ਰਾਵੀ ਦਰਿਆ ’ਚ ਪਾਣੀ ਵੱਧਣ ਨਾਲ ਚਿੰਤਾ ਦਾ ਮਾਹੌਲ : ਕੁਲਦੀਪ ਧਾਲੀਵਾਲ
ਅੰਮ੍ਰਿਤਸਰ 'ਚ ਤੜਕਸਾਰ ਲਗਤਾਰ ਹੋ ਰਹੀ ਬਾਰਿਸ਼ ਨੇ ਲੋਕਾਂ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ, ਉੱਥੇ ਹੀ ਦਰਿਆਵਾਂ ਵਿੱਚ ਪਾਣੀ ਦਾ ਸਤਰ ਲਗਾਤਾਰ ਵੱਧਦਾ ਜਾ ਰਿਹਾ। ਰਾਵੀ ਦਰਿਆ ਵਿੱਚ ਲਗਾਤਾਰ ਵੱਧ ਰਹੇ ਪਾਣੀ ਨੇ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

By : Makhan shah
ਅੰਮ੍ਰਿਤਸਰ : ਅੰਮ੍ਰਿਤਸਰ 'ਚ ਤੜਕਸਾਰ ਲਗਤਾਰ ਹੋ ਰਹੀ ਬਾਰਿਸ਼ ਨੇ ਲੋਕਾਂ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ, ਉੱਥੇ ਹੀ ਦਰਿਆਵਾਂ ਵਿੱਚ ਪਾਣੀ ਦਾ ਸਤਰ ਲਗਾਤਾਰ ਵੱਧਦਾ ਜਾ ਰਿਹਾ। ਰਾਵੀ ਦਰਿਆ ਵਿੱਚ ਲਗਾਤਾਰ ਵੱਧ ਰਹੇ ਪਾਣੀ ਨੇ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਇਸ ਮੌਕੇ ਸਾਬਕਾ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਹਲਕੇ ਦੇ ਵਿੱਚ ਰਾਵੀ ਦਰਿਆ ਦਾ ਦੌਰਾ ਕਰਨ ਦੇ ਲਈ ਪੁੱਜੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਕਮਲਾਪੁਰ ਨੇੜੇ ਸਥਿਤ ਬੀਐਸਐਫ ਦੀਆਂ ਚੌਂਕੀਆਂ ’ਤੇ ਖ਼ਤਰਾ ਮੰਡਰਾਉਣ ਲੱਗਾ ਹੈ। ਪਿਛਲੇ ਸਾਲ ਦਰਿਆ ਵਿੱਚ ਪਾਣੀ ਵੱਧਣ ਕਾਰਨ ਬੀਐਸਐਫ ਦੀਆਂ ਕਈ ਚੌਂਕੀਆਂ ਰੁੜ ਗਈਆਂ ਸਨ। ਇਸ ਵਾਰ ਵੀ ਪਾਣੀ ਦੀ ਪੱਧਰ ਰਾਤੋਂ-ਰਾਤ ਵਧ ਜਾਣ ਨਾਲ ਹਾਲਾਤ ਗੰਭੀਰ ਬਣਦੇ ਜਾ ਰਹੇ ਹਨ।
ਸਾਬਕਾ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪਾਣੀ ਇਸ ਵੇਲੇ ਬੀਐਸਐਫ ਦੀਆਂ ਚੌਂਕੀਆਂ ਦੇ ਬਿਲਕੁਲ ਨੇੜੇ ਪਹੁੰਚ ਗਿਆ ਹੈ। ਉਹਨਾਂ ਦੱਸਿਆ ਕਿ ਪਿਛਲੇ ਹਫ਼ਤੇ ਪਾਣੀ ਕਾਫੀ ਪਿੱਛੇ ਸੀ ਪਰ ਹੁਣ ਦਰਿਆ ਪੂਰੀ ਤਰ੍ਹਾਂ ਚੜ੍ਹਿਆ ਹੋਇਆ ਹੈ। "ਖ਼ਤਰਾ ਤਾਂ ਹੈ, ਪਰ ਦਹਿਸ਼ਤ ਦੀ ਗੱਲ ਨਹੀਂ ਕਹਿ ਸਕਦੇ। ਕੁਦਰਤ ਦੇ ਆਪਣੇ ਨਿਯਮ ਹੁੰਦੇ ਹਨ, ਜੋ ਕਦੇ-ਕਦੇ ਅਚਾਨਕ ਨੁਕਸਾਨ ਪਹੁੰਚਾ ਦਿੰਦੇ ਹਨ," ਧਾਲੀਵਾਲ ਨੇ ਕਿਹਾ।
ਉਨ੍ਹਾ ਨੇ ਕਿਹਾ ਕਿ ਇਸ ਵੇਲੇ ਰਾਵੀ ਵਿੱਚ ਲਗਭਗ 2 ਲੱਖ 35 ਹਜ਼ਾਰ ਕਿਊਸੈਕ ਪਾਣੀ ਛੱਡਿਆ ਗਿਆ ਹੈ। ਰਣਜੀਤ ਸਿੰਘ ਡੈਮ ਤੋਂ ਵੀ ਵਾਧੂ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਦਰਿਆ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਧਾਲੀਵਾਲ ਨੇ ਦੱਸਿਆ ਕਿ ਡੈਮ ਦਾ ਪਾਣੀ ਇੱਕ ਮੀਟਰ ਤੱਕ ਘਟਿਆ ਹੈ, ਪਰ ਹਾਲਾਤ ਅਜੇ ਵੀ ਚਿੰਤਾਜਨਕ ਹਨ। ਸਰਕਾਰ ਵੱਲੋਂ ਪ੍ਰਬੰਧਾਂ ਨੂੰ ਪੱਕਾ ਕੀਤਾ ਗਿਆ ਹੈ ਅਤੇ ਪ੍ਰਸ਼ਾਸਨ ਸਾਵਧਾਨੀ ਨਾਲ ਨਿਗਰਾਨੀ ਕਰ ਰਿਹਾ ਹੈ।
ਪਿਛਲੀ ਵਾਰ ਸਿੱਖਿਆ ਮਿਲਣ ਤੋਂ ਬਾਅਦ ਇਸ ਵਾਰ ਤਿਆਰੀ ਵਧੀਆ ਕੀਤੀ ਗਈ ਹੈ ਪਰ ਕੁਦਰਤੀ ਆਫ਼ਤਾਂ ਤੋਂ ਪੂਰੀ ਤਰ੍ਹਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਧਾਲੀਵਾਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਦਰਿਆ ਦੇ ਨੇੜੇ ਨਾ ਜਾਣ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ। "ਲੋਕਾਂ ਦੀ ਜ਼ਿੰਦਗੀ ਸਭ ਤੋਂ ਮਹੱਤਵਪੂਰਨ ਹੈ, ਇਸ ਲਈ ਸਾਵਧਾਨ ਰਹਿਣਾ ਹੀ ਸਭ ਤੋਂ ਵੱਡੀ ਸੁਰੱਖਿਆ ਹੈ ਪ੍ਰਸ਼ਾਸਨ ਵੱਲੋਂ ਵੀ ਚੇਤਾਵਨੀ ਜਾਰੀ ਕਰਕੇ ਇਲਾਕਾ ਵਾਸੀਆਂ ਨੂੰ ਸੁਰੱਖਿਆ ਜ਼ੋਨ ਵਿੱਚ ਰਹਿਣ ਲਈ ਕਿਹਾ ਗਿਆ ਹੈ। ਹਾਲਾਂਕਿ ਇਸ ਵੇਲੇ ਦਹਿਸ਼ਤ ਵਾਲੀ ਗੱਲ ਨਹੀਂ, ਪਰ ਦਰਿਆ ਦੇ ਚੜ੍ਹਾਅ ਨੇ ਲੋਕਾਂ ਦੀ ਧੜਕਣਾਂ ਤੇਜ਼ ਕਰ ਦਿੱਤੀਆਂ ਹਨ।


