਹੇਅਰ ਇੱਥੋਂ ਲਗਾਤਾਰ ਤਿੰਨ ਵਾਰ ਵਿਧਾਇਕ ਬਣ ਚੁੱਕੇ ਨੇ ਅਤੇ ਹੁਣ ਸੰਗਰੂਰ ਤੋਂ ਸਾਂਸਦ ਚੁਣੇ ਗਏ ਨੇ। ਆਮ ਆਦਮੀ ਪਾਰਟੀ ਵੱਲੋਂ ਹਰਿੰਦਰ ਸਿੰਘ ਧਾਲੀਵਾਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਏ ਪਰ ਗੁਰਦੀਪ ਸਿੰਘ ਬਾਠ ਦੇ ਜਾਣ ਨਾਲ ਪਾਰਟੀ ਦੇ ਵੋਟ ਬੈਂਕ ਨੂੰ ਥੋੜ੍ਹਾ ਬਹੁਤ ਨੁਕਸਾਨ ਜ਼ਰੂਰ ਝੱਲਣਾ ਪਵੇਗਾ।
ਕਾਂਗਰਸ ਪਾਰਟੀ ਦੇ ਉਮੀਦਵਾਰ ਕਾਲਾ ਢਿੱਲੋਂ ਵੀ ਕਾਫ਼ੀ ਉਤਸ਼ਾਹਿਤ ਦਿਖਾਈ ਦੇ ਰਹੇ ਨੇ ਕਿਉਂਕਿ ਉਨ੍ਹਾਂ ਦਾ ਮੰਨਣਾ ਏ ਕਿ ਆਮ ਆਦਮੀ ਪਾਰਟੀ ਵਿਚ ਪਈ ਫੁੱਟ ਦਾ ਫ਼ਾਇਦਾ ਉਨ੍ਹਾਂ ਨੂੰ ਮਿਲੇਗਾ। ਇਸੇ ਤਰ੍ਹਾਂ ਮਾਨ ਦਲ ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਵੀ ਚੋਣ ਮੈਦਾਨ ਵਿਚ ਨਿੱਤਰੇ ਹੋਏ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਨੇ, ਉਨ੍ਹਾਂ ਵੱਲੋਂ ਵੀ ਆਪਣੀ ਜਿੱਤ ਦਾ ਦਾਅਵਾ ਜਤਾਇਆ ਜਾ ਰਿਹਾ ਏ। ਹਾਲਾਂਕਿ ਜਿੱਤ ਕਿਸ ਉਮੀਦਵਾਰ ਦੀ ਹੋਵੇਗੀ, ਇਹ ਤਾਂ ਚੋਣ ਨਤੀਜੇ ਤੋਂ ਬਾਅਦ ਹੀ ਪਤਾ ਚੱਲੇਗਾ।
ਹੁਣ ਗੱਲ ਕਰਦੇ ਆਂ ਡੇਰਾ ਬਾਬਾ ਨਾਨਕ ਸੀਟ ਦੀ,,, ਇਸ ਸੀਟ ’ਤੇ ਵੀ ਇਸ ਵਾਰ ਮੁਕਾਬਲਾ ਕਾਫ਼ੀ ਰੌਚਕ ਹੁੰਦਾ ਦਿਖਾਈ ਦੇ ਰਿਹਾ ਏ। ਕਾਂਗਰਸ ਪਾਰਟੀ ਨੇ ਇਸ ਸੀਟ ਤੋਂ ਸਾਬਕਾ ਡਿਪਟੀ ਸੀਐਮ ਅਤੇ ਗੁਰਦਾਸਪੁਰ ਤੋਂ ਮੌਜੂਦਾ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ ਉਮੀਦਵਾਰ ਬਣਾਇਆ ਹੋਇਆ ਏ, ਜਦਕਿ ਆਮ ਆਦਮੀ ਪਾਰਟੀ ਵੱਲੋਂ ਗੁਰਦੀਪ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਵਿਚ ਨਿੱਤਰੇ ਹੋਏ ਨੇ। ਭਾਜਪਾ ਵੱਲੋਂ ਰਵੀਕਰਨ ਸਿੰਘ ਕਾਹਲੋਂ ਨੂੰ ਟਿਕਟ ਦਿੱਤੀ ਗਈ ਐ।
ਡੇਰਾ ਬਾਬਾ ਨਾਨਕ ਸੀਟ ’ਤੇ ਕਾਫ਼ੀ ਸਮੇਂ ਤੋਂ ਕਾਂਗਰਸ ਪਾਰਟੀ ਦਾ ਕਬਜ਼ਾ ਰਿਹਾ ਏ, ਜਿੱਥੋਂ ਸੁਖਜਿੰਦਰ ਸਿੰਘ ਰੰਧਾਵਾ ਕਈ ਵਾਰ ਵਿਧਾਇਕ ਰਹਿ ਚੁੱਕੇ ਨੇ, ਉਨ੍ਹਾਂ ਦੇ ਗੁਰਦਾਸਪੁਰ ਤੋਂ ਸਾਂਸਦ ਚੁਣੇ ਜਾਣ ਮਗਰੋਂ ਹੀ ਇਹ ਸੀਟ ਖਾਲੀ ਹੋਈ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰ ਵਾਰ ਸੁਖਜਿੰਦਰ ਰੰਧਾਵਾ ਇਸ ਸੀਟ ਤੋਂ ਚੰਗੀਆਂ ਵੋਟਾਂ ਦੇ ਨਾਲ ਜਿੱਤਦੇ ਰਹੇ ਨੇ ਪਰ ਪਿਛਲੀ ਵਾਰ ਉਨ੍ਹਾਂ ਦੀ ਜਿੱਤ ਦਾ ਮਾਰਜ਼ਨ ਕਾਫ਼ੀ ਘੱਟ ਰਿਹਾ ਸੀ, ਉਹ 52555 ਵੋਟਾਂ ਲੈਕੇ ਅਕਾਲੀ ਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਤੋਂ ਮਹਿਜ਼ 466 ਵੋਟਾਂ ਦੇ ਫ਼ਰਕ ਨਾਲ ਹੀ ਚੋਣ ਜਿੱਤੇ ਸੀ,, ਪਰ ਇਸ ਵਾਰ ਰਵੀਕਰਨ ਕਾਹਲੋਂ ਭਾਜਪਾ ਵੱਲੋਂ ਚੋਣ ਲੜ ਰਹੇ ਨੇ, ਯਾਨੀ ਕਿ ਜਿੱਥੇ ਉਹ ਅਕਾਲੀ ਦਲ ਦੀਆਂ ਵੋਟਾਂ ਖਿੱਚਣਗੇ, ਉਥੇ ਹੀ ਇਸ ਵਾਰ ਉਨ੍ਹਾਂ ਨੂੰ ਭਾਜਪਾ ਦੀ ਵੋਟ ਵੀ ਪਵੇਗੀ।
ਸਥਿਤੀ ਪਹਿਲਾਂ ਨਾਲੋਂ ਕਾਫ਼ੀ ਵੱਖਰੀ ਐ ਜੋ ਕਾਂਗਰਸ ਲਈ ਚੁਣੌਤੀਆਂ ਪੈਦਾ ਕਰ ਸਕਦੀ ਐ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਵੀ ਕਿਸੇ ਪੱਖੋਂ ਪਿੱਛੇ ਨਹੀਂ ਕਿਉਂਕਿ ਪਿਛਲੀ ਵਾਰ ਵੀ ਉਨ੍ਹਾਂ ਨੂੰ 31740 ਵੋਟਾਂ ਮਿਲੀਆਂ ਸੀ। ਖ਼ੁਦ ਸੀਐਮ ਮਾਨ ਵੱਲੋਂ ਵਾਰ ਵਾਰ ਜਾ ਕੇ ਗੁਰਦੀਪ ਰੰਧਾਵਾ ਦੇ ਸਮਰਥਨ ਵਿਚ ਪ੍ਰਚਾਰ ਕੀਤਾ ਜਾ ਰਿਹਾ ਏ ਤਾਂ ਜੋ ਇਸ ਸੀਟ ’ਤੇ ਜਿੱਤ ਹਾਸਲ ਕੀਤੀ ਜਾ ਸਕੇ। ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਦੇ ਲਈ ਇਹ ਸੀਟ ਜਿੱਤਣੀ ਮੁੱਛ ਦਾ ਸਵਾਲ ਬਣੀ ਹੋਈ ਐ ਕਿਉਂਕਿ ਉਹ ਇੱਥੋਂ ਕਈ ਵਾਰ ਵਿਧਾਇਕ ਬਣ ਚੁੱਕੇ ਨੇ ਅਤੇ ਹੁਣ ਉਨ੍ਹਾਂ ਦੀ ਧਰਮ ਪਤਨੀ ਵੱਲੋਂ ਇਹ ਚੋਣ ਲੜੀ ਜਾ ਰਹੀ ਐ।
ਫਿਲਹਾਲ ਸਿਆਸੀ ਗਲਿਆਰਿਆਂ ਵਿਚ ਇਹੀ ਚਰਚਾ ਚੱਲ ਰਹੀ ਐ ਕਿ ਇਨ੍ਹਾਂ ਚਾਰ ਸੀਟਾਂ ਵਿਚੋਂ ਦੋ ਸੀਟਾਂ ਆਮ ਆਦਮੀ ਪਾਰਟੀ ਦੇ ਖਾਤੇ, ਇਕ ਕਾਂਗਰਸ ਅਤੇ ਇਕ ਸੀਟ ਭਾਜਪਾ ਦੇ ਖਾਤੇ ਵਿਚ ਜਾ ਸਕਦੀ ਐ ਪਰ ਅਸਲ ਫ਼ੈਸਲਾ ਕੀ ਹੋਵੇਗਾ, ਇਹ ਜਨਤਾ ਜਨਾਦਰਨ ਤੈਅ ਕਰੇਗੀ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ